ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀ2ਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਪੰਜਾਬ ਦੇ ਕਿਸਾਨ ਭਰਾਵਾਂ ਲਈ ਸ਼ੁਭ ਕਾਮਨਾਵਾਂ ਭੇਂਟ ਕਰਦਿਆਂ ਭਵਿੱਖ ਦੀਆਂ ਚੁਣੌਤੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਵੇਲੇ ਭਾਰਤ ਸਿਰਫ ਛੇ ਮਿਲੀਅਨ ਟਨ ਕਣਕ ਪੈਦਾ ਕਰਦਾ ਸੀ ਜਦ ਕਿ 1999 ਵਿੱਚ ਇਹ ਉਪਜ 72 ਮਿਲੀਅਨ ਟਨ ਹੋਣ ਨਾਲ ਅਸੀਂ ਦੁਨੀਆਂ ਵਿੱਚ ਦੂਸਰੇ ਨੰਬਰ ਤੇ ਆ ਗਏ ਸੀ । ਪਰ ਪਿਛਲੇ ਪੰਜ ਦਹਾਕਿਆਂ ਵਿੱਚ ਅਨਾਜ ਦੇ ਉਪਜ ਕੁਲ ਮਿਲਾ ਕੇ ਤਿੰਨ ਗੁਣਾਂ ਵਧੀ ਹੈ ਜਿਸ ਲਈ ਦੇਸ਼ ਦੀਆਂ ਖੇਤੀ ਵਿਕਾਸ ਨੀਤੀਆਂ, ਵਿਗਿਆਨੀਆਂ ਦੀ ਮਿਹਨਤ ਅਤੇ ਕਿਸਾਨ ਭਰਾਵਾਂ ਦਾ ਉਤਸ਼ਾਹਜਨਕ ਹੁੰਗਾਰਾ ਹੈ। ਡਾ: ਕੰਗ ਨੇ ਆਖਿਆ ਕਿ ਅੱਜ ਭਾਰਤ ਦੀ ਅਬਾਦੀ ਸਾਲਾਨਾ 15 ਮਿਲੀਅਨ ਵਧ ਰਹੀ ਹੈ ਅਤੇ 2021 ਤੀਕ ਸਾਨੂੰ 276 ਮਿਲੀਅਨ ਟਨ ਅਨਾਜ ਦੀ ਲੋੜ ਪਵੇਗੀ ਜੋ 2050 ਤੀਕ ਵਧ ਕੇ 450 ਮਿਲੀਅਨ ਟਨ ਹੋ ਜਾਣੀ ਹੈ। ਉਨ੍ਹਾਂ ਆਖਿਆ ਕਿ ਇਸ ਦੇ ਮੁਕਾਬਲੇ ਸਾਡੀ ਹੁਣ ਤੀਕ ਦੀ ਸਭ ਤੋਂ ਵੱਡੀ ਛਾਲ 2007 ਵਿੱਚ 234 ਮਿਲੀਅਨ ਟਨ ਅਨਾਜ ਪੈਦਾ ਕਰਨਾ ਹੈ । ਕੁਦਰਤੀ ਆਫਤਾਂ ਅਤੇ ਸੋਕੇ ਕਾਰਨ 2009 ਵਿੱਚ ਸਾਡਾ ਅਨਾਜ ਉਤਪਾਦਨ 214 ਮਿਲੀਅਨ ਟਨ ਹੀ ਰਹਿ ਗਿਆ ਸੀ। ਉਨ੍ਹਾਂ ਆਖਿਆ ਕਿ ਉਹ ਘੜੀ ਦੂਰ ਨਹੀਂ ਜਦ ਭਾਰਤ ਫਿਰ ਵਿਦੇਸ਼ਾਂ ਵਿਚੋਂ ਅਨਾਜ ਮੰਗਵਾਉਣ ਵਾਲਾ ਦੇਸ਼ ਬਣ ਸਕਦਾ ਹੈ। ਇਸ ਲਈ ਸਾਨੂੰ ਆਪਣੇ ਦੇਸ਼ ਦੀ ਅਨਾਜ ਪੱਖੋਂ ਕਲਗੀ ਉੱਚੀ ਰੱਖਣ ਲਈ ਆਪਣੀਆਂ ਖੋਜ ਅਤੇ ਪਸਾਰ ਨੀਤੀਆਂ ਵਿੱਚ ਮਹੱਤਵਪੂਰਨ ਤਬਦੀਲੀਆਂ ਕਰਨੀਆਂ ਪੈਣਗੀਆਂ।
ਡਾ: ਕੰਗ ਨੇ ਆਖਿਆ ਕਿ ਭਾਰਤ ਦੀ ਖੁਸ਼ਕਿਸਮਤੀ ਇਹ ਹੈ ਕਿ ਇਥੇ 142 ਮਿਲੀਅਨ ਹੈਕਟੇਅਰ ਰਕਬਾ ਸੇਂਜੂ ਹੈ ਅਤੇ ਅਨਾਜ ਉਤਪਾਦਨ ਵਧਣ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਆਖਿਆ ਕਿ ਇਸ ਵੇਲੇ ਇਕ ਹੋਰ ਹਰੇ ਇਨਕਲਾਬ ਦੀ ਥਾਂ ਸਦਾਬਹਾਰ ਖੇਤੀ ਇਨਕਲਾਬ ਲੋੜੀਂਦਾ ਹੈ ਜਿਹੜਾ ਸਮੁੱਚੀ ਖੇਤੀ ਦੇ ਵਿਕਾਸ ਲਈ ਯੋਜਨਾਬੱਧ ਪਹੁੰਚ ਵਾਲਾ ਹੋਵੇ। ਵਰਤਮਾਨ ਜ਼ਮੀਨ, ਪਾਣੀ ਅਤੇ ਕਿਰਤੀ ਸੋਮਿਆਂ ਤੋਂ ਹੀ ਵਧੇਰੇ ਉਤਪਾਦਨ ਲੈਣ ਦਾ ਢੰਗ ਤਰੀਕਾ ਵਿਕਸਤ ਕੀਤਾ ਜਾਵੇ ਪਰ ਨਾਲ ਹੀ ਇਹ ਵੀ ਧਿਆਨ ਰੱਖਿਆ ਜਾਵੇ ਕਿ ਕਿਸੇ ਕਿਸਮ ਦਾ ਵਾਤਾਵਰਨ ਅਤੇ ਸਮਾਜਿਕ ਪੱਖੋਂ ਨੁਕਸਾਨ ਨਾ ਹੋਵੇ।
ਡਾ: ਕੰਗ ਨੇ ਆਖਿਆ ਕਿ ਬਾਰੀਕੀ ਦੀ ਖੇਤੀ ਤਕਨੀਕ ਸਾਨੂੰ ਇਸ ਪਾਸੇ ਚੰਗੇ ਨਤੀਜੇ ਦੇ ਸਕਦੀ ਹੈ। ਤਾਜ਼ਾ ਤਰੀਨ ਤਕਨਾਲੋਜੀ, ਸਥਾਨ ਅਧਾਰਿਤ ਤਕਨੀਕਾਂ ਅਤੇ ਖੇਤੀ ਸਾਧਨਾਂ ਦੀ ਸੁਯੋਗ ਵਰਤੋਂ ਨਾਲ ਅਸੀਂ ਉਤਪਾਦਨ ਵਧਾਉਣ ਦੇ ਰਾਹ ਤੁਰ ਸਕਦੇ ਹਾਂ। ਅਮਰੀਕਾ ਵਿੱਚ ਪਿਛਲੇ 20 ਸਾਲਾਂ ਤੋਂ ਇਹ ਤਕਨਾਲੋਜੀ ਅਪਣਾਈ ਗਈ ਹੈ ਜਿਸ ਨਾਲ ਅਨਾਜ ਦਾ ਉਤਪਾਦਨ ਵੀ ਵਧਿਆ ਹੈ, ਖਾਦਾਂ ਦੀ ਵਰਤੋਂ ਵੀ ਸੁਯੋਗ ਢੰਗ ਨਾਲ ਹੋਈ ਹੈ ਅਤੇ ਕਿਸਾਨ ਨੂੰ ਕਮਾਈ ਵੀ ਵਧੀ ਹੈ। ਇਸ ਦੇ ਨਾਲ ਹੀ ਵਾਤਾਵਰਨ ਅਤੇ ਕੁਦਰਤੀ ਤੱਤਾਂ ਦਾ ਵੀ ਜ਼ਮੀਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਭਵਿੱਖ ਦੀਆਂ ਅਨਾਜ ਲੋੜਾਂ ਪੂਰੀਆਂ ਕਰਨ ਲਈ ਭਾਰਤ ਨੂੰ ਵੀ ਇਹੋ ਜਿਹੇ ਸੰਦ, ਤਕਨੀਕਾਂ ਦੀ ਲੋੜ ਹੈ ਜਿਹੜੀਆਂ ਬਾਰੀਕੀ ਦੀ ਖੇਤੀ ਰਾਹੀਂ ਸਾਨੂੰ ਆਪਣਾ ਟੀਚਾ ਪੂਰਾ ਕਰਨ ਲਈ ਮਦਦਗਾਰ ਸਾਬਤ ਹੋਣ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿਛਲੇ ਮਹੀਨੇ ਹੀ ਭਾਰਤ ਅਤੇ ਅਮਰੀਕਾ ਦੇ ਵਿਗਿਆਨੀਆਂ ਨੇ ਕਲੋਰਾਡੋ ਸਟੇਟ ਯੂਨੀਵਰਸਿਟੀ ਨਾਲ ਭਾਈਵਾਲੀ ਕਰਕੇ ਇੰਡੋ ਯੂ ਐਸ ਵਿਗਿਆਨ ਅਤੇ ਤਕਨਾਲੋਜੀ ਫੋਰਮ ਦੀ ਸਹਾਇਤਾ ਨਾਲ ਬਾਰੀਕੀ ਦੀ ਖੇਤੀ ਬਾਰੇ ਵਰਕਸ਼ਾਪ ਕੀਤੀ ਹੈ। ਇਸ ਦਾ ਮਨੋਰਥ ਵੀ ਇਹੀ ਸੀ ਕਿ ਭਾਰਤ ਅਤੇ ਅਮਰੀਕਾ ਦੇ ਵਿਗਿਆਨੀ ਬੈਠ ਕੇ ਆਪੋ ਆਪਣੇ ਤਜਰਬੇ ਸਾਂਝੇ ਕਰਨ ਜਿਸ ਨਾਲ ਭੋਜਨ ਅਤੇ ਵਾਤਾਵਰਨ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕੀਤਾ ਜਾ ਸਕੇ। ਖੋਜ ਅਤੇ ਅਧਿਆਪਨ ਦੇ ਖੇਤਰ ਵਿੱਚ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਦਿਸੀਆਂ ਹਨ ਜਿਹੜੀਆਂ ਦੁਵੱਲੇ ਸਹਿਯੋਗ ਨਾਲ ਚੰਗੇ ਨਤੀਜੇ ਦੇਣਗੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਭਾਰਤ ਵਿੱਚ ਖੇਤੀਬਾੜੀ ਖੋਜ ਅਧਿਆਪਨ ਵਿੱਚ ਸਿਖ਼ਰ ਤੇ ਮੰਨੀ ਜਾਂਦੀ ਹੈ ਅਤੇ ਨਵੀਆਂ ਤਕਨੀਕਾਂ ਵਿਕਸਤ ਕਰਨ, ਵਿਦੇਸ਼ਾਂ ਵਿੱਚੋਂ ਲਿਆ ਕੇ ਅਪਣਾਉਣ ਵਿੱਚ ਵੀ ਮੁਹਾਰਤ ਰੱਖਦੀ ਹੈ ਅਤੇ ਭਵਿੱਖ ਵਿੱਚ ਬਾਰੀਕੀ ਦੀ ਖੇਤੀ, ਬਾਇਓ ਟੈਕਨਾਲੋਜੀ, ਨੈਨੋ ਟੈਕਨਾਲੋਜੀ ਅਤੇ ਸੂਚਨਾ ਟੈਕਨਾਲੋਜੀ ਦੀ ਵਰਤੋਂ ਨਾਲ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਦੇ ਸਮਰੱਥ ਹੈ। ਡਾ: ਕੰਗ ਨੇ ਆਖਿਆ ਕਿ ਸਾਨੂੰ ਇਸ ਗੱਲ ਦਾ ਪਰਪੱਕ ਵਿਸ਼ਵਾਸ਼ ਹੈ ਕਿ ਯੋਜਨਾਕਾਰਾਂ ਦੀ ਸਰਪ੍ਰਸਤੀ, ਕਿਸਾਨਾਂ ਦੀ ਮਿਹਨਤ ਅਤੇ ਵਿਗਿਆਨੀਆਂ ਦੀ ਸਿਰਤੋੜ ਵਿਸ਼ਵ ਵਿਗਿਆਨ ਅਧਾਰਿਤ ਖੋਜ ਯਕੀਨਨ ਸਾਨੂੰ ਦੇਸ਼ ਦੀ ਅਨਾਜ ਸੁਰੱਖਿਆ ਵਾਸਤੇ ਸਮਰੱਥ ਬਣਾਵੇਗੀ।
2021 ਤੀਕ ਦੇਸ਼ ਨੂੰ 276 ਮਿਲੀਅਨ ਟਨ ਅਨਾਜ ਲੋੜਾਂ ਪੂਰੀਆਂ ਕਰਨ ਲਈ ਖੋਜ ਪਸਾਰ ਨੀਤੀਆਂ ਵਿੱਚ ਇਨਕਲਾਬੀ ਤਬਦੀਲੀਆਂ ਜ਼ਰੂਰੀ-ਡਾ: ਕੰਗ
This entry was posted in ਖੇਤੀਬਾੜੀ.