ਨਵੀਂ ਦਿੱਲੀ,(ਜਸਵੰਤ ਸਿੰਘ ‘ਅਜੀਤ’) -ਸੇਵਾਪੰਥੀ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲੇ, ਜੋ ਬੀਤੇ ਦਿੱਨ ਅਕਾਲ ਪੁਰਖ ਵਲੋਂ ਬਖਸ਼ੀ ਜੀਵਨ-ਆਯੂ ਭੋਗਕੇ, ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ, ਦਾ ਅੰਤਿਮ ਸੰਸਕਾਰ ਅੱਜ ਇਥੇ ਜੋਤੀ ਨਗਰ ਸਥਿਤ ਗੁਰੂ ਕਾ ਬਾਗ਼ (ਬਾਗ਼ ਬਾਬਾ ਕਾਰਸੇਵਾ ਵਾਲੇ) ਵਿੱਖੇ ਪੂਰਣ ਗੁਰਮਰਿਆਦਾ ਅਨੁਸਾਰ ਹੋਇਆ। ਇਸ ਮੌਕੇ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਰਦਾਸ ਅਤੇ ਬਾਬਾ ਹਰਬੰਸ ਸਿੰਘ ਜੀ ਦੇ ਸੇਵਕ ਬਾਬਾ ਬਚਨ ਸਿੰਘ ਨੇ ਅਗਨ ਦੇਣ ਦੀ ਰਸਮ ਅਦਾ ਕੀਤੀ। ਗੁਰਦੁਆਰਾ ਬੰਗਲਾ ਸਾਹਿਬ ਤੋਂ ਅਰੰਭ ਹੋਈ ਯਾਤਰਾ, ਜਿਨ੍ਹਾਂ ਰਾਹਾਂ ਤੋਂ ਹੁੰਦੀ ਹੋਈ ਗੁਰੂ ਕਾ ਬਾਗ਼ ਵਿੱਖੈ ਪੁਜੀ, ਉਨ੍ਹਾਂ ਰਾਹਾਂ ਤੇ ਹੈਲੀਕਾਪਟਰ ਰਾਹੀਂ ਫੁਲਾਂ ਦੀ ਵਰਖਾ ਕਰ ਫੁਲਾਂ ਦੀ ਚਾਦਰ ਵਿਛਾਈ ਗਈ। ਇਨ੍ਹਾਂ ਰਾਹਾਂ ਤੇ ਵੱਡੀ ਗਿਣਤੀ ਵਿੱਚ ਖੜੀਆਂ ਸਿੱਖ ਸੰਗਤਾਂ ਵੀ ਫੁਲਾਂ ਦੀ ਵਰਖਾ ਕਰ, ਹੰਝੂਆਂ ਭਰੀਆਂ ਅੱਖਾਂ ਨਾਲ ਬਾਬਾ ਹਰਬੰਸ ਸਿੰਘ ਜੀ ਨੂੰ ਅੰਤਿਮ ਵਿਦਾਇਗੀ ਦੇ ਰਹੀਆਂ ਸਨ। ਬਾਬਾ ਹਰਬੰਸ ਸਿੰਘ ਜੀ ਨੂੰ ਅੰਤਿਮ ਵਿਦਾਇਗੀ ਦੇਣ ਵਾਲੇ ਅਸਥਾਨ ਤੇ ਸੰਗਤਾਂ ਦਾ ਅਥਾਹ ਸਾਗਰ ਸ਼ਰਧਾਂਜਲੀ ਭੇਂਟ ਕਰਨ ਉਮੜਿਆ ਹੋਇਆ ਸੀ। ਇਸ ਮੌਕੇ ਤੇ ਆਪਜੀ ਨੂੰ ਅੰਤਿਮ ਵਿਦਾਇਗੀ ਦੇਣ ਲਈ ਸੰਗਤਾਂ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੱੰਘ ਸਰਨਾ, ਸੀਨੀਅਰ ਮੀਤ ਪ੍ਰਧਾਨ ਸ. ਭਜਨ ਸਿੰਘ ਵਾਲੀਆ, ਜਨਰਲ ਸਕੱਤ੍ਰ ਸ. ਗੁਰਮੀਤ ਸਿੰਘ ਸ਼ੰਟੀ, ਸਕੱਤ੍ਰ ਸ. ਕਰਤਾਰ ਸਿੰਘ ਕੋਛੜ, ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀਆਂ ਅਤੇ ਮੈਂਬਰਾਂ ਸਹਿਤ ਪੁਜੇ ਹੋਏ ਸਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤ੍ਰ ਸ. ਸੁਖਦੇਵ ਸਿੰਘ ਭੌਰ, ਭਾਈ ਹਰਨਾਮ ਸਿੰਘ ਧੁੰਮਾਂ ਸਹਿਤ ਸੰਤ ਸਮਾਜ ਦੇ ਲਗਭਗ ਸਾਰੇ ਹੀ ਮੁੱਖੀ ਪੁਜੇ ਹੋਏ ਸਨ। ਇਨ੍ਹਾਂ ਤੋਂ ਇਲਾਵਾ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਜਨਰਲ ਸਕੱਤ੍ਰ ਜ. ਅਵਤਾਰ ਸਿੰਘ ਹਿਤ ਵੀ ਆਪਣੇ ਦਲ ਦੇ ਸਾਥੀਆਂ ਸਹਿਤ ਪੁਜੇ ਸਨ।
ਇਸ ਮੌਕੇ ਤੇ ਸੰਤ ਸਮਾਜ ਵਲੋਂ ਬਾਬਾ ਬਚਨ ਸਿੰਘ ਜੀ ਨੂੰ ਬਾਬਾ ਹਰਬੰਸ ਸਿੰਘ ਜੀ ਦਾ ਜਾਂਨਸ਼ੀਨ ਥਾਪਦਿਆਂ, ਉਨ੍ਹਾਂ ਨੂੰ ਬਾਬਾ ਹਰਬੰਸ ਸਿੰਘ ਜੀ ਦੇ ਸ਼ਰੀਰ ਨੂੰ ਅਗਨ ਦਿਖਾਉਣ ਦੀ ਰਸਮ ਨੂੰ ਪੂਰਿਆਂ ਕਰਨ ਲਈ ਕਿਹਾ ਗਿਆ, ਜੋ ਉਨ੍ਹਾਂ ਹੰਝੂਆਂ ਭਰੀਆਂ ਅੱਖਾਂ ਨਾਲ ਪੂਰੀ ਕੀਤੀ। ਦਸਿਆ ਗਿਆ ਕਿ ਬਾਬਾ ਹਰਬੰਸ ਸਿੰਘ ਜੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਬੁਧਵਾਰ 4, ਮਈ, 2011, ਨੂੰ ਸਵੇਰੇ 11 ਵਜੇ ਤੋਂ 3 ਵਜੇ ਤਕ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਿੱਖ ਸੰਗਤਾਂ ਵਲੋਂ ਬਾਬਾ ਹਰਬੰਸ ਸਿੰਘ ਜੀ ਨੂੰ ਅੰਤਿਮ ਵਿਦਾਇਗੀ
This entry was posted in ਸਰਗਰਮੀਆਂ.