ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਇਕ ਵਿਸ਼ੇਸ਼ ਬੈਠਕ ਹੋਈ ਜਿਸ ਵਿਚ ਵਿਸ਼ੇਸ਼ ਸੱਦੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਮੁਖੀ ਅਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਇਸ ਬੈਠਕ ਵਿਚ ਮੁੱਖ ਰੂਪ ਵਿਚ 14 ਮਈ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਮਲਟੀ-ਸਟੋਰੀ ਕਾਰ ਪਾਰਕਿੰਗ ਦੇ ਨਿਰਮਾਣ ਅਤੇ ਆਲੇ-ਦੁਆਲੇ ਦੇ ਸੁੰਦਰੀਕਰਨ ਦੇ ਕਾਰਜ ਦੀ ਅਰੰਭਤਾ ਕਰਨ ਦੀ ਰਸਮ ਅਦਾ ਕਰਨ ਆ ਰਹੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਆਮਦ ਤੇ ਉਨ੍ਹਾਂ ਦੇ ਸੁਆਗਤ ਲਈ ਉਲੀਕੇ ਜਾਣ ਵਾਲੇ ਪ੍ਰੋਗਰਾਮ ਦੀ ਰੂਪ-ਰੇਖਾ ਬਣਾਉਣ, ਖਾਲਸਾ ਕਾਲਜ ਅੰਮ੍ਰਿਤਸਰ ਵਰਗੀ ਕੌਮੀ ਧਰੋਹਰ ਨੂੰ ਯੂਨੀਵਰਸਿਟੀ ਬਣਉਣ ਦੇ ਬਹਾਨੇ ਖਤਮ ਕਰਕੇ ਇਕ ਪਰਿਵਾਰ ਦੀ ਗ੍ਰਿਫਤ ਵਿੱਚ ਲਿਆਉਣ ਦੀ ਪੰਜਾਬ ਸਰਕਾਰ ਦੀ ਨੀਤੀ ਨੂੰ ਉਜਾਗਰ ਕਰਨ ਅਤੇ ਸਿੱਖ ਜਗਤ ਦੇ ਹੋ ਰਹੇ ਭਾਰੀ ਵਿਰੋਧ, ਨਾਨਕਸ਼ਾਹੀ ਕੈਲੰਡਰ ਕਾਰਣ ਪੈਦਾ ਹੋਏ ਵਿਵਾਦ ਅਤੇ ਮੁਹਾਲੀ ਵਿਖੇ ਅਕਾਲੀ ਰਾਜ ਵਿੱਚ ਪੰਜਾਬ ਪੁਲਿਸ ਵਲੋਂ ਇਕ ਸਿੱਖ ਦੀ ਬੇਰਹਿਮੀ ਨਾਲ ਪੱਗ ਉਤਾਰੇ ਜਾਣ ਦੇ ਦੁੱਖਦਾਈ ਮੁੱਦੇ ਸਬੰਧੀ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।
14 ਮਈ ਨੂੰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਆਮਦ ਤੇ ਬਣਾਏ ਜਾਣ ਵਾਲੇ ਪ੍ਰੋਗਾਰਮ ਦੀ ਰੂਪ-ਰੇਖਾ ਨੂੰ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਧਿਕਾਰੀਆਂ ਨਾਲ ਗੱਲ ਕਰਕੇ ਅੰਤਿਮ ਰੂਪ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਬੈਠਕ ਵਿਚ ਇਹ ਸਪਸ਼ਟ ਕੀਤਾ ਗਿਆ ਕਿ ਸੁਰੱਖਿਆ ਕਾਰਣਾਂ ਕਰਕੇ ਮੰਚ ਤੇ ਕੇਵਲ ਕੁਝ ਚੋਣਵੇਂ ਮੁਖੀਆਂ ਦੇ ਹੀ ਬੈਠਣ ਦਾ ਪ੍ਰਬੰਧ ਹੋਵੇਗਾ। ਇਸ ਕਰਕੇ ਮੰਚ ਤੇ ਹੋਰ ਕੋਈ ਚੜ੍ਹਨ ਜਾਂ ਬੈਠਣ ਦੀ ਜ਼ਿੱਦ ਨਾ ਕਰੇ। ਵਿਦੇਸ਼ਾਂ ਤੋਂ ਵੀ ਕੁਝ ਪਤਵੰਤੇ ਨਾਮਵਰ ਸਿੱਖਾਂ ਨੂੰ ਸੱਦਾ ਦੇਣ ਦਾ ਫੈਸਲਾ ਕੀਤਾ ਗਿਆ ਅਤੇ ਹਾਜ਼ਰੀ ਪੱਖੋਂ ਇਸ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਦੀਆਂ ਵਿਸ਼ੇਸ਼ ਡਿਊਟੀਆਂ ਲਾਈਆਂ ਗਈਆਂ। ਉਨ੍ਹਾਂ ਨੂੰ ਆਪੋ-ਆਪਣੇ ਇਲਾਕੇ ਵਿਚੋਂ ਵੱਧ ਤੋਂ ਵੱਧ ਸਿੱਖਾਂ ਨੂੰ ਆਉਣ ਲਈ ਪ੍ਰੇਰਨ ਵਾਸਤੇ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰਨ ਦੀ ਸਲਾਹ ਦਿੱਤੀ ਗਈ।
ਇਹ ਫੈਸਲਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਮਾਗਮ ਵਿਚ ਠਹਿਰਨ ਦਾ ਸਮਾਂ ਨਿਸ਼ਚਿਤ ਹੋਣ ਕਾਰਣ, ਸਮੇਂ ਦੀ ਪਾਬੰਦੀ ਦਾ ਵਿਸ਼ੇਸ਼ ਰੂਪ ਵਿਚ ਧਿਆਨ ਰੱਖਿਆ ਜਾਏ।
ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਨੇ ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਨੇ ਹਨ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਪੁੱਜਣ ਤੋਂ ਪਹਿਲਾਂ ਅਤੇ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਸਮਾਂ ਦਿੱਤਾ ਜਾਏਗਾ। ਪ੍ਰਧਾਨ ਮੰਤਰੀ ਦੀ ਆਮਦ ਤੇ ਸੁਆਗਤ ਦੀ ਰਸਮ ਤੋਂ ਬਾਅਦ ਪ੍ਰਧਾਨ ਸਾਹਿਬ ਵਲੋਂ ਪ੍ਰਧਾਨ ਮੰਤਰੀ ਨੂੰ ਦੇਸ਼ ਅਤੇ ਵਿਦੇਸ਼ ਵਿਚਲੀਆਂ ਸਿੱਖ ਸਮੱਸਿਆਵਾਂ ਬਾਰੇ ਸੰਖੇਪ ਰੂਪ ਵਿਚ ਜਾਣਕਾਰੀ ਦਿੱਤੀ ਜਾਏਗੀ।
ਮੁਹਾਲੀ ਵਿਖੇ ਸਿੱਖ ਦੀ ਪੱਗੜੀ ਲਾਹੇ ਜਾਣ ਦਾ ਵਿਰੋਧ
ਬੈਠਕ ਵਿਚ ਮੁਹਾਲੀ ਵਿਖੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਵਲੋਂ ਇਕ ਸਿੱਖ ਦੀ ਪੱਗੜੀ ਲਾਹੇ ਜਾਣ ਦੀ ਵਾਪਰੀ ਘਟਨਾ ਪੁਰ ਤਿੱਖਾ ਰੋਸ ਪ੍ਰਗਟ ਕੀਤਾ ਗਿਆ। ਸ. ਸਰਨਾ ਨੇ ਕਿਹਾ ਕਿ ਜੇ ਪੰਜਾਬ ਦੀ ਪੰਥਕ ਅਖਵਾਉਣ ਵਾਲੀ ਅਕਾਲੀ ਸਰਕਾਰ ਦੀ ਪੁਲਿਸ ਹੀ ਸਿੱਖਾਂ ਦੀਆਂ ਪੱਗੜੀਆਂ ਉਤਾਰ ਕੇ, ਉਨ੍ਹਾਂ ਨੂੰ ਅਪਮਾਨਤ ਕਰੇਗੀ ਤਾਂ ਅਸੀਂ ਕਿਸ ਮੂੰਹ ਨਾਲ ਦੂਜੇ ਦੇਸ਼ਾਂ ਵਿਚ ਸਿੱਖਾਂ ਦੀਆਂ ਪੱਗੜੀਆਂ ਉਤਾਰਨ ਦੀਆਂ ਆਏ ਦਿਨ ਹੋ ਰਹੀਆਂ ਘਟਨਾਵਾਂ ਅਤੇ ਉਨ੍ਹਾਂ ਦੀਆਂ ਪੱਗੜੀਆਂ ਉਤਰਵਾ, ਤਲਾਸ਼ੀਆਂ ਲਏ ਜਾਣ ਦੇ ਬਣਾਏ ਗਏ ਅਤੇ ਭਵਿਖ ਵਿੱਚ ਬਣਾਏ ਜਾਣ ਵਾਲੇ ਕਾਨੂੰਨਾਂ ਦਾ ਵਿਰੋਧ ਕਰ ਸਕਾਂਗੇ ਅਤੇ ਕਿਵੇਂ ਭਾਰਤ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਦੇ ਸਾਮ੍ਹਣੇ ਦ੍ਰਿੜਤਾ ਨਾਲ ਅਜਿਹੇ ਮਾਮਲਿਆਂ ਦੀ ਪੈਰਵੀ ਕਰ ਸਕਾਂਗੇ।
ਸ. ਸਰਨਾ ਦੇ ਸੁਝਾਅ ਤੇ ਸਰਬ-ਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਇਸ ਮੰਦਭਾਗੀ ਘਟਨਾ ਪੁਰ ਪਸ਼ਚਾਤਾਪ ਕਰਨ ਲਈ, ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਜੋ ਪੰਜਾਬ ਦੇ ਉਪ-ਮੁੱਖ ਮੰਤਰੀ ਹਨ, ਆਪਣੀ ਸਰਕਾਰ ਦੇ ਦੂਸਰੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋ ਕੇ ਆਪਣੀ ਸਰਕਾਰ ਦੇ ਗੁਨਾਹ ਨੂੰ ਸਵੀਕਾਰ ਕਰਕੇ ਭੁੱਲ ਬਖਸ਼ਾਉਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਉਨ੍ਹਾਂ ਦੀ ਭੁੱਲ ਬਖਸ਼ੇ ਜਾਣ ਅਤੇ ਉਨ੍ਹਾਂ ਨੂੰ ਸਿੱਖਾਂ ਦੀ ਇੱਜ਼ਤ (ਪੱਗੜੀ) ਦੀ ਰੱਖਿਆ ਕਰਨ ਦੀ ਸੋਚ ਪ੍ਰਦਾਨ ਕਰਨ ਦੀ ਅਰਦਾਸ ਕਰਨ।
ਖਾਲਸਾ ਕਾਲਜ ਨੂੰ ਖਤਮ ਕਰਨ ਦੇ ਕੀਤੇ ਜਾ ਰਹੇ ਯਤਨਾਂ ਦਾ ਵਿਰੋਧ
ਇਸ ਵਿਸ਼ੇਸ਼ ਬੈਠਕ ਵਿਚ ਸਰਬ-ਸੰਮਤੀ ਨਾਲ ਸ੍ਰੀ ਅੰਮ੍ਰਿਤਸਰ ਸਥਿਤ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਏ ਜਾਣ ਦੀ ਪੰਜਾਬ ਸਰਕਾਰ ਦੀ ਨੀਤੀ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਗਿਆ ਕਿ ਖਾਲਸਾ ਕਾਲਜ ਸਿੱਖ-ਪੰਥ ਦੀ ਇਕ ਇਤਿਹਾਸਕ ਅਮਾਨਤ ਹੈ। ਇਸ ਕਾਲਜ, ਇਸਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਿੱਖ ਇਤਿਹਾਸ ਵਿਚ ਵੱਡਮੁੱਲੀ ਦੇਣ ਰਹੀ ਹੈ ਅਤੇ ਇਸ ਕਾਲਜ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਸ ਕਾਰਣ ਸਮੁੱਚਾ ਸਿੱਖ-ਪੰਥ ਕਦੀ ਵੀ ਇਸਦੀ ਹੋਂਦ ਨੂੰ ਖਤਮ ਕਰ ਦੇਣ ਦੇ ਕਿਸੇ ਵੀ ਯਤਨ ਨੂੰ ਪ੍ਰਵਾਨ ਨਹੀਂ ਕਰੇਗਾ।
ਸ. ਸਰਨਾ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਕੋਈ ਨਵੀਂ ਯੂਨੀਵਰਸਿਟੀ ਬਣਾਉਣਾ ਚਾਹੁੰਦੀ ਹੈ, ਤਾਂ ਉਹ ਕਿਸੇ ਹੋਰ ਥਾਂ ਬਣਾ ਸਕਦੀ ਹੈ। ਉਨ੍ਹਾਂ ਕਿਹਾ ਜਾਪਦਾ ਹੈ ਕਿ ਖਾਲਸਾ ਕਾਲਜ ਦੇ ਨੇੜੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਣ ਦੇ ਬਾਵਜੂਦ ਇਸ (ਖ਼ਾਲਸਾ) ਕਾਲਜ ਨੂੰ ਯੂਨੀਵਰਸਿਟੀ ਬਣਾਉਣ ਦੀ ਕੋਸ਼ਿਸ਼ ਦੇ ਪਿਛੇ ਸਿੱਖਾਂ ਦੀ ਇਤਿਹਾਸਕ ਸੰਸਥਾ, ਖਾਲਸਾ ਕਾਲਜ ਨੂੰ ਖਤਮ ਕਰਨ ਦੀ ਕੋਈ ਸੋਚੀ ਸਮਝੀ ਸਾਜ਼ਸ਼ ਕੰਮ ਕਰ ਰਹੀ? ਜਿਸ ਬਾਰੇ ਸਮੁੱਚਾ ਪੰਥ ਬੜੀ ਚੰਗੀ ਤਰ੍ਹਾਂ ਜਾਣ ਚੁੱਕਿਆ ਹੈ।
ਇਸਤੋਂ ਉਪਰੰਤ ਸਰਬ-ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਦਿੱਲੀ ਦੇ ਸਿੱਖ ਖਾਲਸਾ ਕਾਲਜ ਅੰਮ੍ਰਿਤਸਰ ਦੀ ਹੋਂਦ ਨੂੰ ਕਿਸੇ ਬਹਾਨੇ ਵੀਲ ਖਤਮ ਕਰਨ ਦੀ ਪੰਜਾਬ ਸਰਕਾਰ ਜਾਂ ਕਿਸੇ ਹੋਰ ਵਿਰੋਧੀ-ਸ਼ਕਤੀ ਦੀ ਸਾਜ਼ਿਸ਼ ਨੂੰ ਸਿਰੇ ਨਹੀਂ ਚੜ੍ਹਨ ਦੇਣਗੇ।
ਨਾਨਕਸ਼ਾਹੀ ਕੈਲੰਡਰ
ਬੈਠਕ ਵਿਚ ਨਾਨਕਸ਼ਾਹੀ ਕੈਲੰਡਰ ਬਾਰੇ ਪੈਦਾ ਕੀਤੀ ਗਈ ਦੁਬਿਧਾ ਪੁਰ ਵਿਚਾਰ ਕਰਦਿਆਂ ਇਸਦੇ 2003 ਦੇ ਮੁੱਢਲੇ ਸਰੂਪ ਨੂੰ ਕਾਇਮ ਰੱਖਣ ਪ੍ਰਤੀ ਦ੍ਰਿੜ ਵਚਨਬੱਧਤਾ ਪ੍ਰਗਟ ਕੀਤੀ ਗਈ ਅਤੇ ਕਿਹਾ ਗਿਆ ਕਿ ਇਸ ਕੈਲੰਡਰ ਨੂੰ ਬਣਾਉਣ ਸਮੇਂ ਜੇ ਕੋਈ ਤਰੁੱਟੀ ਰਹਿ ਗਈ ਹੈ ਤਾਂ ਉਸਨੂੰ ਦੂਰ ਕਰਕੇ, ਜ਼ਰੂਰੀ ਸੋਧ ਕਰ ਲਈ ਜਾਵੇ, ਪਰ ਇਹ ਫੈਸਲਾ ਕੇਵਲ ਵਿਦਵਾਨਾਂ ਦੀ ਉਸੇ ਕਮੇਟੀ ਦੀ ਬੈਠਕ ਵਿਚ ਲਿਆ ਜਾਣਾ ਚਾਹੀਦਾ ਹੈ, ਜਿਸਨੇ ਮੂਲ ਕੈਲੰਡਰ ਨੂੰ ਅੰਤਿਮ ਰੂਪ ਦਿੱਤਾ ਸੀ।