ਕੰਧਾਰ – ਅਫ਼ਗਾਨਿਸਤਾਨ ਦੇ ਸ਼ਹਿਰ ਕੰਧਾਰ ਦੀ ਜੇਲ੍ਹ ਵਿਚੋਂ 500 ਦੇ ਕਰੀਬ ਤਾਲੇਬਾਨ ਅਤਵਾਦੀ ਭੱਜ ਗਏ ਹਨ। ਦਹਿਸ਼ਤਗਰਦਾਂ ਨੇ ਬਾਹਰਲੇ ਪਾਸੇ ਤੋਂ ਜੇਲ੍ਹ ਤੱਕ ਇੱਕ ਸੁਰੰਗ ਪੁੱਟੀ ਅਤੇ ਆਪਣੇ ਸਾਥੀਆਂ ਨੂੰ ਛਡਵਾ ਕੇ ਭੱਜ ਗਏ।
ਜੇਲ੍ਹ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਜੇਲ੍ਹ ਦੇ ਬਾਹਰੋਂ ਦਖਣੀ ਹਿੱਸੇ ਤੋਂ ਜੇਲ੍ਹ ਤੱਕ ਕਈ ਸੌ ਮੀਟਰ ਲੰਬੀ ਇੱਕ ਸੁਰੰਗ ਖੋਦੀ ਗਈ ਅਤੇ ਐਤਵਾਰ ਦੀ ਰਾਤ ਨੂੰ 476 ਰਾਜਨੀਤਕ ਕੈਦੀ ਦੌੜ ਗਏ। ਤਾਲੇਬਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ 1050 ਫੁੱਟ ਲੰਬੀ ਸੁਰੰਗ ਪੁੱਟੀ। ਇਸ ਸੁਰੰਗ ਨੂੰ ਪੁੱਟਣ ਵਿੱਚ ਉਨ੍ਹਾਂ ਨੂੰ ਪੰਜ ਮਹੀਨੇ ਦਾ ਸਮਾਂ ਲਗਿਆ। ਤਾਲੇਬਾਨ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ 100 ਤੋਂ ਜਿਆਦਾ ਕਮਾਂਡਰ ਮੁਕਤ ਕਰਵਾ ਲਏ ਹਨ। ਫ਼ਰਾਰ ਹੋਣ ਵਾਲਿਆਂ ਵਿੱਚ 100 ਦੇ ਕਰੀਬ ਤਾਲੇਬਾਨ ਕਮਾਂਡਰ ਹਨ ਅਤੇ ਬਾਕੀ ਉਨ੍ਹਾਂ ਦਾ ਸਾਥ ਦੇਣ ਵਾਲੇ ਲੜਾਕੇ ਹਨ। ਭੱਜਣ ਵਾਲਿਆਂ ਦਾ ਕਹਿਣਾ ਹੈ ਕਿ ਇਸ 360 ਮੀਟਰ ਲੰਬੀ ਸੁਰੰਗ ਵਿਚੋਂ ਨਿਕਲਣ ਲਈ ਉਨ੍ਹਾਂ ਨੂੰ ਅੱਧੇ ਘੰਟੇ ਤੱਕ ਗੋਡਿਆਂ ਭਾਰ ਹੋ ਕੇ ਰਿੜਕੇ ਜਾਣਾ ਪਿਆ। ਸਰਕਾਰ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਸੁਰੱਖਿਆ ਵਿੱਚ ਇਹ ਖਾਮੀ ਬਹੁਤ ਹੀ ਖਤਰਨਾਕ ਹੈ। ਅਜਿਹਾ ਨਹੀਂ ਸੀ ਹੋਣਾ ਚਾਹੀਦਾ।