ਇਸਲਾਮਾਬਾਦ- ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਸੱਭ ਤੋਂ ਵੱਡੀ ਸਮਸਿਆ ਅੱਤਵਾਦ ਹੈ। 2010 ਵਿੱਚ ਅਤਵਾਦ ਨਾਲ 2500 ਤੋਂ ਵੱਧ ਲੋਕ ਮਾਰੇ ਗਏ। ਆਤਮਘਾਤੀ ਹਮਲਿਆਂ ਵਿੱਚ 1100 ਤੋਂ ਜਿਆਦਾ ਲੋਕ ਮਾਰੇ ਗਏ ਹਨ।
ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁੱਖੀ ਡਾ: ਮਹਿੰਦੀ ਹਸਨ ਨੇ ਪਿੱਛਲੇ ਸਾਲ ਦੀ ਰਿਪੋਰਟ ਜਾਰੀ ਕਰਦੇ ਹੋਏ ਦਸਿਆ ਹੈ ਕਿ 2010 ਵਿੱਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਤਵਾਦੀ ਘਟਨਾਵਾਂ ਨਾਲ 2500 ਤੋਂ ਜਿਆਦਾ ਲੋਕ ਮਾਰੇ ਗਏ ਹਨ , ਜਿਸ ਵਿੱਚ 1100 ਤੋਂ ਜਿਆਦਾ ਲੋਕ ਆਤਮਘਾਤੀ ਹਮਲਿਆਂ ਵਿੱਚ ਮਾਰੇ ਗਏ ਹਨ। ਪਿੱਛਲੇ ਸਾਲ ਕਬਾਇਲੀ ਖੇਤਰ ਵਿੱਚ ਅਮਰੀਕੀ ਸੈਨਾ ਵਲੋਂ ਕੀਤੇ ਗਏ ਡਰੋਨ ਹਮਲਿਆਂ ਵਿੱਚ 900 ਤੋਂ ਵੱਧ ਲੋਕ ਮਾਰੇ ਗਏ ਹਨ। ਮਹਿੰਦੀ ਹਸਨ ਨੇ ਇਹ ਵੀ ਕਿਹਾ ਕਿ ਬਲੋਚਿਸਤਾਨ ਸੂਬੇ ਦੇ ਹਾਲਾਤ ਹੋਰ ਵੀ ਗੰਭੀਰ ਹੁੰਦੇ ਜਾ ਰਹੇ ਹਨ। ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ,ਜਿਸ ਕਰਕੇ ਸਥਿਤੀ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ। ਬਲੋਚਿਸਤਾਨ ਵਿੱਚ 117 ਘਟਨਾਵਾਂ ਵਿੱਚ 100 ਬਲੋਚਿਸਤਾਨੀ ਨਾਗਰਿਕ ਮਾਰੇ ਗਏ ਹਨ। ਹਿੰਸਕ ਘਟਨਾਵਾਂ ਵਿੱਚ ਅਹਿਮਦੀ ਕਮਿਊਨਿਟੀ ਦੇ 99 ਲੋਕ ਮਾਰੇ ਗਏ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਬਾਇਲੀ ਖੇਤਰ ਆਰਕਜਈ ਏਜੰਸੀ ਦੇ ਖਰਾਬ ਹਾਲਾਤ ਕਰਕੇ 200 ਸਿੱਖ ਪਰੀਵਾਰ ਇਲਾਕਾ ਛੱਡ ਕੇ ਚਲੇ ਗਏ ਹਨ ਅਤੇ 500 ਹਿੰਦੂ ਪਰੀਵਾਰ ਮੂਵ ਕਰਕੇ ਭਾਰਤ ਚਲੇ ਗਏ ਹਨ। ਪਿੱਛਲੇ ਸਾਲ 20 ਪੱਤਰਕਾਰ ਵੀ ਅਤਵਾਦੀ ਹਮਲਿਆਂ ਦੀ ਭੇਟ ਚੜ੍ਹੇ।
ਮਹਿਲਾਵਾਂ ਲਈ ਪਿੱਛਲਾ ਸਾਲ ਬਹੁਤ ਦੁਖਦਾਈ ਰਿਹਾ। ਰਿਪੋਰਟ ਅਨੁਸਾਰ ਦੇਸ਼ ਵਿੱਚ ਪਿੱਛਲੇ ਸਾਲ 700 ਤੋਂ ਜਿਆਦਾ ਔਰਤਾਂ ਇਜ਼ਤ ਦੇ ਨਾਂ ਤੇ ਬਲੀ ਦਾ ਬਕਰਾ ਬਣੀਆਂ ਅਤੇ 2900 ਤੋਂ ਜਿਆਦਾ ਔਰਤਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ।