ਵਾਸਿੰਗਟਨ- ਵਿਸ਼ਵ ਦੇ 124 ਦੇਸ਼ਾਂ ਵਿੱਚ ਕਰਵਾਏ ਗਏ ਸਰਵੇ ਅਨੁਸਾਰ ਨਾਗਰਿਕਾਂ ਦੀ ਖੁਸ਼ੀ ਦੇ ਸਬੰਧ ਵਿੱਚ ਭਾਰਤ ਦਾ ਦੁਨੀਆਂ ਵਿੱਚ 71ਵਾਂ ਸਥਾਨ ਹੈ। ਭਾਰਤ ਦੇ ਸਿਰਫ਼ 17 ਫੀਸਦੀ ਲੋਕਾਂ ਨੇ ਹੀ ਆਪਣੇ ਆਪ ਨੂੰ ਸੁਖੀ ਦਸਿਆ ਹੈ। ਡੈਨਮਾਰਕ ਇਸ ਸਰਵੇ ਵਿੱਚ ਪਹਿਲੇ ਸਥਾਨ ਤੇ ਹੈ।
ਗੈਲਪ ਸੰਸਥਾ ਦੁਆਰਾ ਕੀਤੇ ਗਏ ‘ਗਲੋਬਲ ਵੈਲਬੀਇੰਗ ਸਰਵੇ’ ਅਨੁਸਾਰ ਡੈਨਮਾਰਕ ਦੇ ਲੋਕ ਦੁਨੀਆ ਵਿੱਚ ਸੱਭ ਤੋਂ ਜਿਆਦਾ ਖੁਸ਼ ਹਨ। ਇਥੋਂ ਦੇ 72 ਫੀਸਦੀ ਲੋਕਾਂ ਨੇ ਆਪਣੇ ਆਪ ਨੂੰ ਸੰਪੂਰਨ ਸੁੱਖੀ ਦਸਿਆ ਹੈ। ਸਵੀਡਨ ਅਤੇ ਕਨੇਡਾ ਇਸ ਸੂਚੀ ਵਿੱਚ ਦੂਸਰੇ ਅਤੇ ਤੀਸਰੇ ਸਥਾਨ ਤੇ ਹਨ। ਅਮਰੀਕਾ ਦੇ 59% ਲੋਕਾਂ ਨੇ ਆਪਣੇ ਆਪ ਨੂੰ ਸੁਖੀ ਦਸਿਆ। ਭਾਰਤ ਦੇ 64% ਲੋਕਾਂ ਨੇ ਕਿਹਾ ਕਿ ਉਹ ਸੰਘਰਸ਼ ਕਰ ਰਹੇ ਹਨ ਅਤੇ 19% ਲੋਕਾਂ ਨੇ ਕਿਹਾ ਕਿ ਉਹ ਦੁਖੀ ਹਨ। ਪਾਕਿਸਤਾਨ ਨੂੰ ਇਸ ਸਰਵੇ ਅਨੁਸਾਰ 40ਵਾਂ ਸਥਾਨ ਮਿਲਿਆ ਹੈ ਅਤੇ 32% ਲੋਕਾਂ ਨੇ ਆਪਣੇ ਆਪ ਨੂੰ ਸੁਖੀ ਦਸਿਆ। ਬੰਗਲਾ ਦੇਸ਼ ਨੂੰ 89ਵਾਂ ਸਥਾਨ ਮਿਲਿਆ ਹੈ ਅਤੇ ਇਥੋਂ ਦੇ 13 ਫੀਸਦੀ ਲੋਕਾਂ ਨੇ ਹੀ ਆਪਣੇ ਆਪ ਨੂੰ ਸੁਖੀ ਦਸਿਆ। ਚੀਨ ਇਸ ਸੂਚੀ ਵਿੱਚ 92ਵੇਂ ਸਥਾਨ ਤੇ ਹੈ। ਸਰਵੇ ਅਨੁਸਾਰ ਚੀਨ ਦੇ 12% ਲੋਕ ਹੀ ਖੁਸ਼ ਹਨ। ਯੌਰਪ ਅਤੇ ਅਮਰੀਕਾ ਤੋਂ ਬਾਹਰ ਦੇ ਬਹੁਤ ਘੱਟ ਲੋਕਾਂ ਨੇ ਆਪਣੇ ਆਪ ਨੂੰ ਸੁਖੀ ਦਸਿਆ ਹੈ।