ਐਚਕਨ

ਅੱਜ ਦੇ ਅਖ਼ਬਾਰਾਂ  ‘ਚ ਮੇਰੀ ਅੰਤਮ ਅਰਦਾਸ ਦਾ ਇਸ਼ਤਿਹਾਰ ਛਾਪਿਆ । ਕਿਸੇ ‘ਚ ਦੋ ਕਾਲਮੀ ,ਕਿਸੇ  ‘ਚ ਚਾਰ ਕਾਲਮੀ । ‘ ਪਾਠ ਦਾ ਭੋਗ ‘ ਦੇ ਸਿਰਲੇਖ ਹੇਠ ਸਭ ਦੀ ਇਬਾਰਤ  ਇਕੋ – ‘ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੁੱਖਜੀਤ ਸਿੰਘ ਜੀ ਸ਼ਾਹੀ ( ਜ਼ੈਲਦਾਰ ) ਸੇਵਾ ਮੁਕਤ ਪੰਜਾਬੀ ਅਧਿਆਪਕ ਜੋ ਥੋੜ੍ਹੇ ਕੁ ਦਿਨਾਂ ਪਹਿਲਾਂ ਅਖੰਡ ਪਾਠ ਜੀ ਦਾ ਭੋਗ ਬਾਅਦ ਦੁਪਹਿਰ ਦਿਨ ਐਤਵਾਰ ਸਾਡੇ ਗ੍ਰਹਿ ਕਵਿਤਾ – ਭਵਨ ਨੇੜੇ ਸੇਂਟਪਾਲ ਕਾਨਵੈਂਟ ਸਕੂਲ ਕੰਢੀ ਰੋਡ ਮਲਿਕਪੁਰ ਵਿਖੇ ਪਵੇਗਾ । ਆਪ ਨੇ ਅਰਦਾਸ ਵਿਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ ।

ਅੱਗੇ ਪ੍ਰੋਗਰਾਮ ਦਾ ਵੇਰਵਾ । ਹੇਠਾਂ ‘ ਦੁਖੀ ਹਿਰਦਿਆਂ ‘ ਦੀ ਸੂਚੀ – ਪਤਨੀ , ਪੁੱਤਰ-ਨੂੰਹਾਂ , ਧੀਆਂ-ਜੁਆਈ , ਪੋਤੇ-ਪੋਤੀਆਂ ,ਦੋਹਤੇ-ਦੋਹਤੀਆਂ । ਸਭ ਦੇ ਪੂਰੇ ਵੱਡੇ ਨਾਂਅ । ਗੋਤਾਂ-ਕਿੱਤਿਆਂ ਸਮੇਤ । ਨਾਲ ਦੀ ਨਾਲ ਸਭ ਦੇ ਮੋਬਾਇਲ ਨੰਬਰ । ਸਭ ਤੋਂ ਹੇਠਾਂ ਛੋਟਾ ਜਿਹਾ ਨੋਟ ‘ ਵੱਖਰੇ ਕਾਰਡ ਨਹੀਂ ਭੇਜੇ ਜਾ ਰਹੇ ।‘

ਵਾਅਵਾ-ਵਾਹ ! ਪੜ੍ਹ ਕੇ ਮੰਨ-ਚਿੱਤ ਗੱਦ-ਗੱਦ । ਰੂਹ ਮੇਰੀ ਪ੍ਰਸੰਨੋ –ਪ੍ਰਸੰਨ । ਪੜ੍ਹ ਕੇ ਘੱਟ ,ਦੇਖ ਕੇ ਵੱਧ । ਇਸ਼ਤਿਹਾਰਾਂ ‘ਚ ਲੱਗੀਆਂ ਫੋਟੇਆਂ ਦੇਖ ਕੇ , ਵੱਖ ਵੱਖ ਤਰ੍ਹਾਂ ਦੀਆਂ । ਇਕ ਵਾਰ ਤਾਂ ਇਨ੍ਹਾਂ ਫੋਟੋਆਂ ਨੇ ਮੈਨੂੰ ਭੰਬਲਭੂਸੇ ਵਿਚ ਹੀ ਪਾ ਦਿੱਤਾ । ਮੈਨੂੰ ਸਮਝ ਨਾ ਲੱਗੇ –ਇਨ੍ਹਾਂ ‘ ਕਿਹੜੀ ਮੇਰੀ ਐ , ਕਿਹੜੀ ਨਹੀਂ ! ਕੋਈ ਪੂਰੇ ਟੌਅਰ-ਟੱਪੇ ਵਾਲੀ ! ਕੋਈ ਜੱਚਦੀ-ਮਿਚਦੀ ਜਿਹੀ । ਕੋਈ ਢਲਦੀਆਂ ਵੇਲੇ ਦੀ  । ਇਕ ਦੋਂਹ ‘ਚ ਹੁਣ ਵਾਲੀ ਸੇਹੀ-ਸੇਹੀ । ਮੂੰਹ ਚਿੱਬ-ਖੜਿੱਬਾ ,ਦਾੜ੍ਹੀ-ਮੁੱਛਾਂ ਜਿਉਂ ਘਾਅ-ਬੂਟ ਉੱਗਿਆ ਹੋਵੇ ਉੱਬੜ ਖਾਬੜ ਥਾਂ ‘ ਤੇ । ਕੋਈ ਵਾਲ ਕਿਧਰੇ ਨੂੰ ,ਕੋਈ ਕਿਧਰੇ ਨੂੰ । ਮੁੱਛਾਂ-ਦਾੜ੍ਹੀ ਵਿਚਕਾਰ ਫਸਿਆ ਮੂੰਹ ਵਿਚਾਰਾ ਊਈਂ ਗਾਇਬ । ਇਨ੍ਹਾਂ ਫੋਟੂਆਂ ‘ ਚ ਜਾਂ ਤਾਂ ਮੇਰਾ ਲੰਬੂਤਰਾ ਜਿਹਾ ਨੱਕ ਦਿਸਦਾ ਸੀ ਠੀਕ ਤਰ੍ਹਾਂ , ਜਾਂ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ । ਪੱਗ ਵੀ ਬਿਲਕੁਲ ਉਹੋ ਜਿਹੀ ਦਿਸਦੀ ਸੀ ਜਿਹੋ ਜਿਹੀ ਬੰਨ੍ਹ ਹੁੰਦੀ ਸੀ ਇਨ੍ਹੀਂ ਦਿਨੀਂ-ਢਿੱਲਕੇ ਲੜਾਂ ਵਾਲੀ । ਢਿੱਲਕੇ ਲੜਾਂ ਹੇਠ ਦੱਬ ਹੋਏ ਕੰਨਾਂ ਵਾਲੀ । ਇਸ ਹੇਠ ਆਏ ਕੰਨਾਂ ਨੇ ਜਿਵੇਂ ਸੁਨਣ-ਸੁਣਾਉਣ ਦੇ ਕੰਮ ਤੋਂ ਖਹਿੜਾ ਹੀ ਛੁੜਾ ਲਿਆ ਹੋਵੇ ।

ਖੈਰ , ਪਹਿਲਾਂ ਤਾਂ ਮੈਂ ਸਾਰੀਆਂ ਅਖ਼ਬਾਰਾਂ ਇਕੱਠੀਆਂ ਕੀਤੀਆਂ ।  ਸਾਰੀਆਂ ਤਾਂ ਕੀ ਕਰਨੀਆਂ ਸੀ , ਮੈਂ ਕਿਹੜਾ ਕੋਈ ਖ਼ਬਰ ਪੜ੍ਹਨੀ ਸੀ ਇਨ੍ਹਾਂ ‘ ਚੋਂ । ਇਹ ਖ਼ਬਰ-ਖ਼ਬਰ ਪੜ੍ਹਨ ਦਾ ਭੁੱਸ ਮੁੱਢ-ਸ਼ੁਰੂ ਤੋਂ ਹੀ ਨਹੀਂ ਸੀ ਪਿਆ । ਨਾ ਘਰ ਨਾ ਸਕੂਲੇ । ਮੈਂ ਤਾਂ ਹੋਰਨਾਂ ਕਈਆਂ ਨੂੰ  ਵੀ ਗੱਜ-ਵਜਾ ਕੇ ਟੋਕਿਆ ਕਰਦਾ ਸੀ -‘‘ ਕੀ ਤੁਸੀਂ ਲਸੂੜੀ ਆਗੂ ਚੁੰਮੜੇ ਰਹਿੰਨੇ ਆਂ ‘ ਕੱਲੀ-‘ ਕੱਲੀ ਖ਼ਬਾਰ ਤੇ ਕੱਲੇ-ਕੱਲੇ ਵਰਕੇ ਨੂੰ । ਐਮੇਂ ਸਿਰ ਖ਼ਪਾਈ ਕਰਦੇ ਰਹਿੰਨੇ ਓਂ ਵਿਹਲੇ  । ਲੱਭਦਾ ਕੁਸ਼ ? ਹੋਇਆ ਕੋਈ ਇਕ-ਅੱਧ ਦੇਖ-ਦੂਖ ਈਂ ਲਈਂ , ਕੋਈ ਖਾਸ-ਉੱਲ-ਖਾਸ । ਕੋਈ ਚੱਟ-ਪਟੀ ਜੇਈ । ਜੇਦ੍ਹੇ ਨਾਲ ਟੈਮ ਪਾਸ ਹੁੰਦਾ ਰਏ ਸਾਰਾ ਦਿਨ । ਓਦਾਂ ਛੇਅ ਘੰਟੇ ਲੰਘਦੇ ਆ ਕਿਤੇ ।‘‘ ਪਰ , ਹੁਣ ਤਾਂ ਮੈਂ ਸੜੇ ਸਕੂਲ ਵਾਲੇ ਚੱਕਰ ਤੋਂ ਵੀ ਨਿਕਲ ਚੁੱਕਾ ਸੀ ।ਸੇਵਾ –ਮੁਕਤ ਹੋ ਚੁੱਕਾ ਸੀ , ਹੁਣ ਤਾਂ ਬੱਸ ਮੌਜਾਂ ਹੀ ਮੌਜਾਂ ਸੀ ਨਿਰੀਆਂ । ਬੱਝਵੀਂ ਪੈਨਸ਼ਨ , ਗੰਦਵੀਂ ਖੇਤੀ । ਭਰਮੇਂ ਅਰਦਾਸੇ ਕਵਿਤਾਕਾਰੀ ‘ਚੋਂ । ਹੁਣ ਕੀ ਕਰਨੀ ਸੀ ਖੜੀ ਖ਼ਬਰ ਪੜ੍ਹ ਕੇ ।

ਮੈਂ ਸਾਰੀਆਂ ਅਖ਼ਬਾਰਾਂ ਵਿਚੋਂ ਵਰਕੇ ਕੱਢੇ , ਜਿਨ੍ਹਾਂ ‘ਤੇ ਫੋਟੋ ਸੀ । ਇਹ ਵਿਹੜੇ ‘ ਚ ਵਿਛੀ ਦਰੀ ਤੇ ਪਈਆਂ ਸੀ । ਪਈਆਂ ਕਾਹਨੂੰ ਲਿਆ ਕੇ ਰੱਖੀਆਂ ਸੀ ਉਚੇਚ ਨਾਲ । ਆਏ-ਗਏ ਨੂੰ ਦੱਸਣ-ਦਿਖਾਲਣ ਲਈ । ਪਈ -‘ ਦੇਖੋ , ਕਿੰਨੀ ਟੌਅਰ ਖਿੱਚੀ ਆ ਅਸੀਂ ਭਾਪੇ ਆਪਣੇ ਦੀ । ਕਿੰਨੀ ਇੱਜ਼ਤ ਕਰਦੇ ਆਂ , ਕਿੰਨਾਂ ਮੋਹ-ਤੇਹ ਆ ਘਰ ਦੇ ਜੀਆਂ ਨੂੰ ਏਦ੍ਹੇਂ ਨਾਲ । ਵੱਡਿਆਂ ਨੂੰ ਵੀ , ਛੋਟਿਆਂ ਨੂੰ ਵੀ  ।‘‘

ਮੈਂ ਸੋਚਾਂ -‘ ਵੱਡਿਆਂ ਨੂੰ ਤਾਂ ਮੰਨਿਆ ਪਈ ਹੋਊ ਕੋਈ ਮਾੜਾ-ਪਤਲਾ , ਮੋਹ-ਤੇਹ । ਜਾਂ ਊਈਂ ਕਰਦੇ ਹੋਣਗੇ , ਦਿੱਖ-ਦਿਖਾਵੇ ਲਈ । ਅਜੇ ਥੋੜ੍ਹੀ ਕੁ ਜਿੰਨੀ ਲੋੜ ਵੀ ਹੈਗੀ ਸੀ ਮੇਰੀ । ਮੇਰੀ ਕਾਨੂੰ , ਮੈਨੂੰ ਮਿਲਦੀ ਪੈਨਸ਼ਨ ਦੀ , ਪਰ ਫੋਟੋ ।‘‘
ਵੱਡੇ  ਵੱਡੀ ਪਹਿਲਾਂ ਹੀ ਪੂਰੀ ਕਰ ਚੁੱਕੇ ਸੀ । ਉਨ੍ਹਾਂ ਹੱਥ ਵੱਢਆ ਲਏ ਸੀ ਮੇਰੇ ਜੀਂਦੇ ਜੀਅ ।

ਮੈਨੂੰ ਹੁਣ ਸਮਝ ਲੱਗੀ ਕਿ ਲੋੜ ਨਾਮੀਂ ਰੌਂਅ-ਰੁੱਚੀ ਕਿੰਨੀ ਔਂਤੜ ਸ਼ੈਅ ਆ ! ਇਹ ਰੌਂਅ-ਰੁਚੀ ਪਹਿਲਾਂ ਮੈਨੂੰ ਭਰਾ-ਪਿਉ-ਪਤੀ ਦੇ ਟੁਕੜਿਆਂ ‘ ਵੰਡਦੀ ਰਹੀ ,ਫਿਰ ਪੁੱਤਰਾਂ-ਧੀਆਂ ਨਾਲ ਜੋੜਦੀ ਰਹੀ । ਇਨ੍ਹਾਂ ਟੋਟਿਆਂ-ਟੁਕੜਿਆਂ ‘ ਚ ਵੰਡ ਹੋਇਆ ਮੈਂ ਕਦੀ ਹਵਾ ‘ਚ ਤਾਰੀਆਂ ਲਾਉਦਾ ਰਿਹਾ । ਕਦੀ ਮਿੱਟੀ-ਘੱਟੇ ‘ਚ ਗੱਡ ਹੋਇਆ ਰਿਹਾ । ਘਰ ਦੇ ਵੱਡੇ ਜੀਅ ਤਾਂ ਮੈਨੂੰ ਉੱਪਰ ਹੇਠਾਂ , ਚੜ੍ਹਦੇ –ਡਿੱਗਦੇ ਨੂੰ , ਟੁੱਟਦੇ –ਜੁੜਦੇ ਨੂੰ ਦੇਖਦੇ ਪਰਖ਼ਦੇ ਹੀ ਰਹੇ ਸੀ । ਪਰ ਛੋਟਿਆਂ ਨੂੰ ਕੀ ਲੋੜ ਪੈ ਗਈ ਇੱਜਤ –ਫਿੱਜਤ ਕਰਨ ਦੀ , ਉਨ੍ਹਾਂ ਕਿਹੜੇ ਹਿੱਸੇ ਲੈਣੇ ਸੀ ਮੇਰੇ ਤੋਂ ।‘ ਹੁਣ ਤਾਈਂ ਤਾਂ ਉਨ੍ਹਾਂ ਕੀਤੀ ਕੋਈ ਨਹੀਂ ਸੀ ।
ਜਿਹੜੀ ਕਰਦੀ ਰਹੀ ਸੀ ਮੋਹ-ਤੇ ਵੀ ,ਇੱਜ਼ਤ –ਮਾਣ ਵੀ ,ਉਹਨਾਂ ਨਾਂ ਹੀ ਗਾਇਬ ਸੀ ਇਸ਼ਤਿਹਾਰਾਂ ‘ ਚ ।
ਮੇਰੀ ਵੱਡੀ ਧੀ ਪਾਸ਼ੀ ਦਾ ।

ਉਹਨੇ ਕਦੀ ਵੀ ਹੜੇ-ਹਿੱਸੇ ਦੀ ਮੰਗ ਨਹੀ ਸੀ ਕੀਤੀ । ਭੋਗ ਤੱਕ ਨਹੀਂ ਸੀ ਪਾਇਆ ਖੇਤ-ਬੰਨੇ ਦਾ , ਪੈਸੇ –ਧੇਲੇ ਦਾ । ਉਹਨੂੰ ਇਕੋ-ਇਕ ਗੌਂ ਸੀ ਮੇਰੇ ਨਾਲ । ਉਹਨੇ ਇਕ ਨਹੀਂ ਕਈ ਵਾਰ ਕਿਹਾ ਸੀ ਮੈਨੂੰ , ਤਰਲ ਜਿਹਾ ਪਾਉਂਦੀ ਨੇ – ‘‘ ਭਾਪਾ ਜੀ ਮੈਨੂੰ ਛੋਟੀ ਬੀਬੀ ਦੇ ਧੀਆਂ –ਪੱਤਰਾਂ ‘ਚ ਸਾਮਿਲ ਕਰੀ ਰੱਖੀਂ । ਕਿਧਰੇ ਲੀਕ ਨਾ ਮਾਰ ਦਈਂ ਮੇਰੇ ਨਾਂ ਤੇ । ‘‘
ਮੈਂ ਫੋਟੋ ਛਪੇ ਵਰਕੇ ਇਕੱਠੇ  ਕਰਕੇ  ਤਹਿ ਸਿਰ ਕੀਤੇ ਹਨ , ਉਮਰ ਵਾਰ । ਫਿਰ ਨਿਗਾਹ ਮਾਰੀ ਹੈ ਹਰ ਇਕ ‘ਤੇ । ਪਹਿਲਾਂ ਤਰਵੀਂ ਜਿਹੀ , ਫਿਰ ਪੂਰੀ ਨੀਝ ਨਾਲ । ਉੱਪਰਲੀ ਫੋਟੋ ਵੰਡ ਦੇ ਆਸ-ਪਾਸ ਦੀ ਲੱਗੀ ਐ –ਭਰਮਾਂ ਜੁੱਸਾ , ਨੋਕਦਾਰ ਪੱਗੜੀ ,ਖੜੀਆਂ ਮੁੱਛਾਂ ,ਛੋਟੀ ਦਾੜ੍ਹੀ ਖਿੱਲਰਲੀ ਜਿਹੀ । ਇਸ ਅੱਧ-ਅਕਾਈ ਫੋਟੋ ‘ ਚ ਨਹਿਰੂ-ਕੱਟ ਐਚਕਨ ਦਾ ਅੱਧਾ ਕੁ ਛਪਿਆ ਹਿੱਸਾ ਵੀ ਸ਼ਾਮਿਲ ਹੈ । ਇਸ ਐਚਕਨ ਮੇਰੀ ਪਿਤਾ-ਪੁਰਖੀ ਜ਼ੈਲ-ਜ਼ੱਦ ਸੀ ਇੱਕ ਤਰ੍ਹਾਂ ਨਾ । ਇਹ ਤੁਰਦੀ ਸੀ ਪੁਸ਼ਤ-ਦਰ-ਪੁਸ਼ਤ ਮੇਰੇ ਨਾਲ ਨਾਲ । ਇਹਨੇ ਬੜੇ ਜਲਵੇ ਬਖੇਰੇ ਸੀ ਓਧਰ ।ਬੜਾ ਕੁਝ ਕੀਤਾ ਸੀ ਮੇਰੇ ਤੱਕ ਪੁੱਜਦੀ ਨੇ ।ਓਧਰੋਂ ਐਧਰ ਆਉਂਦੀ ਨੇ ਵੀ ਇਹਨੇ ਆਪਣਾ ਰੰਗ ਦਿਖਾ ਦਿੱਤਾ ਸੀ –ਮੈਂ ਕਾਠਗੜ੍ਹ ਇਕ ਵਿਆਹ-ਸ਼ਾਦੀ ਤੇ ਗਿਆ ਚੰਨੋ ਨੂੰ ਮੁੜਦੀ ਵੇਰ ਨਾਲ ਲੈ ਕੇ ਨਹੀਂ ਸੀ ਆਇਆ । ਨਾ ਪਾਸ਼ੀ ਨੂੰ । ਉਨ੍ਹਾਂ ਦੇ ਟੱਬਰ ਦੀ ਇਕ ਹੋਰ ਕੁੜੀ ਦੇ ਗੋਰੇ-ਚਿੱਟੇ ਨੈਣ-ਨਕਸ਼ , ਮੇਰਾ ਅੰਦਰ-ਬਾਹਰ ਹੀ ਮੱਲ ਕੇ ਬਹਿ ਗਏ ਸੀ । ਉਨ੍ਹਾਂ , ਇਕ ਤਰ੍ਹਾਂ ਦਾ ਜਾਦੂ-ਟੂਣਾ ਹੀ ਕਰ ਦਿੱਤਾ ਸੀ ਮੇਰੇ ਤੇ । ਮੈਂ ਮਲਿਕਪੁਰ ਮੁੜਦੇ ਨੇ ਹੀ ਰੇੜਕਾ ਖੜ੍ਹਾਂ ਕਰ ਦਿੱਤਾ -‘‘ ਮੈਂ ਚੰਨੋ ਨਈ ਜੀਤੋ ਲਿਆਉਣੀ ਆ ਉਦ੍ਹੀ ਥਾਂ ,ਭਾਮੇਂ ਹੇਠਲੀ ਉੱਪਰ ਹੋ ਜਏ । ‘‘ ਮੇਰੇ ਮਾਂ-ਪਿਓ ਹੈਰਾਨ-ਪ੍ਰੇਸ਼ਾਨ । ਉਹ ਆਖਣ – ‘ ਕੀ ਹੋ ਗਿਆ ਏਨੂੰ ! ਕੀ ਇੱਲ-ਬਲ੍ਹਾ ਚੁੰਮੜ ਗਈ ਇਸ ਵਾਰ ਸਹੁਰੀ ਗਏ ਨੂੰ !! ‘‘
ਮੈਂ ਖਾਂਦੇ-ਪੀਂਦੇ ਘਰ ਦਾ ਲਾਡਲਾ , ਐਹੋਂ ਜਿਹੀਆਂ ਅੜੀਆਂ-ਜ਼ਿੱਦਾਂ ਪਹਿਲੋਂ ਵੀ ਕਰਦਾ ਰਿਹਾ ਸੀ , ਲਾਇਲਪੁਰ ।

ਬਾਪ ਮੇਰੇ ਨੇ ਤਾਂ ਖੈਰ ਬਹੁਤੀ ਉਜਰ ਨਾ ਕੀਤੀ । ਥੋੜ੍ਹੀ ਬਹੁਤੀ ਝਿੜਕ-ਝੰਭ ਕਰਕੇ ਚੁੱਪ ਕਰ ਰਿਹਾ ਚੁੱਪ ਕਰ ਰਿਹਾ । ਮਾਂ ਮੇਰੀ ਕਲੇਸ਼ ਪਾਈ ਬੈਠੀ ਰਹੀ ਕਈ ਚਿਰ । ਆਖੋ – ‘‘ ਏਹ ਕਿੱਦਾਂ ਹੋ ਜਊ । ਆਪਣੀ ਨੂੰਹ-ਧੀ ਛੱਡ ਕੇ ਅਸੀਂ , ਉਨ੍ਹਾਂ  ਦੇ ਸ਼ਰੀਕਾਂ ਦੀ ਕੁੜੀ ਕਿੱਦਾਂ ਲੈ ਆਈਏ ਆਪਣੇ ਘਰ । ਇਹ ਤਾਂ ਅਣਹੋਣੀ ਆ ਸਰਾਂ-ਸਰ । ਏਹ ਕੋਈ ਗਾਂ-ਮੋਹਿ ਥੋੜ੍ਹੀ ਆ , ਪਈ ਇਕ ਪਸੰਦ ਨਈ ਦੂਜੀ ਖੋਲ੍ਹ ਲਿਆਓ ।‘‘ ਅੱਗੋਂ ਮੈਂ , ਤਿਪਤਨਿਹਾਲ ਸਿੰਘ ਸ਼ਾਹੀ ਦਾ ਵੱਡਾ ਫ਼ਰਜੰਦ ਗੁਰਮੁੱਖਜੀਤ ਸਿੰਘ ਸ਼ਾਹੀ ਪੂਰੀ ਤਰ੍ਹਾਂ ਜਾਣੂ ਸੀ ਇਸ ਗੱਲੋਂ ਕਿ ਮਾਂ ਦਾ ਇਹ ਨਸੀਅਤ-ਨਾਮਾਂ ,ਉਹਦੀ ਸਿੱਖਿਆ-ਸਮਝਾਉਣੀ ਸਿਰਫ਼ ਗ਼ਰੀਬ-ਗੁਰਬਿਆਂ ਲਈ ਰਾਖਵੀਂ ਐਂ , ਜ਼ੈਲਦਾਰ ਘਰਾਂ ਤੇ ਲਾਗੂ ਨਹੀਂ ਹੁੰਦੀ ਇਹ । ਮਾਂ ਫਿਰ ਮੇਰੀ ਧੀ ਪਾਸ਼ੀ ਦਾ ਰਾਗ ਅਲਾਪਣ ਲੱਗ ਪਈ ।

ਮੈਂ ਉਸ ਦਾ ਸਾਰਾ ਕੁਝ ਸੁਣਿਆਂ , ਅਣ-ਸੁਣਿਆਂ ਕਰਕੇ ਆਖ਼ਰ ਇਕ ਟੁੱਕ ਫੈਸਲਾ ਸੁਣਾ ਦਿੱਤਾ ਸੀ ਮਾਂ ਨੂੰ – ‘‘ ਉਹ ਭੇਜਣੀ ਭੇਜ ਦੇਣ ਸਿੱਧੀ ਤਰ੍ਹਾਂ , ਨਈਂ ਚੁੱਕ ਲਿਆਊਂ ਜ਼ਬਰਦਰਤੀ ।‘‘

ਉਦੋਂ ਮੇਰੇ ਨਾਲੋਂ ਵੱਧ ਮੇਰੀ ਐਚਕਨ ਗੂੰਜੀ ਸੀ ਮੇਰੇਂ ਅੰਦਰੋਂ । ਮੇਰੀ ਪਿਤਾ-ਪੁਰਖੀ ਐਚਕਨ । ਅਖ਼ਬਾਰ ਦੇ ਪੂਰੇ ਸਫੇ ਜਿੰਨੀ ਵੱਡੀ ਹੈ ਇਹ । ਇਹ ਜੜੀ ਪਈ ਹੈ ਸਾਫ਼-ਸੁਧਰੇ ਸ਼ੀਸ਼ੇ ‘ ਚ । ਚਮਕਦਾਰ ਸੋਨੇ ਰੰਗੇ ਫਰੇਮ ਨਾਲ । ਪਾਠ ਪੜ੍ਹਦੇ ਭਾਈ ਆਪਣੀ ਸਾਂਝੀ ਸੁਰ ‘ਚ ਮਸਤ ਹਨ । ਫੋਟੋ ‘ ਚ ਛਪਿਆ ਮੈਂ ਆਪਣੀ ਧੁੰਨ ‘ਚ । ਫਰੇਮ ਉੱਪਰ ਟਿਕਿਆ ਕੀਮਤੀ ਹਾਰ , ਮੇਰੇ ਮੂੰਹ-ਚਿਹਰੇ ਨੂੰ ਹੋਰ ਵੀ ਉੱਘੜਦਾ ਕਰਦਾ ਲੱਗਾ ਹੈ ਮੈਨੂੰ । ਮੂੰਹ-ਚਿਹਰੇ ਨਾਲੋਂ ਮੇਰੀ ਐਚਕਨ ਨੂੰ ।ਕਾਠਗੜੀਏ ਇਸੇ ਦੀ ਘੁਰਕੀ ਨੇ ਡਰਦੇ ਕੀਤੇ ਸੀ । ਪਹਿਲੋਂ ਤਾਂ ਉਹ ਪੈਰ ਹੀ ਨਹੀਂ ਸੀ ਲਾਉਂਦੇ । ਕਹਿੰਦੇ  ਸੀ – ‘‘ ਅਹੀਂ ਵਿਆਈ –ਵਰ੍ਹੀ ਧੀ ਦੀ ਥਾਂ ਕੁ ਆਰ-ਕੰਜਰ ਕਿੱਦਾਂ ਤੋਰ ਦਈਏ । ਹਾਡਾ ਤਾਂ ਰਹਿੰਦਾ ਵੀ ਨੱਕ ਵੱਢਿਆ ਜਾਊ । ਹਾਨੂੰ ਤਾਂ ਹਜੇ ਪਹਿਲੀ ਦਾ ਈ ਸੱਲ ਨਹੀਂ ਭੁੱਲਿਆ । ਸਾਹਮਣੇ ਚੁੱਕੀ ਗਈ ਸੀ ਬਾਡਰ ਲੰਘਦਿਆਂ । ‘’

ਕਈ ਚਿਰ ਰੇੜਕਾ ਪਿਆ ਰਿਹਾ । ਆਖਿਰ ਕਿਸੇ ਸਿਆਣੇ ਨੇ ਉਨ੍ਹਾਂ ਦੀ ਦੁਬਿਧਾ ਹੱਲ ਕਰ ਦਿੱਤੀ । ਉਸ ਨੇ ਸਲਾਹ ਦਿੱਤੀ ਸੀ – ‘’ਤੁਹੀ ਏਨੂੰ ਵੀ ਉਥੇ ਈ ਵਿਆਹ ਦਿਓ , ਉਸੇ ਜੁਆਈ ਨਾਲ । ਜ਼ੈਲਦਾਰਾਂ ਘਰੀਂ ਤਾਂ ਕਈ ਕਈ ਵਸੇਬਾ ਕਰਦੀਆਂ । ਇਹ ਤਾਂ ਭਲਾ ਹੈ ਈ ਦੋ । ….ਇਹ ਨਮੀਂ ਗੱਲ ਥੋੜ੍ਹੀ ਆ ! ‘’

ਜੀਤੋ ਦਾ ਮਸਲਾ ਸਿਰੇ ਲੱਗਾ ਤਾਂ ਚੰਨੋ ਅੜ ਖਲੋਤੀ । ਅੜੀ ਕੀ ਉਹਨੇ ਸਾਫ਼ ਇਨਕਾਰ ਕਰ ਦਿੱਤਾ । ਕਹਿੰਦੀ – ‘’ ਮੈਂ ਰਹਿਣਾ ਈ ਨਈਂ ਐਹੋ ਜੇਏ ਜੂਠ ਬੰਦੇ ਨਾ । ਰਹਿਣਾ ਛੱਡਕੇ ਥੁੱਕਣਾ ਤੱਕ ਨਹੀਂ ਏਦ੍ਹੇ ਮੂੰਹ ‘ਤੇ ।ਪ੍ਰਛਾਮਾਂ ਤੱਕ ਨਈਂ ਪੈਣ ਦੇਣਾ ਨਾ ਆਪਣੇ ਤੇ , ਨਾ ਆਪਣੀ ਧੀ ਤੇ । ‘’

ਚਾਹੰਦਾ ਮੈਂ ਵੀ ਇਹੋ ਕੁਝ ਸੀ , ਪਰ ਉਸ ਦੇ ਮੂੰਹ-ਜ਼ੋਰ ਉੱਤਰ ਨੇ ,ਉਸ ਦੀ ਟੈਂ-ਟੱਸ ਨੇ ਮੇਰੇ ਅੰਦਰ ਜਿਵੇਂ ਭਾਂਬੜ ਬਾਲ ਦਿੱਤਾ ਹੋਵੇ । ਰੋਹ-ਗੁੱਸੇ ‘ ਚ ਆਇਆ ਮੈਂ ਸਿਰ ਤੋਂ ਪੈਰਾਂ ਤੱਕ ਕੰਬ ਉੱਠਿਆ ਸੀ । ਇਵੇਂ ਤਾਂ ਕਦੀ ਵੀ  ਨਹੀਂ ਸੀ ਹੋਈ ਮੇਰੇ ਨਾਲ , ਨਾ ਮੇਰੇ ਪੁਰਖਿਆ ਨਾਲ ।ਮੇਰੇ ਨਾਲੋਂ ਵੱਧ ਮੇਰੀ ਐਚਕਨ ਦੀ ਪਿੱਠ ਲੱਗੀ ਸੀ  ,ਮੇਰੇ ਕਾਰਨ । ਤਾਂ ਵੀ ਬਿਲਕੁਲ ਸੁਰਖਰੂ ਸੀ ਪਹਿਲੀ ਪਤਨੀ ਤੋਂ । ਉਸ ਨੂੰ ਤਾਂ ਮੈਂ ਆਪਣੇ ਚਿੱਤ-ਚੇਤੇ ‘ ਚੋਂ ਵੀ ਕੋਣਾ ਖਾਲੀ ਨਹੀਂ ਸੀ ਕੀਤਾ । ਉਸ ਦਾ ਮੋਹ-ਜਾਲ ਤਹਿ-ਦਰ-ਤਹਿ ਲਿੱਪਟਦਾ ਗਿਆ ਸੀ ਮੇਰੇ ਦੁਆਲੇ ।ਕਾਠਗੜ੍ਹ ਗਿਆ ਮੈਂ ਉਸ ਨੂੰ ਵੀ ਜਾ ਮਿਲਦਾ ਸਾਂ ਉਚੇਚ ਨਾਲ । ਉਹ ਵੀ ਸਾਬ੍ਹ ਸਲਾਮ ਕਰਦੀ ਰਹੀ ਸੀ , ਕਦੀ ਰਸਮੀਂ ਜਿਹੀ ਕਦੇ ਪੂਰੇ ਮੋਹ-ਤੇਹ ਨਾਲ । ਵਿਚ-ਵਾਰ ਉਸ ਨੇ ਹਰਜੀਤ ਦੇ ਬਾਲ-ਬੱਚਿਆਂ  ਦਾ ਹਾਲ-ਹਵਾਲ ਵੀ ਪੁੱਛਿਆ ਸੀ ਮੇਰੇ ਤੋਂ ।ਉਹਨੂੰ ਛੋਟੀ ਬੀਬੀ ਆਖਦਿਆਂ  । ਇਕ ਵਾਰ ਤਾਂ ਉਸਦੀ ਸਹਿ-ਸੁਭਾ ਦੀ ਆਖੀ ਮੈਨੂੰ – ‘‘ ਭਾਪਾ ਮੈਨੂੰ ਆਪਣੇ ਧੀਆਂ-ਪੁੱਤਰਾਂ ‘ ਚੋਂ ਖਾਰਜ ਨਾ ਕਰ ਦਈਂ । ਕਾਟਾ ਨਾ ਮਾਰ ਦਈਂ ਮੇਰੇ ਨਾਂ ਤੇ । ‘‘ ਉਦੋਂ ਉਹ ਕਿਸੇ ਵੱਡੇ ਸ਼ਹਿਰ ਪੜ੍ਹਦੀ ਸੀ ਕਿਸੇ ਵੱਡੀ ਜਮਾਤ ‘ਚ ।

ਮੈਂ ਹੋਰ ਵੀ ਮੋਹਿਆ ਗਿਆ ਸੀ ਉਸਦੇ ਭੋਲੇਪਨ ਤੋਂ ।

ਉਸ ਵਾਰ ਮੈਨੂੰ ਇਹ ਵੀ ਲੱਗਾ ਸੀ ਕਿ – ‘‘ ਏਦ੍ਹੀ ਮਾਂ ਚੰਨਣ ਕੌਰ ਨੇ ਆਪਣੇ ਅੱਧੇ ਹਿੱਸੇ ਨਹੀ ਏਨੂੰ ਅੱਗੇ ਕੀਤਾ । ‘‘ ਇਹ ਠੀਕ ਸੀ ਜਾਂ ਗ਼ਲਤ ਮੈਂ ਨਿਰਣਾ ਨਹੀਂ ਸੀ ਕਰ ਸਕਿਆ ।

ਮੈਂ ਕਾਠਗੜ੍ਹ ਜਾਣਾ ਉੱਕਾ ਹੀ ਬੰਦ ਕਰ ਦਿੱਤਾ ।

ਫਿਰ ਥੋੜ੍ਹੇ ਕੁ ਸਾਲੀਂ ਉਹ ਆਪ ਚੱਲ ਕੇ  ਆ ਗਈ , ਮਲਿਕਪੁਰ । ਨਾਲ ਉਸ ਦਾ ਪਤੀ । ਸੋਹਣਾ-ਸੁਨੱਖਾ ਪੁਲਿਸ ਅਫ਼ਸਰ । ਨਾਲ ਦੋ ਤਿੰਨ ਬਾਡੀ-ਗਾਰਡ । ਮੈ  ਅੰਦਰੋਂ ਅੰਦਰੀ ਸਹਿਮ ਗਿਆ । ਜੀਤੋਂ ਆਪਣੀ ਥਾਂ ਭੈਅ-ਭੀਤ । ਸਾਨੂੰ ਦੋਵਾਂ ਨੂੰ ਪਾਸ਼ੀ ਦੇ ਅੱਧੇ-ਹਿੱਸੇ ਦਾ ਤੌਖਲਾ । ਪਰ, ਉਹਦੇ ਛਾਹ ਵੇਲੇ ਦੀ ਆਈ ਨੇ ਕੋਈ ਗੱਲ ਹੀ ਨਾ ਕੀਤੀ ਐਸੀ – ਵੈਸੀ ।ਭੋਗ ਤੱਕ ਨਾ ਪਾਇਆ ਹਿੱਸੇ – ਵਿੱਸੇ ਦਾ ।ਅਸੀਂ ਸਾਰੇ ਜੀਅ ਅੰਦਰੋਂ ਅੰਦਰ ਊਈਂ ਘੁੱਟੇ-ਵੱਟੇ ਰਹੇ । ਓਪਰਾ ਓਪਰਾ ਹੱਸਦੇ ਬੋਲਦੇ ਦਿੱਖ ਦਿਖਾਵਾ ਕਰਦੇ ਰਹੇ । ਪਰ ਉਸ ਨੂੰ ਜਿਵੇਂ ਚਾਅ ਚੜ੍ਹਿਆ ਰਿਹਾ ਸੀ । ਉਸ ਦੇ ਬੋਲਾਂ ‘ ਚ ਅਪਣੱਤ । ਉਸ ਦਾ ਚਿਹਰਾ ਨਿਰਛੱਲ ਸੀ  , ਉਸ ਦੇ ਬੋਲਾਂ ‘ ਚ ਅਪਣੱਤ ।

ਲੋਢੇ ਕੁ ਵੇਲੇ ਮੈਨੂੰ ਉਹ ਥੋੜ੍ਹੀ ਜਿਹੀ ਉਦਾਸ ਜਾਪੀ ਸੀ । ਇਸ ਵਾਰ ਉਸ ਦੇ ਬੋਲ ਮੈਂ ਇੱਕਲੇ ਨੇ ਨਹੀਂ ਘਰ ਦੇ ਸਾਰੇ ਜੀਆਂ ਨੇ ਸੁਣੇ ਸਨ – ‘‘ ਭਾਪਾ ਜੀ ਤੁਸੀਂ ਮੈਨੂੰ ਆਪਣੇ ਪੁੱਤਰਾਂ-ਧੀਆਂ ‘ ਚੋਂ ਉੱਕਾ ਈ ਖਾਰਜ ਕਰ ਛੱਡਿਆ । ਕਾਟਾ ਈ ਮਾਰਤਾ ਮੇਰੇ ਨਾਂ ਤੇ । ਤੁਸੀਂ  … ਤੁਸੀਂ ਪੁੱਜੇ ਈ ਨਈਂ , ਮਿਲਣੀ ਕਰਨ ਵੀ  ।‘‘

ਇਸ ਵਾਰ ਉਸ ਦੇ ਬੋਲਾਂ ‘ ਚ ਹਿਰਖ਼ ਸੀ , ਚਿਹਰੇ ਤੇ ਉਦਾਸੀ  ਤੇ ਅੱਖਾਂ ‘ ਚ ਉਲਾਮ੍ਹਾ । ਮੈਂ ਉਸ ਦੇ ਹਿਰਖ਼ – ਰੋਹ , ਉਸਦੀ ਉਦਾਸੀ ਨੂੰ ਹੁਣ ਤੱਕ ਸਾਂਭੀ ਰੱਖਿਆ ਐ । ਦੋ-ਤਿੰਨ ਵਾਰ ਉਸ ਨੂੰ ਮਿਲ ਵੀ ਆਇਆਂ , ਆਨੀਂ-ਬਹਾਨੀਂ । ਉਸ ਦੇ ਫਾਰਮ ਤੇ ਪੁੱਜ ਕੇ ਹਨੂਮਾਨਗੜ੍ਹ । ਉਸ ਦੇ ਅੱਠਾਂ ਮੁਰੱਬਿਆਂ ਦੇ ਟੱਕ ‘ ਚ ਘੁੰਮ ਫਿਰ ਵੀ ਆਇਆ , ਉਸ ਦੀ ਜੀਪ ਤੇ ਸਵਾਰ ਹੋ ਕੇ ।
ਉਸ ਦੇ ਦੋ ਸੌ ਏਕੜ ਦੇ ਫਾਰਮ ‘ ਚ ਘੁੰਮਦੇ ਦੀ ਮੇਰੀ ਸੱਠਾਂ-ਸੱਤਰਾਂ ਖੇਤਾਂ ਦੀ ਜ਼ੈਲਦਾਰੀ ਪਾਣੀਓ-ਪਾਣੀ ਹੋਈ ਰਹੀ ਸੀ । ਉਸਦੀ ਕਾਰਾਂ-ਜੀਪਾਂ ਨਾਲ ਭਰੀ ਮਹਿਲ-ਨੁਮਾ ਕੋਠੀ , ਇਸਦਾ ਹਰ ਇਕ ਕਮਰਾ-ਚੁਬਾਰਾ , ਹਰ ਇਕ ਬਾਗ਼-ਬਗੀਚਾ , ਜਿਵੇਂ ਗਿਲਾ ਕਰਦਾ ਰਿਹਾ ਸੀ ਮੇਰੇ ਤੇ , ਮੇਰੀ ਦੁੱਧ –ਚਿੱਟੀ ਐਚਕਨ  ਤੇ – ‘‘ ਭਾਪਾ ਜੀ ,ਸਾਡੀ ਮਾਲਕਣ ਨੂੰ ਹਿੱਸੇ ਦੀ ਨਈਂ ਪਿਤਾ ਦੀ ਲੋੜ ਸੀ , ਪਿਤਾ ਦੀ । ‘‘

ਅੱਜ ਦੇ ਇਸ਼ਤਿਹਾਰਾਂ ‘ ਚ ਉਸ ਮਾਲਕਣ ਪਾਸ਼ੀ ਦਾ ਨਾਂ ਫਿਰ ਗਾਇਬ ਹੈ । ਇਹ ਮੈਂ ਨਹੀਂ , ਅਖ਼ਬਾਰ ‘ ਚ ਛਪੇ ‘ ਦੁਖੀ-ਹਿਰਦਿਆਂ ‘ ਨੇ ਕੀਤਾ । ਮੈਂ  ….ਮੈਂ ਤਾਂ ……। ‘’

ਮੈਂ ਅੰਤਮ ਅਰਦਾਸ ਲਈ ਲੱਗੇ ਲੰਮੇ ਪੰਡਾਲ ’ ਚ ਦੂਰ ਤੱਕ ਨਿਗਾਹ ਮਾਰੀ ਹੈ । ਪਾਸ਼ੀ ਮੈਨੂੰ ਕਿਧਰੇ ਵੀ ਦਿਖਾਈ ਨਹੀਂ ਦਿੱਤੀ । ਨਾ ਉਸ ਦਾ ਪਤੀ । ਸਾਰਾ ਪੰਡਾਲ ਭਰਿਆ ਪਿਆ । ਭਰਿਆ ਛੱਡ ਕੇ ਤੂੜ ਹੋਇਆ ਪਿਆ ,ਖੜਿਆਂ-ਬੈਠਿਆਂ ਨਾਲ ।ਮੇਰੀ ਦੂਜੀ ਪਤਨੀ ਹਰਜੀਤ , ਉਸ ਦੇ ਚਾਰੇ ਸਜੇ-ਧਜੇ ਧੀਆਂ-ਪੁੱਤਰ ਪਹਿਲਾਂ ਬੈਠੇ ਦਿਸੇ ਸੀ ਮੈਨੂੰ ,ਹੁਣ ਉਸੇ ਤਰਤੀਬ ’ ਖੜ੍ਹੇ ਹੋ ਗਏ ਹਨ । ਦਰਜਾ-ਬ-ਦਰਜਾ ਉਮਰਵਾਰ । ਉਨ੍ਹਾਂ ਤੋਂ ਪਿਛਲੀ ਪਾਲ ’ ਚ ਉਨ੍ਹਾਂ ਦੇ ਸੱਸਾਂ-ਸਹੁਰੇ । ਉਨ੍ਹਾਂ ਰੀਸੇ ਮੈਂ ਵੀ ਖੜ੍ਹਾ ਹੋ ਗਿਆ ਹਾਂ । ਉਨ੍ਹਾਂ ਉੱਠਦਿਆਂ ਸਾਰ ਹੱਥ ਜੋੜ ਲਏ ਹਨ । ਅੱਖਾਂ ਮੁੰਦ ਲਈਆਂ  ਹਨ । ਉਹ ਸ਼ਰਧਾ-ਮੁਗੱਧ ਹੋਏ ਕੋਈ ਬੇਨਤੀ ,ਕੋਈ ਇਲਤਜ਼ਾਅ , ਕੋਈ ਖਾਸ ਤਰ੍ਹਾਂ ਦੀ ਫ਼ਰਮਾਇਸ਼ ਕਰਦੇ ਲੱਗੇ ਹਨ । ਕਿਸੇ ਰੱਬ-ਗੁਰੂ ਕੋਲ । ਕਿਸੇ ਸ਼ਾਹ-ਪਾਤਸ਼ਾਹ ਅੱਗੇ , ਹਾਂ ਸੱਚ-ਮੁੱਚ ਇਵੇਂ ਹੀ ਹੋਇਆ ਹੈ । ਉਨ੍ਹਾਂ ਕਿਹਾ ਹੈ – ’ ’ ਸਰਦਾਰ ਬਹਾਦਰ ਗਿਆਨੀ ਗੁਰਮੁੱਖਜੀਤ ਸਿੰਘ ਜੀ ਜ਼ੈਲਦਾਰ ਨੂੰ ਆਪਣੇ ਚਰਨਾਂ ’ ਚ ਨਿਵਾਸ ਦਈਂ , ਏਨ੍ਹਾਂ ਦੀ ਰੂਹ ਨੂੰ ਆਵਾਗਰਮਨ ਦੇ ਚੱਕਰ ਤੋਂ ਮੁਕਤ । ’ ’ ਪਰ ,ਝੱਟ ਹੀ ਮੈਨੂੰ ਲੱਗਾ , ਇਹ ਬੋਲ ਉਨ੍ਹਾਂ ਮੂੰਹੋਂ ਨਹੀਂ , ਭਾਈ ਜੀ ਦੇ ਮੁਖਾਰਬਿੰਦ ਤੋਂ ਨਿਕਲੇ ਹਨ । ਉਹ ਵੀ ਉਨ੍ਹਾਂ ਵਾਂਗ ਹੀ ਹੱਥ ਜੋੜੀ ਖੜਾ ਹੈ , ਗੁਰੂ ਬਾਬੇ ਦੀ ਬੀੜ ਸਾਹਮਣੇ । ਉਸਨੇ ਕਿੰਨਾ ਕੁਝ ਹੋਰ ਵੀ ਆਖਿਆ ਬੋਲਿਆ ਹੈ , ਸੱਦੇ ਉੱਠੀ ਜਾਹਿ ਦੇ ਮਹਾਂਵਾਕ ਅਨੁਸਾਰ , ਆਪ ਜੀ ਵੱਲੋਂ ਬਖ਼ਸ਼ੀ ਹੋਈ ਸੁਆਸਾਂ ਦੀ ਪੂੰਜੀ ਸਮੇਟ ਕੇ , ਆਪ ਜੀ ਵੱਲੋਂ ਪ੍ਰਵਾਨ ਹੋਈ ਜੀਵਨ ਯਾਤਰਾ ਪੂਰੀ ਕਰਕੇ ਸਰਦਾਰ ਬਹਾਦਰ ਗਿਆਨੀ ਗੁਰਮੁੱਖਜੀਤ ਸਿੰਘ ਜੀ ਜ਼ੈਲਦਾਰ , ਆਪ ਜੀ ਦੇ ਚਰਨਾਂ ਵਿਚ ਆ ਵਿਰਾਜੇ ਹਨ । ਇਨ੍ਹਾਂ ਦੀ ਦੇਵਤਾ ਰੂਹ ਨੂੰ ਆਪਣੇ ਚਰਨਾਂ ’ ਚ ਨਿਵਾਸ ਦੇਣ ਦੀ ਕਿਰਪਾਲਤਾ ਕਰਨੀ ਜੀ । ਆਵਾਗਰਮਨ ਦੇ ਚੱਕਰ ਤੋਂ ਮੁਕਤ ਕਰਨ ਦਾ ਕਿਰਤਾਰਥ ਕਰਨਾ ਜੀ । ਹੇਅ ਗੁਰੂ ਗਰੀਬਨ-ਨਿਬਾਜ ਜੀਓ , ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣਾ ਜੀ ਵਗੈਰਾ-ਵਗੈਰਾ । ’ ’ਭਾਈ ਜੀ ਨੇ ਹੋਰ  ਕੀ ਕੁਝ ਕਿਹਾ , ਉਸ ਨੇ ਕਿਹੜਾ ਵਿੱਖਿਆਨ ਕਦ ਪੂਰਾ ਕੀਤਾ , ਮੇਰਾ ਇਸ ਵੱਲ ਰਤੀ ਭਰ ਵੀ  ਧਿਆਨ ਨਹੀਂ ਸੀ ਰਿਹਾ ।ਮੈਨੂੰ ਪਾਸ਼ੀ , ਉਸ ਦੇ ਪਤੀ ਦੀ ਗੈਰਮੌਜੂਦਗੀ ਵੀ ਹੁਣ ਲੱਗਭੱਗ ਵਿਸਰ ਹੀ ਗਈ ਸੀ । ਮੈਂ …ਮੈਂ ਤਾਂ ਜੀਵਨ-ਯਾਤਰਾ , ਦੇਵਤਾ – ਰੂਹ ,ਚਰਨਾਂ ’ ਚ ਨਿਵਾਸ , ਆਵਾਗਰਮਨ ਦਾ ਚੱਕਰ ,ਭਾਣਾ ਮੰਨਣ ਵਰਗੇ ਸ਼ਬਦ – ਜੁੱਟਾਂ ਦੀ ਅਰਥ ਸੰਗਿਆ ’ ਚ ਉਲਝਿਆ , ਕਿੰਨਾ ਚਿਰ ਹੋਰ ਉਵੇਂ ਖੜਾ ਰਿਹਾ । ਇਹ ਸ਼ਬਦ ਤਾਂ ਮੈ ਵਰਤਦਾ ਆਇਆ ਸੀ ,ਮੇਰੇ ਵੱਡੇ-ਵਡੇਰੇ ਵਰਤਦੇ ਆਏ ਸੀ ,ਚਿਰਾਂ ਤੋਂ ।ਇਹ ਆਪ ਹੀ ਤਾਂ ਘੜੇ-ਬਣਾਏ ਸੀ ਮੇਰੀ ਵੱਡੇ-ਵਡੇਰੇ ਵਰਤਦੇ ਆਏ ਸੀ , ਚਿਰਾਂ ਤੋਂ । ਇਹ ਆਪ ਹੀ ਤਾਂ ਘੜੇ ਬਣਾਏ ਸੀ ਮੇਰੀ ਪਿਤਾ-ਪੁਰਖੀ ਐਚਕਨ ਨੇ , ਕਮੀਂ-ਕਾਮਿਆਂ ਲਈ , ਦਿਹਾੜੀਦਾਰਾਂ ਡਗਾਰਾਕਾਰਾਂ ਲਈ । ਕੰਮ ਜੂ ਲੈਣਾ ਹੁੰਦਾ ਸੀ ਉਨ੍ਹਾਂ ਤੋਂ । ਖੇਤਾਂ-ਪੈਲੀਆਂ ‘ ਚ ,ਘਰਾਂ-ਹਵੇਲੀਆਂ ‘ ਚ । ਗੋਹੇ-ਕੂੜੇ ਦਾ , ਸਾਫ਼-ਸਫਾਈ ਦਾ , ਹੋਰ ਵੀ ਗੋਡੀ-ਵਾਡੀ ਦਾ । ਇਹ ਲੋਕ ਕਿੰਨਾ ਭੈਅ ਮੰਨਦੇ ਰਹੇ ਸੀ , ਇਨ੍ਹਾਂ ਸ਼ਬਦਾਂ ਦਾ । ਇਹ ਲੋਕ ਕਿੰਨਾ ਭੈਅ ਮੰਨਦੇ ਆਏ ਆ , ਹੁਣ ਤੱਕ ਮੰਨੀ ਜਾਂਦੇ ਆ , ਨਿਰੇ-ਪੁਰੇ ਸ਼ਬਦ ਅਡੰਬਰ ਦਾ । ਸੁਰਤ ਹੀ ਨਹੀਂ ਆਉਣ ਦਿੱਤੀ । ਸੋਝੀ ਤੱਕ ਨਹੀਂ ਕਰਨ ਦਿੱਤੀ ਸਾਡੀ ਇਸ ਐਚਕਨ ਘਾੜਤ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਆਪ ਦੀ ।

ਮੈਨੂੰ ਲੱਗਾ , ਅਰਦਾਸ ਕਰਦੇ ਭਾਈ ਨੇ ਮੇਰੇ ਹੀ ਸ਼ਬਦ ਕੋਸ਼ ਦਾ ਨੇਜ਼ਾ ਜਿਵੇਂ ਮੇਰੇ ਹੀ ਸੀਨੇ ‘ ਖੋਭ ਦਿੱਤਾ ਹੈ । ਇਕ ਤਰ੍ਹਾਂ ਦੀ ਟਾਂਚ – ਟਕੋਚ ਕੀਤੀ ਹੈ ਉਸ ਨੇ ਮੈਨੂੰ । ਮੇਰੇ ਨਾਲੋਂ ਵੱਧ ਮੇਰੀ ਐਚਕਨ ਨੂੰ । ਗੁੱਸਾ ਤਾਂ ਆਉਣਾ ਹੀ ਆਉਣਾ ਸੀ ਇਹਨੂੰ । ਆਇਆ ਕੀ ਗੁੱਸਾ-ਗੁਬਾਰ ਤਾਂ ਇਹਦੇ ਸਿਰ ਨੂੰ ਹੀ ਜਾ ਚੜ੍ਹਿਆ ਹੈ ਸਿੱਧਾ । ਆਪੇ ਤੋਂ  ਬਾਹਰ ਹੋਈ ਇਹ ਅਵਾ – ਤਵਾ ਬੋਲਣ ਲੱਗਦੀ ਹੈ ਉਸ ਨੂੰ । ਉਸਨੂੰ ਦੋ-ਟੁੱਕ ਦਾ ਬੰਦਾ ਕਹਿੰਦੀ ਹੈ । ਅੱਖਾਂ ਕੱਢਦੀ ਹੈ , ਉਸ ਵੱਲ ਨੂੰ – ‘‘ ਏਦ੍ਹੀ ਏਹ ਮਜ਼ਾਲ ! ਦਿਹਾੜੀਦਾਰ-ਡਗਾਰੇਦਾਰ ਕੰਮੀ ਦੀ ਏਨੀ ਹਿੰਮਤ !! ਦੇਖ ਲਊਗੀ ਮੈਂ ਏਨੂੰ ! ਏਦੀ ਮਾਂ ਨੂੰ ! ‘‘ ਹੋਰ ਪਤਾ ਨਹੀਂ ਕੀ ਕੁਝ ਬੋਲਿਆ  ਹੈ ਇਸਨੇ ਪਰ ਇਸਦੇ ਤਲਖ਼ ਬੋਲ ਅੱਪੜੇ ਨਹੀਂ ਹਨ ਕਿਸੇ ਦੇ ਕੰਨਾਂ ਤੱਕ ਵੀ । ਇਹ ਸਾਰੇ ਦੇ ਸਾਰੇ  ਦੁੱਬੇ-ਘੁੱਟੇ ਗਏ ਹਨ ਜੈਕਾਰਿਆਂ ਦੀ ਗੂੰਜ ਹੇਠ । ਮਧੋਲੇ ਗਏ ਹਨ ਇਕ ਤਰਾਂ ਨਾਲ ਭਰੇ ਪੰਡਾਲ ‘ ਚ । ਮੇਰੇ ਹੱਥ ਅੱਜ ਦੀ ਅਖ਼ਬਾਰ ‘ ਚ ਛਪੇ ਇਸ਼ਤਿਹਾਰ ਸਮੇਤ ਸ਼ੀਸ਼ੇ ਜੜੀ ਐਚਕਨ ਦੋਵੇਂ ਬੇਬੱਸ ਹੋਈਆਂ । ਸਹਿਮ ਗਈਆਂ ਲੱਗੀਆਂ ਹਨ ਮੈਨੂੰ । ਮੈਂ ਡੌਰ-ਭੌਰ ਹੋਇਆ , ਐਧਰ-ਓਧਰ ਦੇਖਦਾ ਹਾਂ । ਖੜੇ-ਖੜੋਤੇ ਸਾਰੇ ਲੋਕ ਹੇਠਾਂ ਬੈਠ ਗਏ ਹਨ । ਇਕ ਸੁਖਾਵੀਂ ਜਿਹੀ ਚੁੱਪ ਪੱਸਰੀ ਰਹੀ ਹੈ ,ਥੋੜਾ ਕੁ ਚਿਰ । ਹਰਜੀਤ ਕੌਰ , ਉਸਦੇ ਚਾਰੇ ਧੀਆਂ-ਪੱਤਰਾਂ , ਉਨ੍ਹਾਂ ਦੇ ਸੱਸਾਂ-ਸੌਹਰਿਆਂ ਨੇ ਵੀ ਚੌਕੜੀ ਮਾਰ ਲਈ ਹੈ ਵਾਕ ਸੁਣ ਕੇ । ਉਸੇ ਤਰਤੀਬ ‘ਚ । ਉਨ੍ਹਾਂ ਲਾਗੇ ਪਏ ਗੱਦੇ-ਦਾਰ ਤਖ਼ਤ-ਪੋਸ਼ ਤੇ ਰਾਗੀ ਜਥਾ ਕੀਰਤਨ ਕਰਨ ਆ ਬੈਠਾ । ਇਕ ਸਾਰ ਚੋਗੇ-ਪਜਾਮੇ ,ਇਕ ਸਾਰ ਦਸਤਾਰਾਂ-ਗਾਤਰੇ । ਕਿੰਨੇ ਸਾਰੇ ਸਾਜ਼-ਸੰਦ । ਉਨ੍ਹਾਂ ਆਉਂਦਿਆਂ ਸਾਰ ਸੁਰਤਾਲ ਛੇੜ ਲਿਆ – ‘‘ ਸੱਜਣ ਮੈਡੇਂ ਰੰਗਲੇ ਜਾਇ ਸੁੱਤੇ ਜੀਰਾਣੁ । ‘‘ ਇਸ ਸ਼ਬਦ ਦੀ ਰੂਹ ਜਿਵੇਂ ਮੇਰਾ ਅੰਦਰ-ਬਾਹਰ ਵਿੰਨ ਗਈ ਹੈ । ਖੜ੍ਹੇ-ਖਲੋਤੇ ਦੇ ਮੇਰੇ ਅੰਗ-ਪੈਰ ਜਵਾਬ ਦੇ ਗਏ ਹਨ ਮੈਨੂੰ । ਮੈਂ ਧੜੱਪ ਕਰਕੇ ਬੈਠ ਗਿਆ  ਹਾਂ, ਡਿੱਗਣ ਵਾਂਗ । ਕਿੰਨੇ ਸਾਰੇ ਵਰ੍ਹੇ ਪਿਛਾਂਹ ਵੱਲ ਨੂੰ ਖਿੱਚਿਆ ਗਿਆ ਹਾਂ । ਰਾਂਗਲੇ ਦਿਨ ਅਜੀਬ ਤਰਾਂ ਦਾ ਹਾਸਾ ਹੱਸਦੇ , ਮੇਰੀ ਵੱਲ ਸਰਕ ਆਏ ਹਨ ।ਮੈਨੂੰ ਲੱਗਾ – ਪੰਡਾਲ ਦੀ ਇਕ ਨੁੱਕਰੇ ਖੜੀ ਚੰਨਣ ਕੌਰ ਮੇਰੀ ਵੱਲ ਸਿੱਧਾ ਦੇਖਦੀ ਠਹਾਕਾ ਮਾਰ ਕੇ ਹੱਸੀ ਹੈ । ਨਾਲ ਹੀ ਉਸਦੇ ਧੀਮੇਂ-ਟਿਕਵੇਂ ਬੋਲ ਮੇਰੇ ਤੱਕ ਅੱਪੜੇ ਹਨ , ਰੁਕ-ਰੁਕ ਕੇ – ‘‘ ਕਿਉਂ ਜ਼ੈਲਦਾਰਾਂ  … ਹੁਣ ਕੀ ਗੱਲ ਹੋ ਗਈ … ਬੜਾ ਓਦਾਰਿਆ ਬੈਠਾਂ  …. ਐਨਾ ਰੰਗ-ਰੋਸ਼ਨ ਹੋਣ ਢਿਆ ਆ ,ਐਨਾ ਟੌਅਰ ਟੱਪਾ ਬਣਿਆ ਆ ਤੇਰਾ  … ਫੇਅਰ ਵੀ … । ਹੁਣ ਹੋਰ ਕੀ ਭਾਲਦਾਂ  … ! ਜੋ  ….  ਜੇ ਹਜੇ ਵੀ ਰੱਜ ਨਈ ਹੈਗਾ ਤਾਂ ਰੈਹਣ ਦੇ ਹੈਸ ਟੱਬਰ ਨੂੰ ਹੈਥੇ ਈ ……  ਹੋਰ ਲੈ ਆ । ਜਾਗੀਰਦਾਰ ਘਰਾਂ ‘ ਚ ਵਸੇਬਾ ਕਰਦੀਆਂ  ….. ! ‘‘

ਉਸਨੇ ਇਹ ਟਿੱਚਰ-ਟਕੋਰ ਮੇਰੇ ਰਾਂਗਲੇ ਕੱਲ੍ਹ ਨੂੰ ਕੀਤੀ ਹੈ , ਜਾਂ ਖਾਲੀ-ਖਾਲੀ ਅੱਜ ਨੂੰ ! ਥੋੜਾ ਕੁ ਚਿਰ ਤਾਂ ਮੈਨੂੰ ਬਿਲਕੁਲ ਹੀ ਸਮਝ ਨਾ ਲੱਗੀ । ਪਰ ਝੱਟ ਇਸ ਅੰਦਰਲਾ ਸੱਚ ਮੇਰੇ ਸਾਹਮਣੇ ਆ ਖੜੋਇਆ ਹੈ ।

ਲਾਚਾਰ ਜਿਹਾ ਹੋਇਆ ਮੈਂ ਮੁੜ ਰਾਂਗਲੇ ਦਿਨਾਂ ਦੀ ਬੁੱਕਲ ‘ ਚ ਜਾ ਲੁਕਿਆ ਹਾਂ ।

ਲਾਇਲਪੁਰ ਜ਼ਿਲੇ ਦੇ 273 ਚੱਕ ਦੀ ਵੱਡੀ ਸਰਦਾਰੀ , ਮਲਿਕਪੁਰ ਪੁੱਜਣ ਤੱਕ ਅੱਧੀਓਂ ਵੱਧ ਛਾਂਗੀ ਗਈ ਸੀ । ਪਰ ਮੈਂ ਅੱਗੇ ਨਹੀਂ ਸੀ ਖ਼ਰਨ ਦਿੱਤਾ , ਛੋਟੇ  ਭਾਈ ਵਾਂਗ । ਉਲਟਾ ਜੋੜੇ ਸੀ ਪੂਰੇ ਦਸ ਖੇਤ ਉਹਦੇ ਹਿੱਸੇ ‘ ਚੋਂ । ਨਾਲ ਲੱਗਦੇ ਹੋਣ ਕਰਕੇ । ਨਾ ਵੀ ਲਗਦੇ ਹੁੰਦੇ ਤਾਂ ਵੀ ਕਿੱਥੇ ਛੱਡੇ ਜਾਣੇ ਸੀ । ਹੱਥ ਸੌਖਾ ਸੀ ਮੇਰਾ । ਮੈਂ ਠੀਕ-ਠਾਕ ਸਾਂ ਇਸ ਪੱਖੋਂ , ਅੱਵਲ ਵੱਧ ਸਾਂ ਠੀਕ-ਠੀਕ ਤੋਂ । ਤਨਖਾਹ ਆਉਂਦੀ ਸੀ ਮਹੀਨਾਵਾਰ । ਬੱਝਵਾਂ ਟੱਕ ਸੀ ਨਿਆਈਂ ਤੋਂ ਵਸੀਮੇਂ ਤੱਕ । ਚਾਰ ਪੈਸੇ ਜੁੜਦੇ ਗਏ ਸਨ । ਟੈਰਕਟਰ ਦੀ ਵਾਹੀ ‘ ਚੋਂ । ਮੇਰੀ ਰੀਸੇ ਛੋਟੇ ਭਾਈ ਨੇ ਵੀ ਟਰੈਕਟਰ ਲੈ ਲਿਆ । ਖੇਤੀ ਉਸ ਨੂੰ ਵੀ ਰਾਸ ਆਉਣ ਲੱਗ ਪਈ । ਫੇਅਰ ,ਪਤਾ ਨਹੀਂ ਉਸ ਨੂੰ ਕਿੰਨ੍ਹੇ ਤੁੱਖਣਾ ਦਿੱਤੀ , ਪਈ – ‘ ਜ਼ੈਲਦਾਰ ਜੱਟ ਦੀ ਹਵੇਲੀ ‘ ਕੱਲੇ ਟਰੈਕਟਰ ਨਾਲ ਨਈ ਸੱਜਦੀ  । ਨਾਲ ਜਾਂ ਤਾਂ ਕਾਰ ਖੜੀ ਹੋਵੇ ਜਾਂ ਟਰੱਕ । ਜੇ ਦੋਵੇਂ ਹੋਣ ਤਾਂ ਕਿਆ ਈ ਬਾਤਾਂ ।‘ ਪਹਿਲਾਂ ਤਾਂ ਸਾਲ ਖੰਡ ਉਸ ਨੇ ਕੋਈ ਗੌਹ ਨਾ ਕੀਤਾ । ਫਿਰ ਜਦ ਮੈਂ ਕਾਰ ਲੈ ਲਈ , ਲੈ ਕਾਨੂੰ ਲਈ , ਮਿਲ ਗਈ ਵੱਡੇ ਮੁੰਡੇ ਨੂੰ ਸਹੁਰਿਆਂ ਵੱਲੋਂ ,ਫੇਰ ਉਸ ਨੂੰ ਵੀ ਅੱਚੋਆਈ ਜਿਹੀ ਲੱਗ ਗਈ । ਉਸ ਨੇ ਕਾਰ ਦੀ ਥਾਂ ਟਰੱਕ ਲਿਆ ਖੜ੍ਹਾ ਕੀਤਾ ਨਵਾਂ-ਨਕੋਰ ਆਪਣੇ ਪਾਸੇ । ਉਹਨੇ ਸੋਚਿਆ ਹੋਣਾ – ‘‘ ਕਾਰ ਤਾਂ ਦਿੱਸਦੀ ਨਈਂ ਖੜ੍ਹੀ ਵਾਗਲ੍ਹੇ ਅੰਦਰ । ਟਰੱਕ ਤਾਂ ਦਿਸੂ ਦੂਰੋਂ । ਬਾਹਰਲੀ ਫਿਰਨੀ ਤੋਂ ਵੀ । ਲੰਘਦਾ-ਵੜਦਾ ਹੋਰ ਨਈਂ ਤਾਂ ਸਾ-ਸਰੀ-ਕਾਲ ਬੁਲਾ ਕੇ ਜ਼ਰੂਰ ਲੰਘੂ । ‘‘ ਉਸ ਨੇ ਇਕ ਹੱਲਾ ਹੋਰ ਮਾਰਿਆ । ਲਗਦੇ ਹੱਥ ਇਕ ਟਰੱਕ ਹੋਰ ਲੈ ਲਿਆ ।
ਇਸ ਲੱਗ-ਲਬੇੜ ‘ ਚ ਉਸ ਦੇ ਅੱਠ-ਦਸ ਖੇਤ ਜਾਂਦੇ ਲੱਗੇ । ਮੈਂ ਇਸ ਪੱਖੋਂ ਸੰਭਲਿਆ ਰਿਹਾ ਸੀ । ਫੋਕੇ ਦਿੱਖ-ਦਿਖਾਵੇ ਤੋਂ ਬਚਿਆ ਰਿਹਾ ਸੀ । ਮੇਰੇ ਤੇ ਪੁੱਠ ਹੀ ਇਵੇ  ਦੀ ਦਾੜ੍ਹੀ ਸੀ ਮਾਸਟਰ ਤਾਰਾ ਸਿੰਘ ਨੇ  , ਗਿਆਨੀ ਕਰਤਾਰ ਸਿੰਘ ਨੇ , ਸੁਆਮੀ ਪੂਰਨਾ ਨੰਦ ਨੇ  । ਚੱਕ 41 ਦੇ ਖਾਲਸਾ ਹਾਈ ਸਕੂਲ ‘ ਚ ।

ਇਹ ਅਧਿਆਪਕ ਜ਼ਰਾ ਕੁ ਵੱਖਰੀ ਸੁਰ ਵਾਲੇ ਬਾਲਾਂ ਨੂੰ ਫੱਟ ਪਛਾਣ ਲੈਂਦੇ ਸਨ । ਕਿਸੇ ਨੂੰ ਖੇਡਾਂ-ਖਾੜਿਆ ਵੱਲ ਨੂੰ ਤੋਰ ਦਿੰਦੇ ਸੀ । ਕਿਸੇ ਨੂੰ ਕਲਮ-ਕਲਾ , ਨੱਚਣ-ਟੱਪਣ ,ਗਾਉਣ-ਬਜਾਉਣ ਵੱਲ ਨੂੰ । ਰੁਚੀ ਮੁਤਾਬਿਕ । ਮੇਰੀ ਆਵਾਜ਼ ਚੰਗੀ ਸੀ ਮੈਨੂੰ ਕਵਿਤਾ-ਗਾਇਨ ਵੱਲ ਨੂੰ ਤੋਰ ਦਿੱਤਾ । ਕੋਈ ਸਕੂਲ ਸਭਾ ਕੋਈ ਪੁਰਬ-ਤਿਉਹਾਰ ਖਾਲੀ ਨਾ ਜਾਂਦਾ । ਮੇਰਾ ਝਾਕਾ ਮੁੱਢੋਂ-ਸੁੱਢੋਂ ਚੁੱਕਿਆ ਗਿਆ । ਢੇਰ ਸਾਰੀ ਮੁਹਾਰਤ ਹਾਸਿਲ ਹੋ ਗਈ । ਇਹੀ ਮੁਹਾਰਤ ਮੈਨੂੰ ਸਕੂਲੋਂ  ਬਾਹਰਲੇ ਪਿੜ ਵੱਲ ਨੂੰ ਲੈ ਤੁਰੀ । ਕਿਸਾਨੀ ਸਫਾਂ ‘ ਚ ਚਲਦੇ ਮੋਘਾ-ਸੰਘਰਸ਼ ਵੱਲ ਨੂੰ । ਮੈਂ ਦਰਸ਼ਨ ਸਿੰਘ ਆਵਾਰਾ ਦੀਆਂ ਕਵਿਤਾਵਾਂ ਉੱਚੀ ਹੇਕ ਲਾ ਕੇ ਗਾਉਦਾ । ਤੇਜਾ ਸਿੰਘ ਸੁਤੰਤਰ ,ਚੈਂਚਲ ਸਿੰਘ ਚੱਬਾ ਆਪਦੇ ਢੰਗ ਨਾਲ ‘ ਬਗਾਵਤ ‘ ਪ੍ਰਚੰਡ ਕਰਦੇ ।

ਮੇਰੇ ਬਾਪੂ ਜੀ ਨੂੰ ਮੇਰੀ ਗੁਰਦੁਆਰਿਆਂ – ਦੀਵਾਨਾਂ ਤੱਕ ਦੀ ਸ਼ਿਰਕਤ ਤਾਂ ਬੇ-ਹੱਦ ਪਸੰਦ ਆਉਂਦੀ ਰਹੀ । ਉਹ ਬੜਾ ਹੱਥ ਕੇ ਥਾਪੀ ਦਿਆ ਕਰਦੇ ਸੀ ਮੈਨੂੰ । ਜੈਕਾਰੇ  ਛੱਡਿਆ ਕਰਦੇ ਸੀ ਗੱਜ-ਵੱਜ ਕੇ ਗੁਰ-ਮਹਿਮਾ , ਗੁਰੂ-ਉਸਤੱਤ ਸੁਣਦੇ ਮੇਰੇ ਤੋਂ । ਪਰ ,ਉਨ੍ਹਾਂ ਨੂੰ ਮੇਰਾ ਬਾਹਰਲਾ ਤੋਰਾ-ਫੇਰਾ ਬਿਲਕੁਲ ਹੀ ਪਸੰਦ ਨਹੀਂ ਸੀ ਆਉਂਦਾ । ਉਹ ਟੋਕਦੇ-ਵਰਜਦੇ ਇਹ ਗੱਲ ਜਰੂਰ ਚਿਤਰਦੇ ਸਨ ਹਰ ਵਾਰ – ‘‘ ਤੈਨੂੰ ਪਤਆ ਤੂੰ ਕੇਨਾਂ ਨਾਲ ਤੁਰਿਆਂ ਫਿਰਦਾਂ । ਇਹ ਕੌਮਨਿਸਟ ਆ ਕੌਮਨਿਸਟ । ਇਹ ਲੋਕ ਤਾਂ ਮੱਤ ਮਾਰ ਦਿੰਦੇ ਆ ,ਬੁੱਧੀ ਭ੍ਰਿਸ਼ਟ ਕਰ ਛੱਡਦੇ ਆ ਚੰਗੇ ਭਲੇ ਦੀ । ਤੂੰ ਕਿੱਥੇ ਫੱਸ ਗਿਆ ਏਨ੍ਹਾਂ ‘ ਚ ….. ! ‘‘

ਪਰ , ਮੈਂ ਫਸਿਆ ਨਹੀਂ ਉਨ੍ਹਾਂ ‘ ਚ । ਨਾ ਹੀ ਮੇਰੀ ਮੱਤ-ਬੁੱਧੀ ਨੂੰ ਕੋਈ ਲਾਗ ਲੱਗੀ ਸੀ ਚੱਗੀ ਸੀ ਚੰਗੀ-ਮਾੜੀ । ਮੈਂ ਤਾਂ ਸਗੋਂ ਆਪਣੀ ਦੁੱਧ-ਚਿੱਟੀ ਐਚਕਨ ਨੂੰ ਹੋਰ ਵੀ ਚਮਕਦਾ ਕਰ ਲਿਆ ਸੀ , ਓਧਰਲੇ ਪਾਸੇ । ਏਧਰ , ਮਲਿਕਪੁਰ ਆਉਂਦੀ – ਟਿਕਦੀ ਨੇ ਵੀ ਇਹਦੇ ਪਹਿਲਾਂ ਪਤਨੀ ਬਦਲ ਲਈ , ਫਿਰ ਛੋਟੇ ਭਾਈ ਦੇ ਦਸ ਖੇਤ ਕਾਬੂ ਕਰ ਲਏ । ਸੱਠਾਂ ਦੀ ਥਾਂ ਸੱਤਰ ਬਣਾ ਲਏ ਆਪਣੇ ਲਈ । ਆਪਣੇ ਲਈ ਨਹੀਂ ਹਰਜੀਤ ਦੇ ਧੀਆਂ  ਪੁੱਤਰਾਂ ਲਈ ।

ਗੋਡਿਆਂ ‘ ਚ ਸਿਰ ਸੁੱਟੀ ਬੈਠੇ ਦੀ ਮੇਰੀ ਨਿਗਾਹ ਇਕ ਵਾਰ ਫਿਰ ਸਾਹਮਣੇ ਬੈਠੇ ਹਰਜੀਤ ਦੇ ਧੀਆਂ-ਪੁੱਤਰਾਂ ਵੱਲ ਨੂੰ ਉੱਠੀ ਹੈ । ਉਹ ਚਾਰੇ-ਅੱਠੇ ਅਹਿਲ ਮੂਰਤੀਆਂ ਬਣੇ ਬੈਠੇ ਹਨ । ਅੱਖਾਂ ਮੁੰਦ ਹਨ ਉਨ੍ਹਾਂ ਦੀਆਂ । ਸਿਰ ਅੱਧ-ਝੁਕੇ  । ਰਾਗੀ ਸਿੰਘਾਂ ਦੇ ਸੁਰ –ਤਾਲ ਨੇ ਜਿਵੇਂ ਉਨ੍ਹਾਂ ਨੂੰ ਕੀਲ ਕੇ ਬੰਨ ਰੱਖਿਆ ਹੋਵੇ ਇਕ ਥਾਂ । ਇਹ ਸੁਰ-ਲੈਅ ਮੇਰੇ ਕੰਨਾਂ ਵਿਚ ਵੀ ਗੂੰਜੀ ਹੈ ।

ਮੈਂ ਮੁੜ ਸ਼ਬਦ-ਗੂੰਜ ਨਾਲ ਆ ਜੁੜਿਆ ਹਾਂ ।

ਇਸ ਵਾਰ ਦੇ ਸ਼ਬਦ- ਬੋਲ ਵੱਖਰੇ ਹਨ ਪਹਿਲੇ ਨਾਲੋਂ – ‘ ਗੁਰਮੁੱਖ ਜਨਮ ਸੁਵਾਰਿ ਦਰਗਾਹਿ ਚੱਲਿਆ ….।‘
ਮੈਨੂੰ ਲੱਗਾ ਇਹ ਬੋਲ ਮੈਨੂੰ ਮੁਖਾਤਿਬ ਹਨ ਸਿੱਧੇ  । ਜ਼ੈਲਦਾਰ ਤਿਰਪਨਿਹਾਲ ਸਿੰਘ ਦੇ ਗਿਆਨੀ ਪਾਸ ਪੁੱਤਰ ਗੁਰਮੁੱਖਜੀਤ ਸਿੰਘ ਜੀ ਜਨਮ – ਸਵਾਰਿ ਜੁਗਤ-ਵਿਧੀ ਨੂੰ  । ਮੈ ਛੋਟੇ ਭਾਈ ਨਾਲੋਂ ਵੀ ਅਗਾਂਹ ਲੰਘ ਗਿਆ ਸੀ ਤੇ ਸਾਰੇ ਪਿੰਡ ਨਾਲੋਂ ਵੀ । ਕਿੰਨਾ ਕੁਝ ਹੋਰ ਵੀ ਕਰਨਾ ਪਿਆ ਸੀ ਮੈਨੂੰ ਪਾਸ਼ੀ ਦੇ ਫਾਰਮ ਹਾਊਸ ਨੂੰ , ਉਸ ਦੇ ਅਫ਼ਸਰ ਪਤੀ ਨੂੰ ਮਿਲ-ਦੇਖ ਕੇ । ਬਹੁਤ ਸਾਰੀ ਦੌੜ-ਭੱਜ ਕਰਨੀ ਪਈ ਸੀ ਮੈਨੂੰ ਵੀ ਧੀਆਂ-ਪੱਤਰਾਂ ਨੂੰ ਅਫ਼ਸਰ-ਪ੍ਰੋਫੈਸਰ ਬਣਾਉਣ ਲਈ ਜਾਂ ਬਾਹਰ ਭੇਜਣ ਲਈ ਕੈਨੇਡਾ-ਅਮਰੀਕਾ । ਇਕੱਲੀ ਦੌੜ-ਭੱਜ ਹੀ ਨਹੀਂ , ਨਾਲ ਦੀ ਨਾਲ ਜੁਗਤ – ਬੰਦੀ ਵੀ ਕਰਨੀ ਪਈ ਸੀ ਮੈਨੂੰ , ਮੇਰੀ ਦੁੱਧ-ਚਿੱਟੀ ਨਹਿਰ-ਕੱਟ ਐਚਕਨ ਨੂੰ ਕਈ ਤਰਾਂ ਦੀ । ਹੁਣ ਹੁਣ ….ਹੁਣ ਉਹੋ ਜਿਹੀ ਜੁਗਤਬੰਦੀ ਰਾਗੀ ਸਿੰਘਾਂ ਦੀ ਦੁੱਧ-ਚਿੱਟੀ ਵਰਦੀ ਨੇ ਵੀ ਕੀਤੀ ਲੱਗੀ ਹੈ ।ਮੇਰੇ  ਨਾਂ ਨਾਲ ਜੁੜਵਾਂ ਸ਼ਬਦ ਛੇੜ ਕੇ ਹਿੱਲ-ਜੁੱਲ ਪੈਦਾ ਕਰ ਲਈ ਹੈ ਸਾਰੇ ਪੰਡਾਲ ‘ ਚ । ਫਿਰ ਸੰਗੀਤ ਸਾਜ਼ਾਂ ਸਾਹਮਣੇ ਵਿਛੀ ਚਾਦਰ ਤੱਕ । ਰੱਜਵੀਂ ਦਿਖਾਵਾ ਭੇਂਟ ਹੋਈ । ਕੋਈ ਪਿੱਛੇ ਨਹੀਂ ਰਿਹਾ । ਕਿੱਡੀ ਵੱਡੀ ਢੇਰੀ ,ਇਕ ਤਰਾਂ ਦਾ ਦੜਾ ਲੱਗ ਗਿਆ ਹੈ , ਵੱਡੇ-ਛੋਟੇ ਨੋਟਾਂ ਦਾ ਰਾਗੀ ਸਿੰਘਾਂ ਸਾਹਮਣੇ ।ਮੋਹ-ਮਾਇਆ  ਤੋਂ ਨਿਰਲੇਖ ਰਹਿਣ ਦਾ ਵਿਖਿਆਨ ਕਰਨ ਵਾਲੇ ਪਾਠੀਆਂ ਭਾਈਆਂ ਸਾਹਮਣੇ ।  ….  ਝੱਟ ਹੀ ਜਿਵੇਂ ਕਿਸੇ  ਲਾਗੇ ਬੈਠੇ ਨੇ ਮੈਨੂੰ ਬਾਹੋਂ ਫੜ ਕੇ ਝੰਜੋੜਿਆਂ ਹੋਵੇ – ‘ ਕੀ ਗੱਨ ਆ ਜ਼ੈਲਦਾਰਾਂ ਨਈਂ ਦੇਖੀ – ਸਹਾਈ ਗਈ ਸਿੰਘ ਨੂੰ ਮਿਲੀ ਦਾਨ-ਦੱਖਣਾ !  … ਇਹ ਰੁਜ਼ਗਾਰ ਐ ਏਨਾਂ ਦਾ , ਮਿਹਨਤ ਐ ਸੁਰ-ਤਾਲ ਦੀ । ਤੈਨੂੰ ਵੀ ਤਾਂ ਮਿਲਦਾ ਈ ਰਿਹਾ ਸੀ ਥੋੜ੍ਹਾ ਬਓਤ ਸੇਵਾ –ਫ਼ਲ ਕਵਿਤਾ ਗਾਉਂਦੇ ਨੂੰ । …. ਤੇਰੀ ਤਾਂ ‘ਵਾਜ ਵੀ ਐਵੇਂ-ਕਿਮੇਂ ਦੀ ਹੋ ਗਈ ਸੀ ਪਾਟੇ ਬਾਂਸ  ਅਰਗੀ , ਕੌੜਾ-ਕੁਸੈਲਾ ਛੱਕਦੇ ਖਾਂਦੇ ਦੀ  । ‘

ਸੱਚ-ਮੁੱਚ ਮੇਰੀ ਆਵਾਜ਼ ਐਵੇਂ –ਕਿਵੇਂ ਦੀ ਹੋ  ਜਾਣ ਦੇ ਬਾਵਜੂਦ ਮਿਲਦਾ ਰਿਹਾ ਸੀ ਥੋੜ੍ਹਾ ਬਹੁਤ ਸੇਵਾ ਫ਼ਲ । ਕਈ ਵਾਰ ਚੰਗਾ ਚੋਖਾ ਵੀ । ਛੰਦ-ਬੰਦੀ ਕਰਨੀ ਮੈਨੂੰ ਵੀ ਆ ਗਈ ਸੀ । ਆ ਕੀ ਗਈ ਸਿੱਖ ਲਈ ਮੈਂ ਉਚੇਚ ਨਾਲ । ਕਵੀਆਂ ਨੂੰ ਮਿਲਦੇ ਚੜ੍ਹ-ਚੜ੍ਹਾਵੇ ਵੱਲ ਦੇਖ ਕੇ । ਇੱਕ ਚੜ੍ਹ-ਚੜਾਵਾ ,ਦੂਜੀ ਵਾਅਦਾ-ਵਾਅਦਾ , ਸੇਵਾ-ਪਾਣੀ ਝੁੰਗੇ ‘ ਚ । ਹੋਰ ਕੀ ਚਾਹਿਦਾ ਬੰਦੇ ਨੂੰ । ਮੈਂ ਸੋਚਿਆ , ਇਹ ਕੰਮ ਸਭ ਤੋਂ ਸੌਖਾ , ਨਾ ਹਿੰਗ ਲੱਗਦੀ ਨਾ ਫੱਟਕੜੀ । ਰੰਗ ਵੀ ਖੂਬ ਚੜ੍ਹਦਾ , ਐਨ ਠੁੱਕਦਾਰ । ਹੋਰ ਤਾਂ ਕਿਸੇ ਸਿਨਫ਼ ‘ਚੋਂ ਲੱਭਦਾ ਕੱਖ ਨਈਂ । ਲੱਭਦਾ ਛੱਡ ਕੇ ਧੇਲੇ  ਕਦਰ ਨਹੀਂ ਹੈਗੀ ਕਿਸੇ ਵੀ ਲਿੱਖਤ –ਪੜ੍ਹਤ ਦੀ  । ਕਥਾ –ਵਾਚਕ ,ਭਾਸ਼ਣਕਾਰ ਸੌ ਸਿਰ-ਖ਼ਪਾਈ ਕਰੀ ਜਾਣ, ਕਹਾਣੀ-ਨਾਵਲ-ਨਾਟਕ ਵਾਲੇ ਲੱਖ  ਅੱਡੀਆਂ –ਗੋਡੇ ਰਗੜੀ ਜਾਣ , ਮਜ਼ਾਲ ਐ ਕਦੀ ਕਿਸੇ ਨੇ ਫਿੱਟੇ ਮੂੰਹ ਵੀ ਕਿਹਾ ਹੋਵੇ ਉਨ੍ਹਾਂ ਨੂੰ । ਮੈਂ ਸਾਰਾ ਕੁਝ ਦੇਖ-ਚਾਖ਼ ਕੇ , ਸਿੱਧਾ ਸਮਾਜਿਕ ਵਾਲੇ ਸਫ਼ਰੀ ਮਾਸਟਰ ਦਾ ਲੜ ਫੜ ਲਿਆ ।

ਬੱਸ ਫਿਰ ਚੱਲ ਸੋ ਚੱਲ । ਸਕੂਲ ਅੰਦਰ ਮੈਂ ਗਿਆਨੀ ਜੀ , ਘਰ-ਪਿੰਡ ‘ ਚ ਜ਼ੈਲਦਾਰ ,ਬਾਹਰ ਅੰਦਰ ਕਵੀ ਜੀ, ਕਵੀ ਜੀ । ਜਗਰਾਤਿਆਂ-ਜਲੂਸਾਂ , ਵਿਆਵਾਂ-ਸ਼ਾਦੀਆਂ ,ਡੇਰਿਆਂ – ਦੁਆਰਿਆਂ ਤੋਂ ਮਿਲਦੀ ਕਵਿਤਾ-ਭੇਂਟ ਰੋਲ੍ਹ-ਵਰੋਲ ਕੇ ਸਿੱਧੀ ਜੇਬ  ‘ ਚ ।

ਇਉਂ ਕਰਦੇ ਮੈਨੂੰ ਮੂੰਹ ਤੇ ਕਦੀ ਕਿਸੇ ਨੇ ਕੁਝ ਨਹੀਂ ਸੀ ਕਿਹਾ । ਪਿੱਠ ਪਿੱਛੇ ਹੁੰਦੇ –ਚਲਦੇ ਭੰਡੀ-ਪ੍ਰਚਾਰ ਨੂੰ ਮੈਂ ਕਦੇ ਸੁਣਿਆਂ ਤੱਕ ਨਾ ।

ਰਾਗੀ ਜਥੇ ਨੇ ਸਮੇਂ ਸਮਾਪਤੀ ਦਾ ਐਲਾਨ ਕਰਕੇ ਸਾਜ਼-ਸੰਦ ਸਮੇਟ ਲਏ ਹਨ। ਨਾਲ ਹੀ ਨੋਟ-ਢੇਰੀ ਵੀ । ਹੁਣ ਉਸ ਦੀ ਥਾਂ ਇਕ ਹੋਰ ਜਥੇ ਨੇ ਆ ਬੈਠਣਾ । ਉਸ ਨੂੰ ਵੀ ਕੀਰਤਨ-ਭੇਟ ਉਵੇਂ ਦੀ ਹੋਣੀ ਆਂ  , ਜਿਵੇਂ ਪਹਿਲੇ ਨੂੰ ਹੋਈ ਸੀ । ਪਰ , ਉਸ ਅੱਗੇ ਲੱਗਣ ਵਾਲੀ ਨੋਟ-ਢੇਰੀ ਵੱਡਾ ਢੇਰ ਨਹੀਂ ਬਨਣੀ । ਬੱਸ , ਪੇਤਲੀ ਜਿਹੀ ਰਹਿ ਜਾਣੀ ਆਂ । ਇਉਂ ਉਸ ਜਥੇ  ਨੂੰ ਮਿਲੀ ਦੂਜੇ ਨੰਬਰ ਦੀ ਵਾਰੀ ਕਰਦੇ ਵਾਪਰਨਾ । ਸਾਡੇ ਇਸ ਕੰਮ ‘ ਚ ਐਉਂ ਹੀ ਚੱਲਦਾ । ਜਿਹੜਾ ਵਾਰੀ ਵੱਟ ਗਿਆ ਉਹ ਖੱਟ ਗਿਆ । ਮੈਂ ਇਸ ਗੱਲੋਂ ਕਦੇ ਕਾਣ ਨਹੀਂ ਸੀ ਖਾਧੀ । ਫੱਟ ਜੁਗਤਬੰਦੀ ਕਰ ਲੈਂਦਾ ਸੀ । ਸਭ ਤੋਂ ਪਹਿਲਾਂ ਮੇਰੀ ਵਾਰੀ ਲੱਗਦੀ ,ਕਵੀ –ਦਰਬਾਰਾਂ ‘ ਚ । ਸਾਬਰ, ਤਾਲਿਬ ,ਤੀਰ , ਬਲੱਗਣ , ਕੁੰਦਣ  ,ਬੰਤੇ ਵਰਗੇ ਧੜਵੈਲ ਕਵੀ ਮੇਰੇ ਤੋਂ ਪਿੱਛੋਂ । ਇਸ ਕੰਮ ‘ ਚ ਮੇਰੀ ਚਿੱਟੀ ਚਮਕਦਾਰ ਐਚਕਨ ਭਰਮਾਂ ਸਾਥ ਦਿੰਦੀ ਸੀ ਮੇਰਾ । ਊਂ ਤਾਂ ਬੰਤਾ ਵੀ ਐਚਕਨ ਜਿਹੀ । ਨਾ ਉਹਦਾ ਕੋਈ ਰੋਅਬ-ਸ਼ੋਅਬ ,ਨਾ ਟੌਅਰ –ਟੱਪਾ । ਮੈਂ …. ਮੇਰੀ ਐਚਕਨ ਉਸਤੋਂ ਸੌ ਕੋਹ ਅੱਗੇ ।

ਮੇਰੇ ਲਾਗੇ ਬੈਠਾ ‘ ਕੋਈ ‘ ਨੇੜੇ ਹੋਰ ਨੇੜੇ ਹੁੰਦਾ ਜਿਵੇਂ ਮੌਰੀ ਹੀ ਆ ਚੜਿਆ ਹੈ ਮੇਰੇ । ਉਸ ਨੇ ਮੇਰੇ ਹੱਥੋਂ ਪੰਜੇ – ਚਾਰੇ ਅਖ਼ਬਾਰੀ ਪੰਨੇ ਆਪੂ ਫੜ ਲਏ ਹਨ । ਇਨ੍ਹਾਂ ਤੇ ਛਪੇ ਸਾਰੇ ਇਸ਼ਤਿਹਾਰ ਮੁੜ ਹਿਰਦੇ ਨਾਲ …. । ‘ ਸਿਰਲੇਖ ਵੀ ਕਰੀਬ ਕਰੀਬ ਉਹੀ ਹਨ । ਚੌਂਹ ਤੇ ‘ ਪਾਠ ਦਾ ਭੋਗ ‘ , ਇਕ ਤੇ ‘ ਭੋਗ ਤੇ ਅੰਤਮ ਅਰਦਾਸ ‘ । ਪਰ ਇਨ੍ਹਾਂ ਸਿਰਲੇਖਾਂ ਉੱਪਰ ਬਾਰੀਕ ਅੱਖਰੀ ਸ਼ਬਦ-ਸਤਰਾਂ ਵੱਖ ਵੱਖ ਹਨ ਸੱਭ ਤੇ । ਇਕ ਤੇ ‘ ਕੇਲ ਕਰੇਦੇ ਹੰਝ ਨੇ …. ‘ , ਇਕ ਤੇ  ‘ ਘੱਲੇ ਆਵਹਿ ਨਾਨਕਾ  ….. ‘ , ਇਕ ਤੇ ‘ ਸੱਜਣ ਮੈਂਡੇ ਰੰਗਲੇ  … । ‘ ਅਗਲੀ ਤੇ ਹੋਰ , ਅਗਲੇਰੀ ਤੇ ਹੋਰ ।  … ਪਤਾ ਨਹੀਂ ਕਿਉਂ ਇਹ ਮੇਰੀ ਅੱਖੋਂ ਪਰੋਖੇ ਹੋਈਆਂ ਰਹੀਆਂ । ਉਹ , ਕੱਲੀ-ਕੱਲੀ ਸਤਰ ਧਿਆਨ ਨਾਲ ਪੜ੍ਹਦਾ – ਘੋਖਦਾ , ਹੱਸੀ ਵੀ ਜਾ ਰਿਹਾ , ਮਿੰਨਾ – ਮਿੰਨਾ । ਉੱਪਰਲੀ ਅਖ਼ਬਾਰ ਹੇਠਾਂ ਕਰਦੇ ਦੇ ਉਸ ਦੇ ਹੱਥਾਂ-ਪੋਟਿਆਂ ਦੀ ਹਰਕਤ ‘ ਚ ਟਿਕਾਅ ਹੈ । ਉਸ ਦੇ ਬੋਲਾਂ ‘ ਚ ਠਰੱਮਾਂ । ਉਸ ਦਾ ਹਾਸਾ ਖ਼ਚੱਰੀ ਤਰਾਂ ਦਾ ਲੱਗਾ ਹੈ ਮੈਨੂੰ । ਮੇਰੀ ਸੁਰਤੀ-ਬਿਰਤੀ ਝੱਟ-ਪੱਟ ਉਸ ਵੱਲ ਨੂੰ ਖਿੱਚੀ ਗਈ ਹੈ । ਮੈਂ ਉਸ ਨੂੰ ਫਿਰ ਧਿਆਨ ਨਾਲ ਵਾਚਦਾ ਹਾਂ ।  ….  ਝੱਟ ਹੀ ਮੈਨੂੰ ਲੱਗਣ ਲੱਗਦਾ ਕਿ ਅਖ਼ਬਾਰੀ ਸਫੇ ਉੱਪਰ –ਹੇਠਾਂ ਕਰਦੇ ਹੱਥ ਤਾਂ ਮੇਰੇ ਆਪਣੇ ਹੀ ਹੱਥ ਹਨ । ਤੇ  …  ਤੇ ਮੈਨੂੰ ਸੁਣਦਾ ਰਿਹਾ ਹਾਸਾ ਵੀ ਮੇਰਾ ਹੀ ਮੂੰਹ  ‘ ਚੋਂ ਨਿਕਲਦਾ ਰਿਹਾ ।

ਮੈਂ , ਇਕ ਦਮ ਜਿਵੇਂ ਝੇਂਪ ਗਿਆ ਹੋਵਾਂ । ਇਉਂ ਤਾਂ ਕਦੀ ਵੀ ਨਹੀ ਸੀ ਹੋਈ ਮੇਰੇ ਨਾਲ । ਫਿਰ ਇਹ ਝਓਲਾ – ਟੱਪਲਾ ! ਇਹ ਅਰਧ-ਬੇਸਰੁਤੀ  ! ਸ਼ਰਮਸਾਰ ਹੋਏ ਦੀ ਮੇਰੀ ਨਿਗਾਹ ਮੁੜ ਸਾਹਮਣੇ  ਵੱਲ ਨੂੰ ਘੁੰਮ ਗਈ ਹੈ । ਰਾਗੀ ਸਿੰਘਾਂ ਵੱਲੋਂ ਖਾਲੀ ਹੋੲ ਤਖ਼ਤ-ਪੋਸ਼ ਸਜੇ-ਸੰਵਰੇ । ਕਿਸੇ ਦੇ ਕੁੜਤੇ – ਪਜਾਮੇ ‘ ਚ ਕੋਈ ਕਾਣ ਨਹੀਂ । ਚਿਹਰੇ ਤੇ ਕੋਈ ਸ਼ਿਕਨ ਨਹੀਂ । ਕੋਈ ਕਿਸੇ ਰਾਜਸੀ ਪਾਰਟੀ ਦਾ ਵੱਕਤਾ ਹੈ ,ਕੋਈ ਕਿਸੇ ਸਭਾ-ਸੁਸਾਇਟੀ ਦਾ ਪ੍ਰਧਾਨ-ਸਕੱਤਰ । ਵਾਰੀ ਸਿਰ ਆਉਂਦਿਆਂ ਸਭ ਨੇ ਗਰ-ਫ਼ਤੇਹ ਬੁਲਾਈ ਹੈ ਰਸਮੀਂ ਜਿਹੀ । ਫਿਰ ਤੁਅਰਿਫ਼ ਕਰਵਾਇਆ ਹੈ ਆਪਣਾ ਆਪਣਾ । ਸਭ ਦੇ ਹੱਥ ‘ ਚ ਕੋਈ ਨਾ ਕੋਈ ਅਖ਼ਬਾਰ ਹੈ ਅੱਜ ਦਾ । ਉਨ੍ਹਾਂ ਇਸ਼ਤਿਹਾਰ ‘ ਚ ਅੱਧ-ਛਪੀ ਗੁਰਬਾਣੀ ਸਤਰ ਪੂਰੀ ਕਰਕੇ ਥੋੜ੍ਹਾ ਬਹੁਤ ਪੜ੍ਹੇ-ਲਿਖੇ ਹੋਣ ਦਾ ਸਬੂਤ ਵੀ ਦਿੱਤਾ ਹੈ । ਉਨ੍ਹਾਂ ਸਭ ਦਾ ਵਿਖਿਆਨ ‘ ਵਿਛੜੀ ਰੂਹ ਨੂੰ ਆਵਾਗਮਨ ਦੇ ਚੱਕਰ ਤੋਂ ਬਚਾ ਕੇ ਆਪਣੇ ਚਰਨਾਂ ‘ ਚ ਨਿਵਾਸ ਦੇਣਾ ‘ ਦੇ ਵਾਕ ਤੋਂ ਸ਼ੁਰੂ ਹੋਇਆ ਮੁੜ ਇਸੇ ਸਤਰ ਤੇ ਆ ਮੁਕਿਆ ਹੈ । ਵਿਚਕਾਰਲੇ ਸਮੇਂ ‘ ਚ ਉਨ੍ਹਾਂ ਮੇਰੇ ਪਿਓ-ਦਾਦੇ ਦੀ ਜ਼ੈਲਦਾਰੀ ਦਾ ਗੁੱਡਾ ਬੰਨ੍ਹਿਆ ਜਾਂ ਮੇਰੇ ਧੀਆਂ-ਪੁੱਤਰਾਂ , ਪੋਤਿਆਂ-ਦੋਹਤਿਆਂ ਦਾ । ਉਨ੍ਹਾਂ ਦੇ ਕੰਮਾਂ-ਧੰਦਿਆਂ ਦਾ ਠੁੱਕ ਬੰਨਿਆਂ ਜਾਂ ਉਨ੍ਹਾਂ ਕੇ ਰੈਣ-ਬਸੇਰਿਆ ਦਾ , ਕਾਰਾਂ-ਕੋਠੀਆਂ ਦਾ । ਇਸ ਵਾਰ ਤਾਂ ਮੈਨੂੰ ਲੱਗਾ ਕਿ ਇਹ ਸਮਾਗਮ ਮੈਨੂੰ ਨਹੀਂ ,ਮੇਰੇ ਘਰ-ਪਰਿਵਾਰ ਦੀ ਅਰਥ-ਵਿਵਸਥਾ ਨੂੰ ਸਮਰਪਿਤ ਹੈ ਜਾਂ ਇਸ ਦੀ ਵੋਟ – ਗਿਣਤੀ ਨੂੰ । ਮੇਰੀ ਤਾਂ ਵੋਟ ਹੀ ਖਾਰਜ ਹੈ ਵਿਚੋਂ ।

ਫਿਰ ਅੰਤਲੇ ਇਕ-ਦੋਂਹ ਨੇ ਮੇਰੀ ਕਵਿਤਾਕਾਰੀ ਦੇ ਸੋਹਲੇ ਵੀ ਗਾਏ ਹਨ, ਮੇਰੀ ਸਕੂਲ ਟੀਚਰੀ ਦੇ ਵੀ । ਪਰ , ਇਨ੍ਹਾਂ ਵਿਚੋਂ ਕਿਸੇ ਨੇ ਮੇਰੀ ਵੱਡੀ ਧੀ ਪਾਸ਼ੀ ਦਾ ਜ਼ਿਕਰ ਨਹੀਂ ਛੇੜਿਆ । ਜ਼ਿਕਰ ਤਾਂ ਕੀ ਨਾਂ ਤੱਕ ਨਹੀਂ ਲਿਆ । ਕਿਸੇ ਵੀ ਗਾਉਣ ਬੋਲਣ ਵਾਲੇ ਨੇ ।
ਇਹ ਕੰਮ ਡਰਾਇੰਗ ਮਾਸਟਰ ਸਾਧੂ ਸਿੰਘ ਨੇ ਜ਼ਰੂਰ ਕਰਨਾ ਸੀ , ਕਾਮਰੇਡ ਸਾਧੂ ਸਿੰਘ ਨੇ । ਆਪਣੇ ਢੰਗ ਨਾਲ । ਉਹਨੇ ਮੇਰੀ ਪਹਿਲੀ ਪਤਨੀ ਚੰਨਣ ਕੌਰ ਦੀ ਅਣਖ-ਹੱਠ ਦੀ ਚਰਚਾ ਵੀ ਕਰਨੀ  ਸੀ ਤੇ ਮੇਰੀ ਧੀ ਪਾਸ਼ੀ ਦੇ ਮੋਹ – ਸਿੱਦਕ ਦੀ ਵੀ । ਉਹਨੇ ਮੇਰੀ ਨਹਿਰੂ-ਕੱਟ ਐਚਕਨ ਦੇ ਵੀ ਵ਼ਖੀਏ ਉਧੇੜਨੇ ਸੀ , ਮੇਰੀ ਜ਼ੈਲਦਾਰਾਂ ਰਹਿਤਲ ਦੇ ਵੀ । ਹੋਰ ਵੀ ਬਹੁਤ ਕੁਝ ਕਰਨਾ –ਕ਼ਹਿਣਾ ਸੀ ਉਸ ਨੇ , ਜੜੀਆਂ-ਜੂਨਾਂ ਅਤੇ ਆਵਾਗਮਨ ਦੇ ਭੈਅ- ਜਾਲ ਦੇ ਸੱਚ-ਝੂਠ ਨੂੰ ਨੰਗਾ ਕਰਦਿਆਂ ਭਰੀ ਸੰਗਤ ‘ ਚ ਲਿਪੇਠ ਕੇ । ਇਸ ਗੱਲੇ ਨੰਬਰ ਐ ਉਹਦਾ ।

ਉਸ ਨੇ ਵਿਸ਼ਵ ਦੇ ਸਵਾ-ਤਿੰਨ ਸੌ ਸਾਢੇ-ਤਿੰਨ ਸੌਂ ਕਰੋੜ ਈਸਾਈਆਂ – ਮੁਸਲਮਾਨਾਂ ਵੱਲੋਂ ਧਰਤੀ ‘ ਚ ਦੱਬੇ ਜਾਂਦੇ ਮੁਰਦਿਆਂ ਪਿੱਛੇ ਕਾਰਜਸ਼ੀਲ ਵਿਸ਼ਵਾਸ਼ ਦਾ ਉਲੇਖ ਕਰਦਿਆਂ ਕਹਿਣਾ ਸੀ – ‘ ਇਹ ਕੰਮ ਕਿਆਮਤ ਵਾਲੇ ਦਿਨ ਇਨ੍ਹਾਂ ਦੇ ਕਬਰਾਂ ‘ ਚੋਂ ਸਾਲਮ – ਸਬੂਤੇ ਉੱਠ ਖੜੇ ਹੋਣ ਦੀ ਆਸ-ਉਮੀਦ ਨੂੰ ਧਿਆਨ ‘ ਰੱਖਦਿਆਂ ਹੁੰਦਾ । ‘ ਉਹਨੇ ਅੱਸੀ-ਨੱਬੇ ਕਰੋੜ ਹਿੰਦੂ ਭਾਰਤੀਆਂ ਦੀ ਅਗਨ-ਭੇਟ ਰੀਤ ਦਾ ਜ਼ਿਕਰ ਕਰਦਿਆਂ ਆਖਣਾ ਸੀ – ‘ ਇਹ ਸਾੜ-ਫੂਕ ਮੁਰਦਾ-ਸਰੀਰਾਂ ਅੰਦਰੋਂ ਨਿਕਲੀ ਅਮਰ ਗਿਣੀ ਜਾਂਦੀ ਰੂਹ ਦੇ ਜਾਮਾਂ ਬਦਲ ਲੈਦ ਦੀ ਮਿੱਥ ਨੂੰ ਸੱਚ ਮੰਨਦਿਆਂ ਕੀਤੀ ਜਾਂਦੀ ਐ । ਸਾਡੇ ਧਰਮ-ਗ੍ਰੰਥ ਵੀ ਇਨ੍ਹਾਂ ਜਾਮਿਆਂ ਉੱਤੇ ‘ ਚੁਰਾਸੀ ਲੱਖ ਜੂਨਾਂ ਦੇ ਆਵਾਗਮਨ ‘ ਦਾ ਠੱਪਾ ਲਾਉਂਦੇ ਆ । ‘ ਉਹਨੇ ਅੱਜ ਦੇ ਸ਼ਰਧਾਜ਼ਲੀ ਸਮਾਰੋਹ ‘ ਚ ਵਾਰ ਵਾਰ ਕੀਤੀ ਗਈ ਅਰਦਾਸ ਦੇ ਹਵਾਲੇ ਨਾਲ ਪੁੱਛਣਾ ਸੀ ਭਾਈਆਂ-ਰਾਗੀਆਂ-ਭਾਸ਼ਣਕਾਰਾਂ ਤੋਂ – ‘ ਕੀ ਗਿਆਨੀ ਗੁਰਮੱਖਜੀਤ ਸਿੰਘ ਦੀ ਰੂਹ , ਜਿਸ ਦਾ ਦੂਜਾ ਨਾਂ ਚੇਤਨਾ ਐ , ਸੱਚ-ਮੁੱਚ ਚੁਰਾਸੀ ਦੇ ਏੜ-ਗੇੜ ਚੋਂ ਕੱਢ ਕੇ ਸਾਡੀਆਂ ਸਿਮਰਤੀਆਂ ‘ ਚੋਂ ਲਾਂਭੇ ਕਰ ਦਿੱਤੀ ਜਾਣ ਦੇ ਹੀ ਕਾਬਿਲ ਐ ਜਾਂ ਫਿਰ ਵਾਰ ਵਾਰ ਜਾਮਾਂ ਬਦਲ ਕੇ , ਜਨਮ ਲੈ ਕੇ ਇਤਿਹਾਸ ਦੇ ਪੰਨਿਆਂ ‘ ਚ ਉੱਕਰੇ ਹੋਏ ਮਹਾਨ ਗੁਰੂਆਂ , ਪੀਰਾਂ-ਫ਼ਕੀਰਾਂ, ਯੋਧਿਆਂ –ਸੂਰਵੀਰਾਂ ਦੀ ਅਮਰ ਦੇਣ ਵਾਂਗ ਹਰ ਸਮੇਂ ਸਾਡੇ ਅੰਗ-ਸੰਗ ਰਹਿਣ ਦੀ ਯੋਗਤਾ ਦੀ ਰੱਖਦੀ ਐ । ਇਹ ਫੈਸਲਾ ਤੁਸੀਂ ਕਰਨਾ ਐ ਅੱਜ । ਅੱਜ ਦੇ ਇਸ ਇਕੱਠ ਨੇ । ਉਸ ਦਾ ਜੀਵਨ ਬਿਰਤਾਂਤ , ਉਸ ਦਾ ਚੰਗਾ ਮਾੜਾ ਚਲਣ-ਪ੍ਰਚਲਣ ਨਿਰਖ਼-ਪਰਖ਼ ਕੇ । ‘ ਪਰ  …. ਪਰ ਇਹ ਸਭ ਕੁਝ ਕਹਿਣ ਹੀ ਨਹੀਂ ਦਿੱਤਾ ਗਿਆ ਉਸ ਨੂੰ । ਮੁਆਫੀ ਹੀ ਮੰਗ ਨਹੀ ਗਈ ਸਮੇਂ ਦੀ ਘਾਟ ਦੱਸ ਕੇ ਸਾਧੂ ਸਿੰਘ ਤੋਂ ।

ਕਾਮਰੇਡ ਸਾਧੂ ਸਿੰਘ ਮੈਨੂੰ ਕਦੀ ਵੀ ਚੰਗਾ ਨਹੀਂ ਸੀ ਲੱਗਾ । ਚੰਗਾ ਛੱਡ ਕੇ ਫੁੱਟੀ ਅੱਖੇ ਵੀ ਨਹੀਂ ਸੀ ਭਾਉਂਦਾ ਰਿਹਾ । ਮੇਰੀ ਫਰਲੋਬਾਜ਼ੀ ਤੋਂ ਤਾਂ ਬਹੁਤੀ ਹੀ ਚਿੜ੍ਹ ਚੜ੍ਹਦੀ ਸੀ ਉਸਨੂੰ । ਮੈਨੂੰ ਖੇਤੀ ਧੰਦੇ ਦਾ ਵੀ ਧਿਆਨ ਰੱਖਣਾ ਪੈਂਦਾ ਸੀ , ਦੂਰ ਨੇੜੇ ਵੀ ਜਾਣਾ ਆਉਣਾ ਪੈਂਦਾ ਸੀ ਡੇਰਿਆਂ ਦੁਆਰਿਆਂ ‘ ਚ ਸਫ਼ਰੀ ਹੋਣਾਂ ਨਾਲ । ਫਿਰ ਸਮੇਂ ਸਿਰ ਪੁੱਜਣਾ ਵੀ ਹੁੰਦਾ ਸੀ ਅਗਲੀ ਥਾਂ । ਏਸ ਨੱਠ-ਭੱਜ ‘ ਚ ਥੋੜ੍ਹਾ ਬਹੁਤ ਅੱਗਾ-ਪਿੱਛਾ ਹੋ ਈ ਜਾਂਦਾ ਸੀ ਸਕੂਲੀ ਕੰਮਾਂ ‘ ਚ ।

ਸਕੂਲ ਹੈੱਡ ਨੇ ਤਾਂ ਮੈਨੂੰ ਕਦੀ ਰੋਕਿਆ ਟੋਕਿਆ ਨਾ । ਅੱਵਲ ਉਹ ਸੀਗਾ ਹੀ ਨਹੀਂ ਏਨੇ ਜੋਗਾ । ਰੀਜ਼ਰਵ ਕੋਟੇ ਦਾ ਹੋਣ ਕਰਦੇ । ਪਰ ਸਾਧੂ ਸਿੰਘ ਮੇਰੇ ਮੂੰਹ ਤੇ ਮਾਰ ਦਿਆ ਕਰਦਾ ਸੀ ਸਭ ਦੇ ਸਾਹਮਣੇ  – ‘ ਗਿਆਨੀ ਜੀ , ਤ੍ਰਾਡੇ ਅਰਗੇ ਕੋੜਕੂਆਂ ਨੇ ਮਾਰ ਦੇਣੇ ਆਂ , ਆਹ ਗਰੀਬ-ਗੁਰਬੇ ਸੁੱਟ ਕੇ । ਆਪਣੀ ਧੀਆਂ-ਪੁੱਤਾਂ ਤਾਂ ਤੁਸੀ ਲਾ ਲਏ ਸਿਰੇ ਟਿਕਾਣੇ , ਮਾਡਲ ਸਕੂਲੀਂ ਭੇਜ ਕੇ । ਐਨਾ ਦੇ ਪਿੜ-ਪੱਲੇ ਵੀ ਪਾ ਕਰੋ ਕੁਝ-ਨਾ-ਕੁਝ । ਆਹ ਜੇੜ੍ਹੇ …. । ‘‘

ਹਰ ਥਾਂ , ਹਰ ਵੇਲੇ ਮੇਰੀ ਟੋਕ-ਟਕਾਈ ਕਰਦਾ ਉਹ ਮੈਨੂੰ ਜ਼ਹਿਰ ਦਿੱਸਦਾ ਰਿਹਾ ਸੀ ,ਹੁਣ ਤਾਈਂ । ਪਰ , ਅੱਜ …. ਅੱਜ ਉਸਨੂੰ ਸਮਾਂ ਨਾ ਦਿੱਤਾ ਜਾਣ ਤੇ ਅੰਤਾਂ ਦੀ ਖਿਝ ਆਈ ਹੈ ਮੈਨੂੰ । ਉਸ ਤੋਂ ਪਾਸ਼ੀ ਦਾ ਨਾਂ ਸੁਨਣ ਦੀ ਆਸ-ਉਮੀਦ ਬਿਲਕੁਲ ਖ਼ਤਮ ਹੋ ਗਈ ਹੈ ਮੇਰੀ । ਉਸਦੇ ਅਣਕੇਹੇ ਰਹਿ ਗਏ ਸੱਚ ਨੇ ਵੀ ਜਿਵੇਂ ਕੀਲ ਲਿਆ ਹੈ  ਮੈਨੂੰ । ਮੈਂ ਭੜਕ ਉੱਠਿਆ ਹਾਂ । ਇਕ ਦਮ ਉੱਠ ਖੜਾ ਹੋਇਆ ਹਾਂ । ਸਿੱਧਾ ਤਖ਼ਤ-ਪੋਸ਼  ਤੇ ਜਾ ਚੜਿਆ  ਹਾਂ । ਖਾਲੀ ਪਿਆ ਮਾਈਕ ਫੜ ਕੇ ਬੋਲਣ ਲੱਗਦਾ ਹਾਂ ਉੱਚੀ ਉੱਚੀ – ‘‘ ਕਿਉਂ ਨਹੀਂ ਆਉਣ ਦਿੱਤਾ ਗਿਆ ਸਾਧੂ ਸੂੰਹ ਨੂੰ ਐਥੇ ! ਕਿਉਂ ਨਈਂ ਬੋਲਣ ਦਿੱਤਾ ਗਿਆ ਉਸ ਨੂੰ । ਕਿੱਧਰ ਦੀ ਅੱਗ ਲੱਗਿਓ ਸੀ ਤੁਆਡੇ ਟੈਮ ਨੂੰ । ਕਿਉਂ ਨਿਰਾ ਝੂਠ ਈ ਗੁੰਨ੍ਹਦੇ ਰਏ ਓ ਤੁਸੀ । ਕਿਉਂ ਸੱਚ ਸੁਨਣ ਦੀ ਹਿੰਮਤ ਨਈਂ ਐ ਤੁਆਡੇ ਲੋਕਾਂ ‘ ਚ  … !! ‘‘ ਪਤਾ ਨਹੀਂ ਕਿੱਸ ਨੂੰ ਮੁਖਾਤਿਬ ਹਾਂ ਮੈਂ , ਆਪਣੇ – ਆਪ ਨੂੰ ਪ੍ਰਬੰਧਕਾਂ-ਵਕਤਿਆਂ ਨੂੰ , ਜਾਂ ਫਿਰ ਸਾਹਮਣੇ ਬੈਠੀ ਭੀੜ ਨੂੰ ।
ਪਰ , ਮੇਰੀ ਕਿਸੇ ਨੇ ਕੋਈ ਵੀ ਨਹੀਂ ਸੁਣੀ । ਸਭ ਆਪਣੀ ਆਪਣੀ ਘੁਸਰ-ਮੁਸਰ ਕਰੀ ਜਾ ਰਹੇ ਹਨ । ਬਹੁਤੇ ਜਣੇ ਤਾਂ ਇਕ ਪਾਸੇ ਲੱਗੇ ਖਾਣਾ ਟੇਬਲਾਂ ਵੱਲ ਨੂੰ ਹੀ ਉੱਠ ਤੁਰੇ ਹਨ । ਖੁਸ਼ – ਪ੍ਰਸੰਨ ਹਨ ਸਭ ਦੇ ਸਭ , ਖੂਬ ।

ਮੇਰੀ ਖਿਝ ਹੋਰ ਵੀ ਚਿੜਚੜੀ ਹੋਣ ਲੱਗਦੀ ਹੈ । ਮੈਂ ਜਿਵੇਂ ਚੀਕ ਮਾਰ ਕੇ ਕਿਹਾ ਹੋਵੇ – ‘‘ ਏਹ ਅੰਤਮ ਅਰਦਾਸ ਐ ਕਿ ਅਡੰਬਰ ! ਏਹ ਸ਼ਰਧਾਂਜਲੀ ਸਮਾਰੋਹ ਐ ਕਿ ਜਸ਼ਨ ਮੇਲਾ ? ਜੇ ਏਹ ਜਸ਼ਨ ਮੇਲਾ ਈ ਐ ਤਾਂ …. ਫਿਰ ਮੇਰੀ ਧੀ ਪਾਸ਼ੀ ਕਿੱਥੇ ਆ  …  ਪਾਸ਼ੀ …. ਪਾਸ਼ੀ …. ਪਾਸ਼ …. ! ? ‘‘

‘‘ ਕੀ ਗੱਲ ਬਾਬਾ ਜੀਈ , ਕਿੰਨੂੰ ‘ਵਾਜਾਂ ਮਰਦੇ ਓਅ … ? ਪਾਸ਼ੀ ਨਾਂ ਦੀ ਤਾਂ ਏਥੇ ਨਰਸ ਈ ਕੋਈ ਨਈਂ  …. ਦੱਸੋ ਕੀ ਚਾਹੀਦਾ  ? ਹਸਪਤਾਲ ਦੇ ਵਾਤਾਅਨੁਕੂਲ ਕਮਰੇ ‘ ਚ ਪਏ ਨੂੰ ਕਿਸੇ ਨੇ ਹਲੂਣ ਕੇ ਪੁੱਛਿਆ ਹੈ ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>