ਅੰਮ੍ਰਿਤਸਰ- ਕਨੂੰਨ ਦੇ ਰੱਖਵਾਲੇ ਪੁਲਿਸ ਕਰਮਚਾਰੀ ਖੁਦ ਹੀ ਕਨੂੰਨ ਭੁਲ ਗਏ। ਪੁਲਿਸ ਦੁਆਰਾ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਜਾਂਦਾ ਹੈ ਕਿ ਜੇ ਕਿਸੇ ਨੂੰ ਗੁੰਮ ਹੋਈ ਚੀਜ਼ ਮਿਲੇ ਤਾਂ ਉਸ ਨੂੰ ਥਾਣੇ ਵਿੱਚ ਜਮ੍ਹਾਂ ਕਰਵਾਇਆ ਜਾਵੇ, ਪਰ ਪੁਲਿਸ ਵਾਲਿਆਂ ਨੇ ਆਪ ਇਸ ਤੇ ਅਮਲ ਨਹੀਂ ਕੀਤਾ। ਅੰਮ੍ਰਿਤਸਰ ਦੇ ਤਿੰਨ ਪੁਲਿਸ ਕਰਮਚਾਰੀਆਂ ਨੂੰ ਇੱਕ ਵਪਾਰੀ ਦਾ ਏਟੀਐਮ ਕਾਰਡ ਮਿਲਿਆ, ਉਨ੍ਹਾਂ ਨੇ ਕਾਰਡ ਨੂੰ ਪੁਲਿਸ ਸਟੇਸ਼ਨ ਵਿੱਚ ਜਮ੍ਹਾਂ ਕਰਵਾਉਣ ਜਾਂ ਉਸ ਦੇ ਮਾਲਿਕ ਨੂੰ ਸੌਂਪਣ ਦੀ ਜਗ੍ਹਾ ਖੁਦ ਹੀ ਖਰੀਦਾਰੀ ਕਰਨ ਲਗ ਪਏ। ਖਰੀਦਾਰੀ ਕਰਦੇ ਹੋਏ ਸਿ਼ਕੰਜੇ ਵਿੱਚ ਫਸ ਗਏ। ਇਸ ਸਮੇਂ ਉਹ ਜੇਲ੍ਹ ਵਿੱਚ ਬੰਦ ਹਨ।
ਕਾਰਡ ਮਾਲਿਕ ਦਾ ਕਹਿਣਾ ਹੈ ਕਿ ਉਸ ਨੇ ਇੰਡੀਅਨ ਓਵਰਸੀਜ਼ ਬੈਂਕ ਦੀ ਏਟੀਐਮ ਤੋਂ ਦਸ ਹਜ਼ਾਰ ਰੁਪੈ ਕਢਵਾਏ ਤਾਂ ਉਹ ਮਸ਼ੀਨ ਵਿਚੋਂ ਆਪਣਾ ਕਾਰਡ ਕਢਣਾ ਭੁਲ ਗਏ। ਅਜੇ ਉਹ ਰਸਤੇ ਵਿੱਚ ਹੀ ਸਨ ਕਿ ਇੱਕ ਮਿੰਟ ਬਾਅਦ ਮੋਬਾਇਲ ਤੇ ਮੈਸਿਜ਼ ਆਇਆ ਕਿ ਉਸ ਦੇ ਖਾਤੇ ਵਿਚੋਂ ਪੰਜ ਹਜ਼ਾਰ ਰੁਪੈ ਹੋਰ ਨਿਕਲ ਗਏ ਹਨ। ਜਦੋਂ ਉਹ ਵਾਪਿਸ ਕਾਰਡ ਲੈਣ ਗਏ ਤਾਂ ਅਰੋਪੀ ਕਾਰਡ ਲੈ ਕੇ ਜਾ ਚੁਕੇ ਸਨ। ਫਿਰ ਮੈਸਿਜ਼ ਆਇਆ ਕਿ ਉਨ੍ਹਾਂ ਦੇ ਕਾਰਡ ਤੋਂ 1500 ਰੁਪੈ ਦਾ ਪੈਟਰੌਲ ਪਵਾਇਆ ਗਿਆ ਹੈ। ਫਿਰ ਮੈਸਿਜ਼ ਆਇਆ ਕਿ ਰਿਤੂ ਵੇਅਰ ਤੋਂ ਉਨ੍ਹਾਂ ਦੇ ਕਾਰਡ ਨਾਲ 8332 ਰੁਪੈ ਦੀ ਸ਼ਾਪਿੰਗ ਕੀਤੀ ਗਈ ਹੈ। ਪੁਲਿਸ ਨੇ ਜਲਦ ਕਾਰਵਾਈ ਕਰਦੇ ਹੋਏ ਰਿਤੂ ਵੇਅਰ ਦੇ ਬਾਹਰ ਨਾਕਾ ਲਗਾ ਕੇ ਸ਼ਕ ਦੇ ਅਧਾਰ ਤੇ ਸ਼ਾਪਿੰਗ ਕਰਕੇ ਬਾਹਰ ਆਏ ਤਿੰਨ ਵਿਅਕਤੀਆਂ ਨੂੰ ਦਬੋਚ ਲਿਆ। ਪੁਛਗਿੱਛ ਕਰਨ ਤੇ ਉਨ੍ਹਾਂ ਨੇ ਸਚਾਈ ਬਿਆਨ ਕਰ ਦਿੱਤੀ। ਅਰੋਪੀਆਂ ਨੂੰ ਸਸਪੈਨਡ ਕਰ ਦਿੱਤਾ ਗਿਆ ਹੈ।