ਅੰਮ੍ਰਿਤਸਰ - ਭਾਰਤ ਦੇ ਵੱਖ-ਵੱਖ ਰਾਜਾਂ ਦਿੱਲੀ, ਮਹਾਂਰਾਸ਼ਟਰ, ਮੱਧਪ੍ਰਦੇਸ਼, ਯੂ.ਪੀ. ਆਦਿ ਵਿਭਿੰਨ ਪ੍ਰਸਿੱਧ ਹਸਪਤਾਲਾਂ ਵਿੱਚ ਕੰਮ ਕਰ ਰਹੇ ਅਤੇ ਚਲਾ ਰਹੇ 40 ਡਾਕਟਰਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੈਡੀਕਲ ਅਫਸਰ ਡਾ. ਐਚ. ਪੀ. ਸਿੰਘ ਦੀ ਅਗਵਾਈ ਹੇਠ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਹਿੱਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਅੱਜ ਦਫ਼ਤਰ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਵਿਖੇ ਪੁੱਜੇ। ਇਨ੍ਹਾਂ ਡਾਕਟਰਾਂ ਨੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਕੋਰਸ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਸਾਬਰ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਚਲਾਏ ਜਾ ਰਹੇ ਕੋਰਸ ਬਾਰੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ, ਆਦਿ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਈ ਪ੍ਰਸ਼ਨ ਡਾ. ਸਾਬਰ ਨੂੰ ਪੁੱਛੇ। ਡਾ. ਸਾਬਰ ਨੇ ਡਾਕਟਰੀ ਪੇਸ਼ੇ ਨਾਲ ਜੁੜੇ ਇਨ੍ਹਾਂ ਡਾਕਟਰਾਂ ਨੂੰ ਸਿੱਖ ਧਰਮ ਬਾਰੇ, ਗੁਰਬਾਣੀ ਬਾਰੇ ਅਤੇ ਸਿੱਖ ਗੁਰੂ ਸਾਹਿਬਾਨ ਅਤੇ ਸੰਸਥਾਵਾਂ ਬਾਰੇ ਅੰਗ੍ਰੇਜ਼ੀ ਤੇ ਹਿੰਦੀ ਵਿਚ ਬਹੁਤ ਹੀ ਸੰਖੇਪ ਤੇ ਭਾਵਪੂਰਤ ਜਾਣਕਾਰੀ ਦਿਤੀ। ਇਨ੍ਹਾਂ ਡਾਕਟਰ ਸਾਹਿਬਾਨਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਨੌਖੀ ਆਨ ਸ਼ਾਨ ਤੇ ਹਰ ਪੱਖੋਂ ਬਹੁਤ ਵਧੀਆ ਪ੍ਰਬੰਧ ਤੋਂ ਬਹੁਤ ਹੀ ਪ੍ਰਭਾਵਤ ਹੋਏ ਅਤੇ ਸਿੱਖ ਧਰਮ ਵਿੱਚ ਪ੍ਰਚਲਿਤ ਲੰਗਰ ਸੰਸਥਾ ਅਤੇ ਸੇਵਾ-ਸਿਮਰਨ ਦੀ ਬਹੁਤ ਪ੍ਰਸ਼ੰਸਾ ਕੀਤੀ। ਇਨ੍ਹਾਂ ਨੇ ਜਗਿਆਸਾ ਪ੍ਰਗਟ ਕੀਤੀ ਕਿ ਸਿੱਖ ਧਰਮ ਨੂੰ ਸੰਸਾਰ ਪੱਧਰ ਤੇ ਠੀਕ ਪ੍ਰਸੰਗ ਵਿੱਚ ਪ੍ਰਚਾਰਨ ਤੇ ਪ੍ਰਸਾਰਨ ਦੀ ਲੋੜ ਹੈ ਕਿਉਂਕਿ ਇਸ ਧਰਮ ਨੂੰ ਹਰ ਕੋਈ ਪਿਆਰ ਕਰ ਸਕਦਾ ਹੈ। ਇਨ੍ਹਾਂ ਡਾਕਟਰਾਂ ਨੂੰ ਜਦੋਂ ਇਹ ਦਸਿਆ ਗਿਆ ਕਿ ਇਹ ਕੋਰਸ ਪੰਜਾਬੀ ਦੇ ਨਾਲ ਨਾਲ ਹਿੰਦੀ ਤੇ ਅੰਗ੍ਰਜ਼ੀ ਵਿਚ ਵੀ ਚਲ ਰਿਹਾ ਹੈ ਤਾਂ ਉਸੇ ਸਮੇਂ 13 ਡਾਕਟਰ ਪਰਿਵਾਰਾਂ ਨੇ ਹਿੰਦੀ ਤੇ ਅੰਗ੍ਰੇਜ਼ੀ ਵਿਚ ਦਾਖਲਾ ਪ੍ਰਾਪਤ ਕਰ ਲਿਆ ਅੰਤ ਵਿਚ ਇਨ੍ਹਾਂ ਡਾਕਟਰ ਸਾਹਿਬਾਨ ਨੇ ਇਸ ਕੋਰਸ ਨੂੰ ਆਰੰਭ ਕਰਾਉਣ ਵਾਲੇ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਜਥੇਦਾਰ ਸ. ਅਵਤਾਰ ਸਿੰਘ ਜੀ ਦਾ ਅਤੇ ਕੋਰਸ ਦੀ ਜਾਣਕਾਰੀ ਦੇਣ ਹਿਤ ਡਾ. ਸਾਬਰ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸਤੀਸ਼ ਕੁਮਾਰ, ਡਾ. ਅਰੁਨ ਗੋਇਲ, ਡਾ. ਮੰਜੂ, ਡਾ. ਚੋਪੜਾ, ਡਾ. ਡੋਗਰਾ, ਡਾ. ਰਵੀ ਕੁਮਾਰ, ਡਾ. ਸਿਡਾਨਾ, ਡਾ. ਬੰਗਾਲੀ, ਆਦਿ ਨੂੰ ਡਾ. ਸਾਬਰ ਵੱਲੌਂ ਸਿਰੋਪਾਓ ਅਤੇ ਪੁਸਤਕਾਂ ਨਾਲ ਸਨਮਾਨਤ ਕੀਤਾ। ਇਸ ਮੌਕੇ ਦਲਜੀਤ ਸਿੰਘ, ਹਰਜੀਤ ਸਿੰਘ, ਰਣਜੀਤ ਸਿੰਘ ਭੋਮਾ ਆਦਿ ਹਾਜਰ ਸਨ।
ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨ ਤੇ ਲੰਗਰ ਸੰਸਥਾ ਤੋਂ ਡਾਕਟਰਾਂ ਦੀ ਟੀਮ ਬਾਗੋ ਬਾਗ ਹੋਈ
This entry was posted in ਪੰਜਾਬ.