ਚੰਡੀਗੜ੍ਹ-: ਟੀ.ਵੀ.ਚੈਨਲ ‘ਹੈੱਡ ਲਾਈਨਜ਼ ਟੂਡੇ’ ਦੇ ਪੱਤਰਕਾਰ ਹਰਿੰਦਰ ਬਵੇਜਾ ਵਲੋਂ ਕੀਤੇ ਸਟਿੰਗ ਅਪ੍ਰੇਸ਼ਨ ਦੌਰਾਨ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ. ਹਰਵਿੰਦਰ ਸਿੰਘ ਹੰਸਪਾਲ (ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ) ਵਲੋਂ 1984 ਦੇ ਕਤਲੇਆਮ ਦੀ ਚਸ਼ਮਦੀਦ ਗਵਾਹ ਬੀਬੀ ਨਿਰਪ੍ਰੀਤ ਕੌਰ ਨੂੰ ਗਵਾਹੀ ਤੋਂ ਮੁਕਰਨ ਲਈ ਵੱਡੀ ਰਕਮ ਦੀ ਪੇਸਕਸ਼ ਕੀਤੇ ਜਾਣ ਦੀ ਘਟਨਾਂ ਦੀ ਨਿੰਦਾ ਦਾ ਮਤਾ ਪਾਸ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਔਹੁਦੇ ਦੀ ਦੁਰਵਰਤੋਂ ਦੇ ਦੋਸ਼ ਵਿਚ ਹੰਸਪਾਲ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਅੱਜ ਉਨ੍ਹਾਂ ਦੀ ਪ੍ਰਧਾਨਗੀ ਹੇਠ ਸਥਾਨਕ ਕਲਗੀਧਰ ਨਿਵਾਸ ਦੇ ਇਕੱਤਰਤਾ ‘ਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ‘ਕੌਮੀ ਘੱਟ ਗਿਣਤੀ ਕਮਿਸ਼ਨ’ ਦੇਸ਼ ਵਿਚ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਤੇ ਉਨ੍ਹਾਂ ਇਨਸਾਫ ਦਿੱਤੇ ਜਾਣ ਲਈ ਹੈ ਜਦ ਕਿ ਸ. ਹੰਸਪਾਲ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹੁੰਦਿਆਂ ਪੀੜਤਾਂ ਨੂੰ ਇਨਸਾਫ ਦਿੱਤੇ ਜਾਣ ਦੀ ਬਜਾਏ ਔਹੁਦੇ ਦੀ ਦੁਰਵਰਤੋਂ ਕੀਤੀ ਹੈ ਜਿਸ ਲਈ ਨੈਤਿਕ ਤੌਰ ‘ਤੇ ਉਸ ਨੂੰ ਖੁਦ ਹੀ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਪੀੜਤਾਂ ਨੂੰ ਕੁਝ ਧੜਵਾਸ ਮਿਲ ਸਕੇ। ਉਨ੍ਹਾਂ ਕਿਹਾ ਕਿ ਹੰਸਪਾਲ ਦੀ ਇਸ ਕਾਰਵਾਈ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਦਿੱਲੀ ਵਿਖੇ ਸਿੱਖ ਕਤਲੇਆਮ ਲਈ ਕਾਂਗਰਸੀ ਆਗੂ ਸੱਜਣ ਕੁਮਾਰ ਹੀ ਦੋਸ਼ੀ ਹੈ।
ਉਨ੍ਹਾਂ ਕਿਹਾ ਕਿ 1984 ‘ਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਵਾਪਰੇ ਸਿੱਖ ਕਤਲੇਆਮ ਦੀਆਂ ਆਏ ਦਿਨ ਖੁਲ ਰਹੀਆਂ ਪਰਤਾਂ ਜਿਵੇਂ ਹੋਂਦ ਚਿਲੜ ਕਾਂਡ ਤੋਂ ਬਆਦ ਦਿਲੀ ਵਿਚ ਗੁਰਦੁਆਰਾ ਉਦਾਸੀਨ ਆਖਾੜਾ ਵਿਖੇ 65 ਸਿੱਖਾਂ ਨੂੰ ਜਿਊਂਦਿਆਂ ਸਾੜਣ ਅਤੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ 9 ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਨੂੰ ਖੁਰਦ-ਬੁਰਦ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤੇ ਜਾਣ ਦੀਆਂ ਘਟਨਾਵਾਂ ਦੀ ਨਿੰਦਾ ਦਾ ਮਤਾ ਪਾਸ ਕਰਦਿਆਂ ਇਨ੍ਹਾਂ ਘਟਨਾਵਾਂ ਦੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰਾਨ ਸ. ਰਾਜਿੰਦਰ ਸਿੰਘ ਮਹਿਤਾ ਤੇ ਸ. ਕਰਨੈਲ ਸਿੰਘ ਪੰਜੌਲੀ ‘ਤੇ ਅਧਾਰਤ ਤਿੰਨ ਮੈਂਬਰ ਕਮੇਟੀ ਗਠਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੇ ਹਜੂਮ ਵਲੋਂ ਨਿਹੱਥੇ ਸਿੱਖਾਂ ਦੇ ਕਤਲੇਆਮ ਉਪਰੰਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੂੰ ਢਾਹ ਦੇਣ ਜਾਂ ਅੱਗ ਲਾ ਦੇਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤੇ ਜਾਣ ਦੀਆਂ ਖ਼ਬਰਾਂ ਸੁਣ ਕੇ ਸਿੱਖ ਕੌਮ ਦੇ 1984 ਦੇ ਜ਼ਖ਼ਮ ਮੁੜ ਅੱਲੇ ਹੋ ਗਏ ਹਨ ਜਿਸ ਕਾਰਨ ਸਿੱਖ ਜਗਤ ‘ਚ ਭਾਰੀ ਰੋਸ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਵਲੋਂ ਸਿੱਖ ਇਤਿਹਾਸ ਨਾਲ ਸਬੰਧਤ ‘ਵੇਈਂ’ ਜਿਸ ਨਾਲ ਸਿੱਖ ਜਗਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਦੇ ਸਬੰਧ ਵਿਚ ਇਹ ਕਹਿਣਾ ਹੈ ਕਿ ‘ਇਸ ਨਾਲ ਗੁਰੂ ਨਾਨਕ ਸਾਹਿਬ ਦਾ ਕੋਈ ਸਬੰਧ ਨਹੀਂ ਹੈ, ਇਹ ਤਾਂ ਮਹਿਜ ਇਕ ਡਰੇਨ ਹੈ’, ਬਹੁਤ ਹੀ ਦੁਖਦਾਈ ਤੇ ਨਿੰਦਨਯੋਗ ਹੈ। ਸ਼ਾਹੀ ਵਲੋਂ ਅਜਿਹਾ ਕਹਿਣਾ ਸਿੱਖ ਧਰਮ ਵਿਚ ਸਿੱਧੀ ਦਖ਼ਲ ਅੰਦਾਜ਼ੀ ਹੈ ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਾਹੀ ਇਹ ਸ਼ਬਦ ਤੁਰੰਤ ਵਾਪਸ ਲੈਂਦਿਆਂ ਸੰਗਤਾਂ ਤੋਂ ਖਿਮਾ ਜਾਚਨਾ ਕਰੇ।
ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ‘ਚ ਧਰਮ ਪ੍ਰਚਾਰ ਕਮੇਟੀ ਵਲੋਂ ਸਥਾਪਤ ਕੀਤੇ ਕੈਂਸਰ ਫੰਡ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਲੋਂ 10-10 ਹਜ਼ਾਰ ਰੁਪਏ ਦਿੱਤੇ ਜਾਣ ਤੋਂ ਇਲਾਵਾ ਸਮੂਹ ਵਿਧਾਇਕਾਂ ਮੈਂਬਰਾਨ ਲੋਕ ਸਭਾ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਇਸ ਫੰਡ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਬੰਗਾ ਵਿਖੇ ਬਾਬਾ ਸੰਗਤ ਸਿੰਘ ਦੇ ਨਾਮ ਪੁਰ ਅਤੇ ਲੀਲਾ ਮੇਘ ਸਿੰਘ (ਜਗਰਾਓਂ) ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਮ ਪੁਰ ਦੋ ਪੋਲੀਟੈਕਨਿਕ ਕਾਲਜ ਖੋਲਣ, ਸ੍ਰੀ ਗੁਰੂ ਗ੍ਰੰਥ ਸਾਹਿਬ ਮਿਸ਼ਨ ਅੰਬਾਲਾ ਵਿਖੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਅਤੇ 20 ਕਮਰਿਆਂ ਦੀ ਉਸਾਰੀ ਕਾਰ-ਸੇਵਾ ਰਾਹੀਂ ਤਿਆਰ ਕਰਾਉਣ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਇਮਾਰਤੀ ਵਿਭਾਗ ‘ਚ ਕੰਮ ਕਰਨ ਵਾਲੇ ਆਰਜ਼ੀ ਸੇਵਾਦਾਰਾਂ ਜਿਨ੍ਹਾਂ ਦੀ ਸਰਵਿਸ 8 ਸਾਲ ਤੋਂ ਵੱਧ ਹੋ ਗਈ ਹੈ ਨੂੰ ਗ੍ਰੇਡ ‘ਚ ਕਰਨ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਲੰਗਰ ਦੇ ਸਾਹਮਣੇ ਖਾਲੀ ਜਗ੍ਹਾ ਪੁਰ ਸੁੰਦਰ ਪਾਰਕ ਤਿਆਰ ਕਰਨ, ਲੰਗਰ ‘ਚ ਸਫਾਈ ਲਈ ਮਸ਼ੀਨ ਤੇ 30 ਕਿਲੋਵਾਟ ਦਾ ਜਨਰੇਟਰ, ਕੜਾਹ ਪ੍ਰਸ਼ਾਦਿ ਲਈ ਕੰਪਿਊਟਰ ਖਰੀਦ ਕਰਨ, ਗੁਰਦੁਆਰਾ ਸਾਹਿਬ ਜੀਂਦ ਵਿਖੇ ਸੰਗਤਾਂ ਦੇ ਜਲ ਛਕਣ ਲਈ ਆਰ.ਓ. ਸਿਸਟਮ ਲਗਾਉਣ ਅਤੇ ਦੋ ਨਵੇਂ ਟਰੈਕਟਰ ਖਰੀਦ ਕਰਨ, ਗੁਰਦੁਆਰਾ ਗਰਨਾ ਸਾਹਿਬ ਬੋਦਲ (ਹੁਸ਼ਿਆਰਪੁਰ) ਵਿਖੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਤੇ ਸੁੰਦਰ ਗੇਟ ਦੀ ਉਸਾਰੀ, ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਵਿਖੇ ਕਰੀਬ 14 ਲੱਖ ਰੁਪਏ ਦੀ ਲਾਗਤ ਨਾਲ 10 ਦੁਕਾਨਾਂ ਤਿਆਰ ਕੀਤੇ ਜਾਣ, ਗੁਰਦੁਆਰਾ ਸ੍ਰੀ ਚਰਨ ਕੰਵਲ ਮਾਛੀਵਾੜਾ ਵਿਖੇ ਲੰਗਰ ‘ਚ ਪ੍ਰਸ਼ਾਦੇ ਤਿਆਰ ਕਰਨ ਵਾਲੀ ਮਸ਼ੀਨ ਖਰੀਦ ਕਰਨ ਦੇ ਫੈਸਲੇ ਕੀਤੇ ਗਏ ਹਨ।
ਅੱਜ ਦੀ ਇਕੱਤਰਤਾ ਵਿਚ ਟਰੱਸਟ ਵਿਭਾਗ ਦੀਆਂ 50 ਸੈਕਸ਼ਨ 85 ਦੀਆਂ 101 ਅਤੇ ਸੈਕਸ਼ਨ 87 ਦੀਆਂ 50 ਮੱਦਾਂ ਵਿਚਾਰੀਆਂ ਗਈਆਂ।
ਇਕੱਤਰਤਾ ਵਿਚ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ, ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰਾਨ ਸ. ਰਾਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਕਰਨੈਲ ਸਿੰਘ ਪੰਜੌਲੀ, ਸ. ਸੁਰਜੀਤ ਸਿੰਘ ਗੜੀ, ਸ. ਨਿਰਮੈਲ ਸਿੰਘ ਜੌਲਾਕਲਾ, ਸ. ਮੋਹਨ ਸਿੰਘ ਬੰਗੀ, ਸ. ਰਾਮਪਾਲ ਸਿੰਘ ਬਹਿਨੀਵਾਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ, ਐਡੀ. ਸਕੱਤਰ ਸ. ਤਰਲੋਚਨ ਸਿੰਘ, ਸ. ਅਵਤਾਰ ਸਿੰਘ, ਸ. ਹਰਜੀਤ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਗੁਰਚਰਨ ਸਿੰਘ ਘਰਿੰਡਾ, ਸ. ਬਲਵਿੰਦਰ ਸਿੰਘ ਜੋੜਾਸਿੰਘਾਂ, ਪਬਲੀਸਿਟੀ ਵਿਭਾਗ ਦੇ ਮੀਤ ਸਕੱਤਰ ਸ. ਰਾਮ ਸਿੰਘ, ਨਿੱਜੀ ਸਹਾਇਕ ਸ. ਪ੍ਰਮਜੀਤ ਸਿੰਘ ਸਰੋਆ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ, ਸੈਕਸ਼ਨ 87 ਦੇ ਇੰਚਾਰਜ ਸ. ਗੁਰਿੰਦਰ ਸਿੰਘ ਮਥਰੇਵਾਲ, ਟਰੱਸਟ ਵਿਭਾਗ ਦੇ ਇੰਚਾਰਜ ਸ. ਸੁਖਬੀਰ ਸਿੰਘ ਮੂਲੇਚੱਕ, ਸੁਪਰਵਾਈਜਰ ਸ. ਪ੍ਰਮਦੀਪ ਸਿੰਘ ਖੱਟੜਾ ਤੇ ਸ. ਹਰਫੂਲ ਸਿੰਘ, ਸਹਾਇਕ ਸੁਪਰਵਾਈਜ਼ਰ ਸ. ਹਰਜਿੰਦਰ ਸਿੰਘ, ਸ. ਤੇਜਿੰਦਰ ਸਿੰਘ ਤੇ ਸ. ਸੁਖਬੀਰ ਸਿੰਘ ਵੀ ਮੌਜੂਦ ਸਨ।