ਡੇਟਨ – ਅਮਰੀਕਾ ਦੇ ਪ੍ਰਸਿੱਧ ਸ਼ਹਿਰ ਡੇਅਟਨ (ਓਹਾਇਉ) ਦੇ ਗੁਰਦੁਆਰਾ ਸਾਹਿਬ ਵਿਖੇ ਡੇਟਨ ਦੀ ਸਿੱਖ ਸੁਸਾਇਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਤੋਂ ਜਾਣੂ ਕਰਵਾਉਣਾ ਸੀ। ਡਾ. ਗੁਰਜੀਤ ਸਿੰਘ ਕਾਹਲੋਂ ਨੇ 250 ਤੋਂ ਵੱਧ ਸੰਗਤ ਮੈਂਬਰਾਂ ਨੂੰ ਕੰਪਿਊਟਰ ਦੀ ਸਹਾਇਤਾ ਨਾਲ (ਪਾਵਰ ਪੁਆਇੰਟ) ਵੱਡੇ ਪਰਦੇ ਉਪਰ ਦਿਲ ਦੀਆਂ ਬੀਮਾਰੀਆਂ ਅਤੇ ਸ਼ੂਗਰ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ਬੀਮਾਰੀਆਂ ਸਾਡੇ ਵੱਸ ਵਿੱਚ ਹਨ। ਜੇ ਅਸੀ ਸਾਵਧਾਨੀਆਂ ਵਰਤੀਏ ਤਾਂ ਇਹਨਾਂ ਤੋਂ ਬਚਿਆ ਜਾ ਸਕਦਾ ਹੈ। ਇਹ ਸਾਡੀ ਜਿੰਦਗੀ ਦੀ ਰਹਿਣੀ ਬਹਿਣੀ ਉਪਰ ਨਿਰਭਰ ਹਨ। ਸੰਤੁਲਨ ਭੋਜਨ ਦੀ ਵਰਤੋ ਕਰਨ ਅਤੇ ਲਗਾਤਾਰ ਕਸਰਤ ਕਰਨ ਤੇ ਖਾਣ ਪੀਣ ਦੀਆਂ ਵਸਤੂਆਂ ਉਪਰ ਲੱਗੇ ਲੇਬਲ ਉਪਰ ਲਿਖੀਆਂ ਚਿਤਾਵਨੀਆਂ ਨੂੰ ਧਿਆਨ ਨਾਲ ਪੜ੍ਹਕੇ ,ਉਹਨਾਂ ਉਪਰ ਅਮਲ ਕਰਨ ਨਾਲ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਡਾ. ਦਮਨਜੀਤ ਕੌਰ ਕਾਹਲੌਂ, ਡਾ. ਭੁਪਿੰਦਰ ਕੌਰ ਤੇ ਵੀਨਾ ਕਟਿਆਲ ਨੇ ਬਲੱਡ ਪ੍ਰੈਸ਼ਰ ਚੈੱਕ ਕੀਤੇ। 50 ਤੋਂ ਉਪਰ ਵਿਅਕਤੀਆਂ ਦੇ ਖ਼ੂਨ ਦੇ ਨਮੂਨੇ ਲੈ ਕੇ ਉਹਨਾਂ ਦੀ ਸ਼ੂਗਰ ਚੈੱਕ ਕੀਤੀ ਗਈ, ਜੋ ਕਿ ਦਿਲ ਦੀਆਂ ਬੀਮਾਰੀਆਂ ਦਾ ਮੁੱਖ ਕਾਰਨ ਹੈ। ਇੰਦਰ ਚੰਦਰਾ ਤੇ ਸੁਰੇਸ਼ ਚੰਦਰਾ ਨੇ ਕੈਂਪ ਵਿੱਚ ਆਏ ਵਿਅਕਤੀਆਂ ਦੇ ਅੰਕੜੇ ਇਕੱਤਰ ਕੀਤੇ।
ਡਾ. ਦਰਸ਼ਨ ਸਿੰਘ ਸਹਿਬੀ ਨੇ ਕਿਹਾ ਕਿ ਸ਼ੂਗਰ ਤੇ ਦਿਲ ਦੀਆਂ ਬੀਮਾਰੀਆਂ, ਚੁੱਪ-ਚਪੀਤੇ ਹੁੰਦੀਆਂ ਮੌਤਾਂ ਦਾ ਪ੍ਰਮੁੱਖ ਕਾਰਨ ਹਨ ਤੇ ਇਹਨਾਂ ਦੇ ਕਾਰਨਾਂ ਤੋਂ ਜਾਣੂ ਹੋਣਾ ਬੜਾ ਜਰੂਰੀ ਹੈ। ਡਾ. ਰਾਜਕਮਲ ਚੀਮਾਂ ਨੇ ਆਏ ਹੋਏ ਡਾਕਟਰਾਂ ਤੇ ਸੰਗਤਾਂ ਦਾ ਕੈਂਪ ਨੂੰ ਸਫ਼ਲ ਬਨਾਉਣ ਲਈ ਧੰਨਵਾਦ ਕੀਤਾ ਅਤੇ ਅੱਗੇ ਤੋਂ ਹੋਰ ਕੈਂਪ ਲਗਾਉਣ ਦਾ ਵਾਅਦਾ ਕੀਤਾ।