ਮਹਾਨ ਭਗਤਾਂ ਦੀ ਯਾਦ ਤੇ ਸਰਬੱਤ ਦੇ ਭਲੇ ਲਈ ਵਿਸ਼ਾਲ ਨਗਰ ਕੀਰਤਨ ਕੱਢਿਆ

ਲੁਧਿਆਣਾ ,(ਪਰਮਜੀਤ ਸਿੰਘ ਬਾਗੜੀਆ) – ਗੁਰਮਤਿ ਸੇਵਾ ਸੁਸਾਇਟੀ, ਸੰਤ ਆਸ਼ਰਮ ਜੰਡਾਲੀ ਖੁਰਦ (ਅਹਿਮਦਗੜ੍ਹ) ਵਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੌਥਾ ਸਲਾਨਾ ਨਗਰ ਕੀਰਤਨ ਕੱਢਿਆ ਗਿਆ। ਸੰਤ ਬਾਬਾ ਗਗਨਦੀਪ ਸਿੰਘ ਜੰਡਾਲੀ ਖੁਰਦ ਵਲਿਆਂ ਦੇ ਉਪਰਾਲੇ ਸਦਕਾ  ਇਸ ਵਾਰ ਦਾ ਨਗਰ ਕੀਰਤਨ ਉਨ੍ਹਾਂ 15 ਭਗਤਾਂ ਦੀ ਯਾਦ ਨੂੰ ਸਮਰਪਿਤ ਸੀ ਜਿਨ੍ਹਾਂ ਦੀ ਬਾਣੀ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਕੱਢਿਆ ਗਿਆ ਜਿਸਦੀ ਅਰੰਭਤਾ ਦੀ ਅਰਦਾਸ ਸਿੰਘ ਸਾਹਿਬਾਨ ਗਿਆਨੀ ਤਰਲੋਚਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਜੀ ਨੇ ਕੀਤੀ। ਨਗਰ ਕੀਰਤਨ ਵਿਚ ਊਠ, ਹਾਥੀ, ਘੋੜੇ ਤੇ ਗਤਕਾ ਪਾਰਟੀਆਂ ਦਾ ਸੁੰਦਰ ਨਜ਼ਾਰਾ ਸੀ। ਨਗਰ ਕੀਰਤਨ ਤੋਂ ਪਹਿਲਾਂ ਸ੍ਰੀ ਅਖੰਡ ਪਾਠਾਂ ਅਤੇ ਸਪਤਾਹਿਕ ਪਾਠਾਂ ਦੇ ਭੋਗ ਪਾਏ ਗਏ।

15 ਭਗਤਾਂ ਦੀ ਯਾਦ ਨੂੰ ਸਮਰਪਿਤ ਅਤੇ ਸਰਬਤ ਦੇ ਭਲੇ ਲਈ ਕੱਢੇ ਗਏ ਇਸ ਨਗਰ ਕੀਰਤਨ ਵਿਚ ਪਹੁੰਚੇ ਸੰਤ ਮਹਾਪੁਰਸ਼ਾਂ ਅਤੇ ਰਾਗੀ-ਢਾਡੀ ਜਥਿਆਂ ਤੇ ਕਥਾਵਾਚਕਾਂ ਨੇ ਭਰੂਣ ਹੱਤਿਆ, ਵਹਿਮ ਭਰਮ, ਨਸਿਆਂ ਤੇ ਦਾਜ ਦੀ ਲਾਹਨਤ ਵਰਗੇ ਸਮਾਜਿਕ ਕੋਹੜ ਵਿਰੁੱਧ ਸੰਗਤਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ। ਹੋਰ ਤਾਂ ਹੋਰ ਸੰਗਤਾਂ ਨੂੰ ਆਪਣੇ ਆਲੇ ਦੁਆਲੇ ਸ਼ੁਧ ਕੁਦਰਤੀ ਵਾਤਾਵਰਨ ਬਣਾਈ ਰੱਖਣ ਲਈ ਵੀ ਪ੍ਰੇਰਿਆ ਗਿਆ। ਸਮੁੱਚਾ ਨਗਰ ਕੀਰਤਨ ਜੰਡਾਲੀ ਖੁਰਦ ਨਿਰਮਲ ਕੁਟੀਆ ਤੋਂ ਸ਼ੁਰੂ ਹੋ ਕੇ ਪਿੰਡ ਦੀ ਪ੍ਰਿਕਰਮਾ ਉਪਰੰਤ ਜੰਡਾਲੀ ਕਲਾਂ ਹੁੰਦਾ ਹੋਇਆ ਵਾਪਸ ਆਪਣੇ ਨਿਜ ਅਸਥਾਨ ਪੁਜਿਆ।
ਇਸ ਮੋਕੇ ਨਿਰਮਲ ਪੰਚਇਤੀ ਅਖਾੜਾ ਹਰਿਦੁਆਰ ਦੇ ਮਹਾਂਪੁਰਸ਼ ਵੀ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਪੰਥ ਦੇ ਪ੍ਰਸਿੱਧ ਰਾਗੀ-ਢਾਡੀ ਜੱਥਿਆਂ ਨੇ ਗੁਰਮਤਿ ਪ੍ਰਚਾਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਦੇਸ਼-ਵਿਦੇਸ਼ ਤੋਂ ਵੀ ਸੰਗਤਾਂ ਨੇ ਹਾਜਰੀ ਭਰੀ। ਅੰਤ ਵਿਚ ਨਿਰਮਲੇ ਗਿਆਨੀ ਗਗਨਦੀਪ ਸਿੰਘ ਜੰਡਾਲੀ ਖੁਰਦ ਹੁਰਾਂ ਸਵਾਮੀ ਸੰਤ ਸ਼ੰਕਰਾਨੰਦ ਧਾਮ ਤਲਵੰਡੀ, ਸ੍ਰੀ ਨਿਰਮਲੇ ਪੰਚਾਇਤੀ ਅਖਾੜਾ ਮਹਾ ਮੰਡਲੇਸ਼ਵਰ ਸੰਤ ਬਲਜਿੰਦਰ ਸਿੰਘ, ਸੰਤ ਮਨਪ੍ਰੀਤ ਸਿੰਘ ਖਾਲਸਾ, ਮਹੰਤ ਬੁਧਰਾਮ ਝਨੇਰ, ਸੰਤ ਰਣਜੋਧ ਸਿੰਘ, ਸੰਤ ਰਣਜੀਤ ਸਿੰਘ ਤਪਾ ਦਰਾਜ, ਬਾਬਾ ਸਰੁਸਤੀ ਦਾਸ ਤੇ ਬਾਬਾ ਭੀਮ ਸਿੰਘ ਜੀ ਨੂੰ ਸਨਮਾਨਿਤ ਤੇ ਧੰਨਵਾਦ ਕੀਤਾ ਗਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>