ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਨਜੀਤ ਸਿੰਘ ਕੰਗ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਸਲੇਬਸ ਦੀਆਂ ਕਿਤਾਬਾਂ ਦੇ ਨਾਲ ਨਾਲ ਕਲਾ, ਖੇਡਾਂ, ਸਾਹਿਤ ਅਤੇ ਸਭਿਆਚਾਰਕ ਗਤੀਵਿਧੀਆਂ ਨਾਲ ਜੁੜਨਾ ਬਹੁਤ ਜਰੂਰੀ ਹੈ। ਯੂਨੀਵਰਸਿਟੀ ਵਲੋਂ ਰਾਜ ਅਤੇ ਰਾਸ਼ਟਰੀ ਪੱਧਰ ਤੇ ਹੋਏ ਵੱਖ-ਵੱਖ ਅੰਤਰ ਯੂਨੀਵਰਸਿਟੀ ਯੁਵਕ ਮੇਲਿਆ ਵਿਚ ਭਾਗ ਲੈਣ ਵਾਲੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਹਿੱਤ ਆਯੋਜਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਕੰਗ ਨੇ ਕਿਹਾ ਕਿ ਸਹਿ ਵਿਦਿਅਕ ਗਤੀਵਿਧੀਆਂ ਵਿਦਿਆਰਥੀਆਂ ਦੇ ਜੀਵਨ ਵਿਚ ਨਿਖਾਰ ਲਿਆਉਂਦੀਆਂ ਹਨ। ਡਾ. ਕੰਗ ਨੇ ਕਿਹਾ ਕਿ ਵਿਅਕਤੀਤਤਵ ਦੇ ਨਿਖਾਰ ਅਤੇ ਬੋਲਚਾਲ ਦੇ ਨਾਲ ਨਾਲ ਸੰਚਾਰ ਸਮਰਥਾ ਵਿਚ ਵਾਧਾ ਕਰਨ ਵਿਚ ਇਹਨਾਂ ਕਲਾਤਮਕ ਗਤੀਵਿਧੀਆਂ ਦਾ ਅਹਿਮ ਯੋਗਦਾਨ ਹੈ। ਉਹਨਾਂ ਯੂਨੀਵਰਸਿਟੀ ਦੇ ਕਲਾ, ਸਾਹਿਤ ਅਤੇ ਸਭਿਆਚਾਰਕ ਖੇਤਰ ਵਿਚ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਕਿਹਾ ਇਸ ਸੰਸਥਾ ਨੇ ਜਿਥੇ ਖੇਤੀ ਖੋਜ ਦੇ ਖੇਤਰ ਵਿਚ ਅੰਤਰਰਾਸ਼ਟਰੀ ਪ੍ਰਾਪਤੀਆਂ ਕੀਤੀਆਂ ਹਨ ਉੱਥੇ ਖੇਡਾਂ, ਸਾਹਿਤ ਅਤੇ ਸਭਿਆਚਾਰਕ ਖੇਤਰ ਵਿਚ ਇਥੋਂ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਪਹਿਚਾਣ ਕਾਇਮ ਕੀਤੀ ਹੈ। ਡਾ. ਔਲਖ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚ ਹਮੇਸ਼ਾਂ ਹੀ ਉਸਾਰੂ ਗਤੀਵਿਧੀਆਂ ਪ੍ਰਤੀ ਉਤਸ਼ਾਹ ਰਿਹਾ ਹੈ। ਡਿਪਟੀ ਡਾਇਰੈਕਟਰ ਸੰਚਾਰ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਕੋਆਰਡੀਨੇਟਰ ਡਾ. ਨਿਰਮਲ ਜੌੜਾ ਨੇ ਕਿਹਾ ਕਿ ਸੰਗੀਤ, ਨਾਚ ਅਤੇ ਸੂਖਮ ਕਲਾਵਾਂ ਦਾ ਕੋਈ ਵੀ ਵਿਸ਼ਾ ਨਾ ਹੋਣ ਦੇ ਬਾਵਯੂਦ ਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੇ-ਆਪਣੇ ਖੇਤਰ ਵਿਚ ਨਿਪੁਨਤਾ ਹਾਸਲ ਕੀਤੀ ਹੈ। ਡਾ. ਜੌੜਾ ਨੇ ਦੱਸਿਆ ਕਿ ਪਿਛਲੇ ਸਾਲ ਹੋਏ ਮੁਕਾਬਲਿਆ ਵਿਚ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸ਼ਾਨਦਾਰ ਰਹੀਆਂ ਹਨ। ਇਸ ਮੌਕੇ ਉਪ-ਕੁਲਪਤੀ ਡਾ. ਕੰਗ ਨੇ ਅੰਤਰ ਖੇਤੀਬਾੜੀ ਯੂਨੀਵਰਸਿਟੀ ਯੁਵਕ ਮੇਲਾ ਅਨੰਦ (ਗੁਜਰਾਤ) ਅਤੇ ਉਤਰ ਖੇਤਰੀ ਅੰਤਰ ਯੂਨੀਵਰਸਿਟੀ ਯੁਵਕ ਮੇਲਾ ਝਾਂਸੀ ਵਿਖੇ ਭਾਗ ਲੈਣ ਵਾਲੇ ਪੰਜਾਬ ਤੋ ਵੱਧ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ।
ਇਸ ਸਮਾਗਮ ਵਿਚ ਅਪਰ ਨਿਰਦੇਸ਼ਕ ਸੰਚਾਰ ਡਾ. ਜਗਤਾਰ ਸਿੰਘ ਧੀਮਾਨ, ਡਿਪਟੀ ਡਾਇਰੈਕਟਰ ਸਪੋਰਟਸ ਡਾ. ਜਗਜੀਵਨ ਕੌਰ, ਡਾ. ਮਾਨ ਸਿੰਘ ਤੂਰ, ਡਾ. ਵਿਸ਼ਾਲ ਬੈਕਟਰ, ਡਾ. ਸੁਖਜੀਤ ਕੌਰ, ਡਾ. ਰਜਿੰਦਰ ਕੌਰ ਕਾਲੜਾ ਸਮੇਤ ਨਿਰਦੇਸ਼ਕ ਵਿਦਿਆਰਥੀ ਭਲਾਈ ਦਾ ਸਟਾਫ ਹਾਜ਼ਰ ਸੀ।