ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵਿਖੇ ਧਰਤੀ ਮਾਤਾ ਦਿਵਸ ਅਤੇ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਜਨਮਦਿਵਸ ਨੂੰ ਸਮਰਪਿਤ ਸਮਾਗਮ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੰਗੀ ਖੇਤੀ ਦੇ ਸੰਪਾਦਕ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅੱਜ ਧਰਤੀ ਵਿਚ ਜਹਿਰ ਪਾਣੀ ਵਿਚ ਮਲੀਨ ਅਤੇ ਜਹਿਰੀਲੇ ਤੱਤ, ਪੌਣਾ ਵਿਚ ਮਨੁੱਖ ਮਾਰੂ ਗੈਸਾਂ ਦਾ ਵਾਧਾ ਹੀ ਫਿਕਰਮੰਦੀ ਦਾ ਸਬਬ ਨਹੀਂ ਸਗੋਂ ਜਨਣਹਾਰੀ ਮਾਂ ਦੀ ਕੁ¤ਖ ਅਤੇ ਮਾਂ ਬੋਲੀ ਵੀ ਖਤਰੇ ਅਧੀਨ ਹੈ। ਉਹਨਾਂ ਆਖਿਆ ਕਿ ਨਵੀਂ ਪੀੜੀ ਨੂੰ ਵਿਰਸੇ ਤੋਂ ਵਰਤਮਾਨ ਤੀਕ ਦਾ ਗਿਆਨ ਦੇਣ ਦੇ ਨਾਲ ਨਾਲ ਸਾਨੂੰ ਉਹਨਾਂ ਮਹਾਂ ਪੁਰਖਾਂ ਦਾ ਵੀ ਚੇਤਾ ਕਰਾਉਣਾ ਚਾਹੀਦਾ ਹੈ ਜਿਨਾ ਨੇ ਗਿਆਨ ਵਿਗਿਆਨ ਦੇ ਸੁਮੇਲ ਰਾਂਹੀ ਪੰਜਾਬ ਨੂੰ ਵਿਕਾਸ ਦੇ ਰਾਹ ਤੋਰਿਆ। ਉਹਨਾਂ ਆਖਿਆ ਕਿ ਡਾ. ਮਹਿੰਦਰ ਸਿੰਘ ਰੰਧਾਵਾ ਤੋਂ ਲੈ ਕੇ ਡਾ. ਮਨਜੀਤ ਸਿੰਘ ਕੰਗ ਤੀਕ ਇਸ ਯੂਨੀਵਰਸਿਟੀ ਅੰਦਰ ਲੇਖਕਾਂ, ਕਲਾਕਾਰਾਂ ਅਤੇ ਚਿੱਤਰਕਾਰਾਂ ਨੂੰ ਹਮੇਸ਼ਾਂ ਹੀ ਸਨਮਾਨਯੋਗ ਸਥਾਨ ਹਾਸਲ ਹੋਇਆ ਹੈ। ਉਹਨਾਂ ਦੱਸਿਆ ਕਿ ਸ.ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਅਭਿਨੰਦਰਨ ਗਰੰਥ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਹੀ ਲੋਕ ਅਰਪਣ ਕੀਤਾ ਗਿਆ ਸੀ।
ਇਸ ਸਮਾਗਮ ਦੇ ਸੰਯੋਜਕ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਵਾਤਾਵਰਣ ਅਤੇ ਖੇਤੀ ਸੋਮਿਆਂ ਦੀ ਸੰਭਾਲ ਨਾਲ ਹੀ ਭਵਿਖ ਸੁਰਖਿਅਤ ਰਹੇਗਾ। ਉਹਨਾਂ ਈਕੋ ਅਤੇ ਐਗਰੋ ਰਿਸੋਰਸ ਮੈਨੇਜਮੈਂਟ ਏਜੰਸੀ ਦੇ ਹਵਾਲੇ ਨਾਲ ਦੱਸਿਆ ਕਿ ਅਸੀਂ ਕਿਸ ਢੰਗ ਨਾਲ ਕਾਰਬਨਡਾਈਕਸਾਈਡ ਦਾ ਵਿਸਰਜਨ ਘਟਾ ਸਕਦੇ ਹਾਂ। ਇਸ ਮੌਕੇ ਪਾਣੀ ਦੀ ਬਚਤ ਸੰਬੰਧੀ ਦਸਤਾਬੇਜੀ ਨਾਟਕ ਸੰਬੰਧੀ ਫਿਲਮ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਫਿਲਮ ਦਾ ਨਿਰਦੇਸ਼ਨ ਡਾ. ਅਨਿਲ ਸ਼ਰਮਾ ਨੇ ਹੀ ਕੀਤਾ ਹੈ। ਇਸ ਮੌਕੇ ਭਾਸ਼ਾਵਾਂ ਅਤੇ ਪਤਰਕਾਰੀ ਵਿਭਾਗ ਦੇ ਅਧਿਆਪਕ ਡਾ. ਨਰਿੰਦਰਪਾਲ ਸਿੰਘ, ਡਾ. ਸਰਬਜੀਤ ਸਿੰਘ, ਡਾ. ਸੁਮੇਧਾ ਭੰਡਾਰੀ ਤੋਂ ਇਲਾਵਾ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਨਿਰਮਲ ਜੌੜਾ ਵੀ ਹਾਜ਼ਰ ਸਨ।