ਡਾਕਟਰ ਪਰਮਜੀਤ ਸਿੰਘ ਅਜਰਾਵਤ ਵੱਲੋਂ ਸੰਗਤ ਨੂੰ ਵਧਾਈ
ਵਾਸ਼ਿੰਗਟਨ – ਇਸ ਇਲਾਕੇ ਦੀ ਸਾਧ ਸੰਗਤ ਨੇ ਇਕ ਇਤਿਹਾਸਕ ਘਟਨਾਕ੍ਰਮ ਵਿੱਚ ਸਥਾਨਕ ਗੁਰੂਘਰ ਦੇ ਪ੍ਰਬੰਧ ਉੱਤੇ ਕਾਬਜ਼ ਪੰਥ ਵਿਰੋਧੀ ਸ਼ਕਤੀਆਂ ਦੀ ਜੁੰਡਲੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਬਹੁਤ ਲੰਬੇ ਸਮੇਂ ਤੋਂ ਸਿੱਖ ਪੰਥ ਦੀ ਮਾਨਸਿਕ ਦਰਦ ਦਾ ਕਾਰਨ ਬਣੇ ਲੋਕਾਂ ਨੂੰ ਸਿੱਖ ਸੰਗਤਾਂ ਨੇ ਆਮ ਸਹਿਮਤੀ ਨਾਲ ਹੀ ਗੁਰੂਘਰ ਦੇ ਪ੍ਰਬੰਧ ਤੋਂ ਵੱਖ ਕਰ ਦਿੱਤਾ ਹੈ।
ਇਸ ਸਬੰਧੀ ਵਿਵਾਦ ਗੁਰਦੁਆਰਾ ਸਾਹਿਬ ਸਿੱਖ ਫਾਊਂਡੇਸ਼ਨ ਵਰਜੀਨੀਆ ਦੇ ਮੁੱਖ ਗ੍ਰੰਥੀ ਗਿਆਨੀ ਕੁਲਦੀਪ ਸਿੰਘ ਜੀ ਦੇ ਮੁੱਦੇ ਤੋਂ ਅਰੰਭ ਹੋਇਆ। ਗਿਆਨੀ ਕੁਲਦੀਪ ਸਿੰਘ ਜੀ ਇਸ ਇਲਾਕੇ ਦੇ ਬਹੁਤ ਹੀ ਨਿਮਾਣੇ ਅਤੇ ਗੁਰਸਿੱਖੀ ਭਾਵਨਾ ਵਾਲੇ ਸਿੰਘ ਹਨ ਜੋ ਪਿਛਲੇ 22 ਸਾਲਾਂ ਤੋਂ ਇਸ ਇਲਾਕੇ ਦੀ ਸਿੱਖ ਸੰਗਤ ਦੀ ਸੇਵਾ ਕਰ ਰਹੇ ਹਨ। ਆਪ ਜੀ ਨੇ ਪਿੰ੍ਰਸੀਪਲ ਹਰਭਜਨ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਤੋਂ ਧਾਰਮਿਕ ਵਿਦਿਆ ਹਾਸਲ ਕੀਤੀ। ਆਪ ਜੀ ਬਹੁਤ ਹੀ ਵਧੀਆ ਕੀਰਤਨ ਕਰਦੇ ਹਨ। ਧੁੱਪ ਹੋਵੇ ਜਾਂ ਵਰਖਾ ਆਪ ਜੀ ਹਰ ਵੇਲੇ ਸਿੱਖ ਸੰਗਤਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ। ਆਪ ਜੀ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਕਿਆ ਕਰ ਲੈਂਦੇ ਹਨ ਅਤੇ ਬਹੁਤ ਲੰਬੇ ਸਮੇਂ ਤੋਂ ਇਲਾਕੇ ਵਿਚ ਅੰਮ੍ਰਿਤ ਪ੍ਰਚਾਰ ਅਤੇ ਧਾਰਮਕ ਪ੍ਰਚਾਰ ਲਈ ਤਤਪਰ ਹਨ। ਹਰ ਖੁਸ਼ੀ ਗ਼ਮੀ ਦੇ ਮੌਕੇ ਆਪ ਜੀ ਸਿੱਖਾਂ ਨਾਲ ਸ਼ਰੀਕ ਹੁੰਦੇ ਹਨ। ਅਜਿਹੇ ਨਿਮਾਣੇ ਅਤੇ ਸੇਵਾ ਭਾਵਨਾ ਵਾਲੇ ਸਿੱਖ ਨੂੰ ਪੁਰਾਣੇ ਬੋਰਡ ਵਲੋਂ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਸਿੱਖ ਸੰਗਤਾਂ ਬਹੁਤ ਲੰਮੇ ਸਮੇਂ ਤੋਂ ਗਿਆਨੀ ਜੀ ਨਾਲ ਕੀਤੇ ਜਾ ਰਹੇ ਘਟੀਆ ਵਤੀਤੇ ਨੂੰ ਵਾਚ ਰਹੀਆਂ ਸਨ। ਗਿਆਨੀ ਜੀ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਪ੍ਰਬੰਧਕਾਂ ਦੇ ਵਤੀਰੇ ਨੂੰ ਸੰਗਤ ਲਈ ਹੋਰ ਸਹਿਣਾਂ ਮੁਸ਼ਕਲ ਹੋ ਗਿਆ ਸੀ। ਕੁਝ ਸਮਾਂ ਪਹਿਲਾਂ ਬੋਰਡ ਮੈਂਬਰਾਂ ਨੇ ਬਿਨਾਂ ਕਿਸੇ ਮੀਟਿੰਗ ਦੇ ਹੀ ਗਿਆਨੀ ਕੁਲਦੀਪ ਸਿੰਘ ਜੀ ਨੂੰ ਦੋ ਘਟੀਆ ਕਿਸਮ ਦੇ ਨੋਟਿਸ ਦਿੱਤੇ। ਦੂਜੇ ਨੋਟਿਸ ਵਿਚ ਤਾਂ ਉਨ੍ਹਾਂ ਗਿਆਨੀ ਜੀ ਨੂੰ ਸੇਵਾ ਮੁਕਤ ਕਰਨ ਦੀ ਧਮਕੀ ਵੀ ਦੇ ਦਿੱਤੀ। ਇਸ ਕਦਮ ਨੇ ਸਿੱਖ ਸੰਗਤਾਂ ਦੇ ਸਬਰ ਨੂੰ ਤੋੜ ਦਿੱਤਾ ਅਤੇ ਪੰਥ ਵਿਰੋਧੀ ਬੋਰਡ ਖਿਲਾਫ਼ ਕਾਰਵਾਈ ਕਰਨ ਦਾ ਮਨ ਬਣਾ ਲਿਆ।
ਸਿੱਖ ਸੰਗਤਾਂ ਨੇ ਕੁਝ ਕੁ ਚੁਣੇ ਹੋਏ ਮੈਂਬਰਾਂ ਨਾਲੋਂ ਸੰਗਤ ਦੀ ਮਹਾਨ ਅਥਾਰਟੀ ਦੀ ਵਰਤੋਂ ਕਰਦੇ ਹੋਏ ਟਰਸਟ ਅਤੇ ਬੋਰਡ ਦੇ ਮੈਂਬਰਾਂ ਖਿਲਾਫ਼ ਕਾਰਵਾਈ ਕਰਨ ਦਾ ਮਨ ਬਣਾ ਲਿਆ, ਬੋਰਡ ਦੇ ਮੈਂਬਰ ਪੰਥ ਵਿਰੋਧੀ ਤਾਕਤਾਂ ਦੇ ਧੱਕੇ ਚੜ੍ਹਕੇ ਪੰਥ ਵਿਰੋਧੀ ਕਾਰਵਾਈਆਂ ਕਰ ਰਹੇ ਸਨ ਅਤੇ ਪੰਥ ਦੇ ਸਤਿਕਾਰਤ ਗ੍ਰੰਥੀ ਸਾਹਿਬਾਨ ਨੂੰ ਲਗਾਤਾਰ ਬੇਇੱਜ਼ਤ ਕਰ ਰਹੇ ਸਨ।
ਸਿੱਖ ਸੰਗਤ ਨੇ ਬੋਰਡ ਦੇ ਮੈਂਬਰਾਂ ਦੀਆਂ ਇਨ੍ਹਾਂ ਪੰਥ ਵਿਰੋਧੀ ਕਾਰਵਾਈਆਂ ਤੋਂ ਦੁਖੀ ਹੋ ਕੇ 14 ਦਸੰਬਰ ਨੂੰ ਬੋਰਡ ਦੀ ਜਨਰਲ ਬਾਡੀ ਮੀਟਿੰਗ ਬੁਲਾ ਲਈ, ਪਰ ਬੋਰਡ ਦੇ ਕੁਝ ਮੈਂਬਰਾਂ ਨੇ ਪੁਲਿਸ ਨੂੰ ਝੂਠੀ ਸਿ਼ਕਾਇਤ ਕਰਕੇ ਉਸ ਦਿਨ ਮੀਟਿੰਗ ਨਾ ਹੋਣ ਦਿੱਤੀ। ਪਰ ਸਿੱਖ ਸੰਗਤ ਨੇ ਇਸ ਦੇ ਬਾਵਜੂਦ ਵੀ ਹੌਂਸਲਾ ਨਾ ਹਾਰਿਆ ਅਤੇ 28 ਦਸੰਬਰ ਨੂੰ ਮੁੜ ਜਨਰਲ ਬਾਡੀ ਦੀ ਮੀਟਿੰਗ ਬੁਲਾ ਲਈ। ਇਸ ਮੀਟਿੰਗ ਵਿਚ ਸੰਗਤ ਨੇ ਖਾਲਸਾ ਇਨਸਾਫ ਦੇ ਗੁਰਵਾਕ ਤੇ ਪਹਿਰਾ ਦਿੰਦੇ ਹੋਏ ਪੁਰਾਡੇ ਬੋਰਡ ਆਫ਼ ਟਰਸਟੀਜ਼ ਨੂੰ ਬਾਹਰ ਧੱਕ ਦਿੱਤਾ ਅਤੇ ਗਿਆਨੀ ਕੁਲਦੀਪ ਸਿੰਘ ਜੀ ਨੂੰ ਉਨ੍ਹਾਂ ਦੀਆਂ ਭਾਈਚਾਰੇ ਲਈ ਕੀਤੀਆਂ ਸੇਵਾਵਾਂ ਬਦਲੇ ਸਿਰੋਪਾ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਾਧ ਸੰਗਤ ਨੇ ਬੋਲੇ ਸੋ ਨਿਹਾਲ ਦੇ ਕਈ ਜੈਕਾਰੇ ਛੱਡ ਕੇ ਭਾਈ ਕੁਲਦੀਪ ਸਿੰਘ ਜੀ ਦੀ ਹਿਮਾਇਤ ਕੀਤੀ ਅਤੇ ਪੰਥ ਵਿਰੋਧੀ ਤਾਕਤਾਂ ਨਾਲ ਮਿਲੀਆਂ ਹੋਈਆਂ ਬਦਰੂਹਾਂ ਤੋਂ ਛੁਟਕਾਰਾ ਪਾਉਣ ਲਈ ਗੁਰੂ ਘਰ ਦੇ ਸੰਵਿਧਾਨ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਕਰਕੇ ਇਸ ਨੂੰ ਸਾਧ ਸੰਗਤ ਦੀਆਂ ਇੱਛਾਵਾਂ ਦੇ ਯੋਗ ਬਣਾਇਆ। ਇਸ ਮੌਕੇ ਭਾਈਚਾਰੇ ਦੀ ਉੱਘੀ ਸ਼ਖਸੀਅਤ ਡਾਕਟਰ ਪਰਮਜੀਤ ਸਿੰਘ ਅਜਰਾਵਤ ਨੇ ਸਿੱਖ ਸੰਗਤ ਨੂੰ ਵਧਾਈ ਪੇਸ਼ ਕਰਦਿਆਂ ਆਕਿਆ ਕਿ ਸੰਗਤ ਨੇ ਆਪਣੀ ਸੁਪਰੀਮ ਅਥਾਰਟੀ ਦੀ ਵਰਤੋਂ ਕਰਦੇ ਹੋਏ ਸੰਗਤ ਦੀ ਉਤਮਤਾ ਦਾ ਮੁਜਾਹਰਾ ਕੀਤਾ ਹੈ ਇਸ ਫੈਸਲੇ ਲਈ ਉਨ੍ਹਾਂ ਸਿੱਖ ਸੰਗਤ ਨੂੰ ਭਰਪੂਰ ਵਧਾਈ ਦਿੱਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਹੁਣ ਗੁਰੂ ਘਰ ਵਿੱਚ ਮੁੜਕੇ ਪੰਥ ਵਿਰੋਧੀ ਤਾਕਤਾਂ ਨੂੰ ਵੜਣ ਨਹੀਂ ਦਿੱਤਾ ਜਾਵੇਗਾ।