ਨਵੀਂ ਦਿੱਲੀ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਚੀਨ ਅਤੇ ਕਜਾਕਿਸਤਾਨ ਦੀ ਪੰਜ ਦਿਨ ਦੀ ਯਾਤਰਾ ਲਈ ਕਲ੍ਹ ਰਵਾਨਾ ਹੋਏ ਸਨ। ਹੁਣ ਪ੍ਰਧਾਨਮੰਤਰੀ ਚੀਨ ਦੇ ਸ਼ਹਿਰ ਸਾਨਿਆ ਪਹੁੰਚ ਗਏ ਹਨ। ਡਾ: ਮਨਮੋਹਨ ਸਿੰਘ ਚੀਨ ਵਿੱਚ ਆਰਥਿਕ ਸ਼ਕਤੀ ਦੇ ਰੂਪ ਵਿੱਚ ਉਭਰ ਰਹੇ ਪੰਜ ਵਿਕਾਸਸ਼ੀਲ ਦੇਸ਼ਾਂ ਦੇ ਸਿਖਰ ਸੰਮੇਲਨ ਵਿੱਚ ਭਾਗ ਲੈਣ ਲਈ ਪਹੁੰਚੇ ਹਨ। ਇਨ੍ਹਾਂ ਦੇਸ਼ਾਂ ਵਿੱਚ ਚੀਨ, ਰੂਸ, ਭਾਰਤ,ਬਰਾਜ਼ੀਲ ਅਤੇ ਦਖਣੀ ਅਫਰੀਕਾ ਸ਼ਾਮਿਲ ਹਨ। ਡਾ: ਮਨਮੋਹਨ ਸਿੰਘ ਆਪਣੀ ਪੰਜ ਦਿਨ ਦੀ ਯਾਤਰਾ ਦੌਰਾਨ ਦੋ ਦਿਨ ਲਈ ਕਜ਼ਾਕਿਸਤਾਨ ਦੀ ਯਾਤਰਾ ਤੇ ਵੀ ਜਾਣਗੇ।
ਪ੍ਰਧਾਨਮੰਤਰੀ ਪਹਿਲੀ ਵਾਰ ਕਜ਼ਾਕਿਸਤਾਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਜ਼ਾਕਿਸਤਾਨ ਸਦਾ ਭਾਰਤ ਦਾ ਮਹੱਤਵਪੂਰਣ ਦੋਸਤ ਰਿਹਾ ਹੈ ਅਤੇ ਭਾਰਤ ਲਈ ਉਸਦਾ ਵਤੀਰਾ ਸਨਮਾਨਜਨਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਜ਼ਾਕਿਸਤਾਨ ਨਾਲ ਸਬੰਧ ਹੋਰ ਵੀ ਮਜਬੂਤ ਕੀਤੇ ਜਾਣਗੇ। ਪ੍ਰਧਾਨਮੰਤਰੀ ਚੀਨ ਦੇ ਰਾਸ਼ਟਰਪਤੀ ਹੂ ਜਿੰਤਾਓ ਨਾਲ ਵਪਾਰ, ਰਾਜਨੀਤਕ ਮਸਲੇ ਅਤੇ ਸੁਰੱਖਿਆ ਸਬੰਧੀ ਮੁੱਦਿਆ ਤੇ ਵੀ ਗੱਲਬਾਤ ਕਰਨਗੇ। ਬਰਿਕ ਸੰਮੇਲਨ ਵਿੱਚ ਸਾਰੇ ਦੇਸ਼ਾਂ ਦੇ ਨੇਤਾ ਅੰਤਰਰਾਸ਼ਟਰੀ ਸਥਿਤੀ, ਵਿੱਤੀ, ਵਿਕਾਸ ਅਤੇ ਸੁਰੱਖਿਆ ਦੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਵੇਗੀ। ਡਾ: ਮਨਮੋਹਨ ਸਿੰਘ ਤਿੰਨ ਦਿਨ ਤੱਕ ਚੀਨ ਦੇ ਸਾਨਿਆ ਸ਼ਹਿਰ ਵਿੱਚ ਰਹਿਣਗੇ ਅਤੇ ਫਿਰ ਵੀਰਵਾਰ ਨੂੰ ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ ਜਾਣਗੇ।