ਖਡੂਰ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-: ਪਦਮ ਸ਼੍ਰੀ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਰਹਿਨੁਮਾਈ ਵਿੱਚ ਨਿਸ਼ਾਨ-ਏ-ਸਿੱਖੀ ਮੀਨਾਰ ਦੇ ਨਿਰਮਾਣ ਲਈ ਸਿੰਘਾਪੁਰ ਨਿਵਾਸੀ ਸ. ਕਰਤਾਰ ਸਿੰਘ ਠਕਰਾਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਤਨ, ਮਨ ਅਤੇ ਧਨ ਨਾਲ ਕੀਤੀ ਅਦੁੱਤੀ ਸੇਵਾ ਅਤੇ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਨੂੰ ਕਾਰ ਸੇਵਾ ਖਡੂਰ ਸਾਹਿਬ ਅਤੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਖਡੂਰ ਸਾਹਿਬ ਵਲੋਂ ‘ਇੰਟਰਨੈਸ਼ਲ ਫਿਲਨਥਰਾਪੀ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ । ਲੰਬੇ ਸਮੇਂ ਤੋਂ ਮਨੁੱਖਤਾ ਦੀ ਸੇਵਾ ਵਿੱਚ ਲੀਨ ਵਿਸ਼ਵ ਪ੍ਰਸਿੱਧੀ ਖੱਟਣ ਵਾਲੇ ਕੈਨੇਡਾ ਨਿਵਾਸੀ ਡਾ. ਰਘਬੀਰ ਸਿੰਘ ਬੈਂਸ ਨੂੰ ਵੀ ਨਿਸ਼ਾਨ-ਏ-ਸਿੱਖੀ ਨੂੰ ਕੌਮ ਹਿੱਤ ਸਮਰਪਿਤ ਕਰਨ ਸਮੇਂ ਗੁਰੂ ਜੋਤ ਦੇ ਚਾਨਣ ਮੁਨਾਰੇ ਖਡੂਰ ਸਾਹਿਬ ਵਿਖੇ ਹਜ਼ਾਰਾਂ ਹੀ ਧਾਰਮਿਕ ਆਗੂਆਂ, ਸਮਾਜਿਕ ਚਿੰਤਕਾਂ, ਖੋਜੀਆਂ, ਬੁੱਧੀਜੀਵੀਆਂ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਵੱਲੋਂ ਜੀਵਨ ਭਰ ਲਈ ਮਨੁੱਖਤਾ ਦੀ ਸੇਵਾ ਅਤੇ ਵਿਸ਼ਵ ਦੇ ਅਜੂਬੇ ਨਿਸ਼ਾਨ-ਏ-ਸਿੱਖੀ ਮੀਨਾਰ ਦੇ ਨਿਰਮਾਣ ਪ੍ਰਤੀ ਨਿਭਾਈਆਂ ਜਾ ਰਹੀਆਂ ਅਣਥੱਕ ਸੇਵਾਵਾਂ ਵਜੋਂ ਪੰਜ ਪਿਆਰਿਆਂ ਬਾਬਾ ਸੇਵਾ ਸਿੰਘ ਜੀ, ਭਾਈ ਮੁਹਿੰਦਰ ਸਿੰਘ ਜੀ ਯੂ ਕੇ, ਸਿੰਘ ਸਾਹਿਬ ਗਿ. ਜੋਗਿੰਦਰ ਸਿੰਘ ਵੇਦਾਂਤੀ ਜੀ, ਸਿੰਘ ਸਾਹਿਬ ਗਿ. ਜਗਤਾਰ ਸਿੰਘ ਜੀ ਅਤੇ ਬਾਬਾ ਹਰਨਾਮ ਸਿੰਘ ਖਾਲਸਾ ਜੀ ਵਲੋਂ ਉਇੰਟਰਨੈਸ਼ਨਲ ਕਮਿਊਨਿਟੀ ਸਰਵਿਸ ਐਵਾਰਡੂ ਨਾਲ ਸਨਮਾਨਤ ਕੀਤਾ ।
ਉਸ ਸਮੇਂ ਸ. ਮਹਿੰਦਰਜੀਤ ਸਿੰਘ ਆਰਕੀਟੈਕਟ, ਸ. ਕਰਨੈਲ ਸਿੰਘ ਹੈਡ ਮਿਸਤਰੀ ਅਤੇ ਐਸ, ਪੀ, ਐਸ ਦੁਸਾਂਝ ਹੁਰਾਂ ਨੂੰ ਵੀ ਉਨ੍ਹਾਂ ਦੀਆਂ ਨਿਸ਼ਾਨ-ਏ-ਸਿੱਖੀ ਪ੍ਰਤੀ ਕੀਤੀਆਂ ਵਡਮੁੱਲੀਆਂ ਸੇਵਾਵਾਂ ਲਈ ‘ਐਵਾਰਡ ਆਫ ਐਕਸਿਲੈਂਸ’ ਨਾਲ ਸਨਮਾਨਿਤ ਕੀਤਾ ਗਿਆ । ਇਹ ਸਨਮਾਨ ਨਿਸ਼ਾਨ-ਏ ਸਿੱਖੀ ਦੇ ਨਵ ਨਿਰਮਾਣ ਕੀਤੇ ਅਦਭੁਤ ਮੀਨਾਰ ਨੂੰ ਮਨੁੱਖਤਾ ਦੇ ਨਾਮ ਸਮਰਪਿਤ ਕਰਨ ਮੌਕੇ ਦਿੱਤੇ ਗਏ ।
ਯਾਦ ਰਹੇ ਕਿ ਡਾ ਬੈਂਸ ਕੋਈ ਅੱਠ ਸਾਲ ਤੋਂ ਕਾਰ ਸੇਵਾ ਖਡੂਰ ਸਾਹਿਬ ਵਾਲੇ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਖਡੂਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਹਨ । ਡਾ. ਬੈਂਸ ਨੇ 2004 ਵਿੱਚ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਾਵਨ-ਪਵਿੱਤਰ ਧਰਤੀ ਵਿਖੇ ਵਿਸ਼ਵ ਦਾ ਪਹਿਲਾ ‘ਮਲਟੀਮੀਡੀਆ ਸਿੱਖ ਮਿਊਜ਼ੀਅਮ’ ਸਥਾਪਤ ਕਰਕੇ ਸੰਸਾਰ ਭਰ ਵਿੱਚ ਖੂਬ ਨਾਮਨਾ ਖੱਟਿਆ ਸੀ । ਹੁਣ ਤੱਕ ਸੰਸਾਰ ਭਰ ਵਿੱਚ ਇਸ ਕਿਸਮ ਦੇ ਚਾਰ ਅਜਾਇਬ ਘਰ ਸਥਾਪਿਤ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਦਰਜਨਾਂ ਹੀ ਨੈਸ਼ਨਲ ਤੇ ਇੰਟਰਨੈਸ਼ਨਲ ਐਵਾਰਡ ਮਿਲ ਚੁੱਕੇ ਹਨ ।
ਦੁਨਿਆਵੀ ਹਕੀਕਤ ਹੈ ਕਿ ਸੂਝਵਾਨ ਤੇ ਸਮਰਪਿਤ ਮਾਰਗ ਦਰਸ਼ਕ ਹਮੇਸ਼ਾ ਹੀ ਮਨੁੱਖਤਾ ਦੇ ਭਲੇ ਲਈ ਤਤਪਰ ਰਿਹਾ ਕਰਦੇ ਹਨ । ਨਿੱਜ ਤੋਂ ਉਪਰ ਉਠ ਕੇ ਪਰ-ਸਵਾਰਥ ਵਿੱਚ ਵਿਚਰਨਾ ਉਹਨ੍ਹਾਂ ਦਾ ਸੁਭਾਉ ਹੁੰਦਾ ਹੈ । ਇਹੀ ਕਾਰਨ ਹੈ ਕਿ ਸਮਾਜ ਉਹਨਾਂ ਨੂੰ ੳਹੁਨਾਂ ਦੀਆਂ ਪਰ ਸੁਆਰਥ ਭਾਵਨਾਵਾਂ ਦੀ ਕਦਰ ਹਿੱਤ ਆਪਣੀ ਪਾਕ ਨਿਗਾਹੀ ਸੇਜ ਦਾ ਪਾਤਰ ਬਣਾਉਂਦਾ ਹੈ । ਸਮਾਜ ਦੀ ਪੈਰੋਕਾਰਤਾ ਵਿੱਚ ਵਿਚਰਦੇ ਇਨ੍ਹਾਂ ਇਨਸਾਨਾ ਦੀ ਗਿਣਤੀ ਭਾਵੇਂ ਆਟੇ ਵਿੱਚ ਲੂਣ ਦੇ ਬਰਾਬਰ ਹੁੰਦੀ ਹੈ ਪਰ ਉਹ ਆਪਣੀਆਂ ਵਿਸ਼ਾਲ ਭਾਵਨਾਵਾਂ ਅਤੇ ਪਾਏਦਾਰ ਦ੍ਰਿਸ਼ਟੀਆਂ ਰਾਹੀਂ ਸਮਾਜ ਅਤੇ ਕੌਮ ਲਈ ਬਹੁਤ ਕੁੱਝ ਕਰਨ ਦੇ ਸਮਰੱਥ ਹੁੰਦੇ ਹਨ । ਜੇਕਰ ਮਨੁੱਖਤਾ ਐਸੇ ਕੌਮੀਂ ਹੀਰਿਆਂ ਦੀ ਹੌਸਲਾ ਅਫਜ਼ਾਈ ਕਰਦੀ ਰਹੇਗੀ ਤਾਂ ਐਸੇ ਸਵੈ-ਸੇਵਕ ਵਿਸ਼ਵ ਦੀ ਸੇਵਾ ਕਰਨ ਵਿੱਚ ਹੋਰ ਉਤਸ਼ਾਹਿਤ ਹੋਣਗੇ।