ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਉਹ ਇਹ ਬਿਲਕੁਲ ਪਸੰਦ ਨਹੀਂ ਕਰਦੇ ਕਿ ਸਾਡੇ ਦੇਸ਼ ਦੇ ਲੋਕ ਸਸਤਾ ਇਲਾਜ ਕਰਵਾਉਣ ਲਈ ਭਾਰਤ ਜਾਣ। ਉਨ੍ਹਾਂ ਕਿਹਾ ਕਿ ਬਹੁਤ ਜਲਦ ਹੀ ਅਮਰੀਕਾ ਵਿੱਚ ਅਜਿਹੀ ਮੈਡੀਕਲ ਪ੍ਰਣਾਲੀ ਲਾਗੂ ਕਰਨ ਦੀ ਕੋਸਿਸ਼ ਕੀਤੀ ਜਾਵੇਗੀ ਜੋ ਜਿਆਦਾ ਮਹਿੰਗੀ ਨਾਂ ਹੋਵੇ।
ਵਰਜੀਨੀਆ ਦੇ ਇੱਕ ਕਾਲਜ ਸਮਾਗਮ ਦੌਰਾਨ ਓਬਾਮਾ ਨੇ ਕਿਹਾ, ‘ ਮੇਰਾ ਧਿਆਨ ਇਸ ਗੱਲ ਤੇ ਹੈ ਕਿ ਤੁਹਾਨੂੰ ਸਸਤੇ ਇਲਾਜ ਲਈ ਮੈਕਸੀਕੋ ਜਾਂ ਭਾਰਤ ਵਰਗੇ ਦੇਸ਼ਾਂ ਵਿੱਚ ਨਾਂ ਜਾਣਾ ਪਵੇ। ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਆਪਣੇ ਦੇਸ਼ ਵਿੱਚ ਹੀ ਵਧੀਆ ਅਤੇ ਸਸਤਾ ਇਲਾਜ ਮਿਲ ਸਕੇ।’ ਓਬਾਮਾ ਦੇ ਇਸ ਬਿਆਨ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਉਨ੍ਹਾਂ ਕਿਹਾ, ‘ਕਿਸੇ ਹੋਰ ਦੇਸ਼ ਤੋਂ ਇਲਾਜ ਕਰਵਾਉਣ ਨਾਲੋਂ ਚੰਗਾ ਇਹ ਹੈ ਕਿ ਅਸੀਂ ਆਪਣੇ ਦੇਸ਼ ਵਿੱਚ ਉਸ ਦਾ ਹੱਲ ਕਢੀਏ। ਸਾਡੀ ਕੋਸਿ਼ਸ਼ ਇਲਾਜ ਦੇ ਖਰਚ ਨੂੰ ਘੱਟ ਕਰਨ ਦੀ ਹੋਵੇਗੀ। ਇਸ ਨਾਲ ਬਹੁਤ ਅੰਤਰ ਪੈਦਾ ਹੁੰਦਾ ਹੈ।’ ਉਨ੍ਹਾਂ ਨੇ ਦਵਾਈਆਂ ਦੀਆਂ ਕੀਮਤਾਂ ਘੱਟ ਕਰਨ ਤੇ ਜੋਰ ਦਿੱਤਾ। ਜਿਸ ਨਾਲ ਲੋਕਾਂ ਨੂੰ ਇਹ ਮਹਿਸੂਸ ਨਾਂ ਹੋਵੇ ਕਿ ਉਨ੍ਹਾਂ ਨੂੰ ਠਗਿਆ ਜਾ ਰਿਹਾ ਹੈ ਅਤੇ ਇਸ ਨਾਲੋਂ ਚੰਗਾ ਤਾਂ ਮੈਕਸੀਕੋ, ਕਨੇਡਾ ਅਤੇ ਭਾਰਤ ਹੈ।
ਰਾਸ਼ਟਰਪਤੀ ਓਬਾਮਾ ਨੇ ਇਹ ਵੀ ਕਿਹਾ ਕਿ ਦਵਾਈਆਂ ਦੀ ਖੋਜ ਅਮਰੀਕਾ ਵਿੱਚ ਹੋ ਰਹੀ ਹੈ ਅਤੇ ਦਵਾਈਆਂ ਦੀ ਕੀਮਤਾਂ ਇੱਥੇ ਜਿਆਦਾ ਹਨ। ਇਸ ਲਈ ਸਾਨੂੰ ਇਸ ਸਬੰਧੀ ਸੋਚਣ ਦੀ ਲੋੜ ਹੈ ਅਤੇ ਅਜਿਹੀ ਪ੍ਰਣਾਲੀ ਵਿਕਸਤ ਕਰਨੀ ਚਾਹੀਦੀ ਹੈ ਜਿਸ ਨਾਲ ਸੱਭ ਵਰਗਾਂ ਨੂੰ ਸਸਤਾ ਇਲਾਜ ਮਿਲ ਸਕੇ।