ਲੁਧਿਆਣਾ – ਭਾਰਤ ਸਰਕਾਰ ਦੇ ਖੇਤੀ ਲਾਗਤ ਅਤੇ ਮੁਲ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਅਗਾਂਹਵਧੂ ਕਿਸਾਨ ਸ. ਮਹਿੰਦਰ ਸਿੰਘ ਗਰੇਵਾਲ ਨੇ ਪੀ.ਏ.ਯੂ. ਸਾਇੰਸ ਕਲਬ ਵਲੋਂ ਪਾਲ ਆਡੀਟੋਰੀਅਮ ਵਿਚ ਕਰਵਾਏ ਵਿਸ਼ੇਸ਼ ਭਾਸ਼ਨ ਦੌਰਾਨ ਕਿਹਾ ਕਿ ਅਗਾਂਹਵਧੂ ਖੇਤੀ ਨੂੰ ਯਕੀਨੀ ਬਨਾਉਣ ਲਈ ਮਿਹਨਤ ਅਤੇ ਵਿਗਿਆਨਕ ਸੋਝੀ ਦਾ ਸਾਂਝਾ ਸਫਰ ਜਰੂਰੀ ਹੈ। ਉਹਨਾਂ ਆਖਿਆ ਕਿ ਜੀਵਨਭਰ ਦੇ ਖੇਤੀ ਤਜਰਬਿਆਂ ਤੋਂ ਉਹਨਾਂ ਇਹੀ ਤੱਤ ਕੱਢਿਆ ਹੈ ਕਿ ਘਰ ਦੀ ਸੁਆਣੀ ਦੇ ਸਹਿਯੋਗ ਨਾਲ ਹੀ ਕਾਮਯਾਬੀ ਨਸੀਬ ਹੁੰਦੀ ਹੈ। ਉਹਨਾਂ ਆਖਿਆ ਕਿ ਉਤਸ਼ਾਹ, ਬੀਜ ਸੰਭਾਲ, ਮੰਡੀਕਰਨ ਅਤੇ ਸਹਿਯੋਗ ਦਾ ਭਰਪੂਰ ਖਜਾਨਾ ਉਹਨਾਂ ਦੀ ਜੀਵਨ ਸਾਥਣ ਜਗਬੀਰ ਕੌਰ ਗਰੇਵਾਲ ਉਹਨਾਂ ਨੂੰ ਅੱਜ ਵੀ ਸਦੀਵੀ ਵਿਛੋੜੇ ਤੋਂ ਬਾਅਦ ਵੀ ਲਗਾਤਾਰ ਸਹਿਯੋਗ ਦਿੰਦੇ ਹਨ ਕਿਉਂਕਿ ਜੀਵਨ ਸਾਥ ਦੌਰਾਨ ਸਾਨੂੰ ਦੋਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਾਸੋਂ ਮਿਲੀ ਤਕਨੀਕੀ ਸੇਧ ਦੇ ਸਹਾਰੇ ਪੰਜਾਬ ਸਰਕਾਰ ਵਲੋਂ ਸਨਮਾਨ ਹਾਸਲ ਹੋਇਆ।
ਸ. ਗਰੇਵਾਲ ਨੇ ਆਖਿਆ ਕਿ ਸਮਰਪਿਤ ਭਾਵਨਾ, ਲਗਨ, ਦ੍ਰਿੜ ਇਰਾਦਾ, ਸਵੈ ਅਨੁਸਾਸ਼ਨ ਅਤੇ ਜਿਮੇਵਾਰੀ ਦਾ ਅਹਿਸਾਸ ਹੀ ਖੇਤਾਂ ਵਿਚ ਨਿਤ ਨਵੇਂ ਸੂਰਜ ਉਹਨਾਂ ਨੂੰ ਨਵਾਂ ਉਤਸ਼ਾਹ ਦਿੰਦਾ ਰਿਹਾ ਹੈ। ਉਹਨਾਂ ਅਨਾਜ ਅਤੇ ਸਬਜੀਆਂ ਦੇ ਬੀਜ ਉਤਪਾਦਨ ਵਿਚ ਆਪਣੀ ਨਿਵੇਕਲੀ ਪਛਾਣ ਬਣਾਈ। ਉਹਨਾਂ ਦੇ ਫਾਰਮ ਦਾ ਖਰਬੂਜਾ ਲੰਮਾ ਸਮਾਂ ਲੁਧਿਆਣਾ ਮੰਡੀ ਵਿਚ ਦੁਗਣੇ ਭਾਅ ਤੇ ਵਿਕਦਾ ਰਿਹਾ ਹੈ। ਇਵੇਂ ਹੀ ਮੁਰਗੀ ਪਾਲਣ ਦੇ ਕਿ¤ਤੇ ਵਿਚ ਉਹਨਾਂ ਨੇ ਅੰਡਿਆਂ ਦੀ ਥਾਂ ਚੂਚੇ ਵੇਚਣ ਦੀ ਰੀਤ ਪਾਈ। ਬੱਚਿਆਂ ਨੂੰ ਕਿਰਤ ਸਭਿਆਚਾਰ ਨਾਲ ਜੋੜਨ ਲਈ ਸਕੂਲ ਸਮੇਂ ਤੋਂ ਹੀ ਘਰੇਲੂ ਮੁਰਗੀ ਪਾਲਣ ਦੇ ਰਾਹ ਤੋਰਿਆ ਅਤੇ ਉਹਨਾਂ ਦੀ ਕਮਾਈ ਉਹਨਾਂ ਦੀ ਹੀ ਪੜਾਈ ਤੇ ਖਰਚ ਕੀਤੀ। ਉਹਨਾਂ ਆਖਿਆ ਕਿ ਅੱਜ ਦੇ ਬਹੁਤੇ ਕਿਸਾਨ ਸੁਖ ਰਹਿਣੇ ਹੋ ਗਏ ਹਨ ਅਤੇ ਦਸਾਂ ਨੌਹਾਂ ਦੀ ਥਾਂ ਕੇਵਲ ਇਕ ਉਂਗਲੀ ਦੇ ਇਸ਼ਾਰੇ ਨਾਲ ਬੇਗਾਨੀ ਲੇਬਰ ਤੋਂ ਖੇਤੀ ਕਰਵਾਉਣਾ ਚਾਹੁੰਦੇ ਹਨ ਅਤੇ ਕਈ ਭਰਾ ਤਾਂ ਇਕ ਉਗਲ ਨੂੰ ਵੀ ਤਕਲੀਫ ਨਹੀਂ ਦਿੰਦੇ। ਪ੍ਰਬੰਧਕੀ ਯੋਗਤਾ ਵਰਤਣੀ ਮਾੜੀ ਗੱਲ ਨਹੀਂ ਪਰ ਖੁਦ ਕਿਰਤ ਕਰਨ ਤੋਂ ਨਹੀਂ ਭੱਜਣਾ ਚਾਹੀਦਾ।
ਸਮਾਗਮ ਦੀ ਪ੍ਰਧਾਨਗੀ ਕਰਦਿਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਹਮੇਸ਼ਾਂ ਹੀ ਕਿਸਾਨਾਂ ਦੇ ਤਜਰਬਿਆਂ ਨੂੰ ਆਪਣੇ ਖੋਜ ਪ੍ਰੋਗਰਾਮ ਉਲੀਕਣ ਲਈ ਯੋਗ ਸਮਝਦੇ ਹਨ। ਉਹਨਾਂ ਆਖਿਆ ਕਿ ਪ੍ਰਯੋਗਸ਼ਾਲਾ ਤੋਂ ਖੇਤਾਂ ਤੀਕ ਪ੍ਰੋਗਰਾਮ ਦੇ ਨਾਲ-ਨਾਲ ਖੇਤਾਂ ਤੋਂ ਪ੍ਰਯੋਗਸ਼ਾਲਾ ਤੀਕ ਪਹੁੰਚਣਾ ਵੀ ਜਰੂਰੀ ਹੈ। ਉਹਨਾਂ ਆਖਿਆ ਕਿ ਸ. ਮਹਿੰਦਰ ਸਿੰਘ ਗਰੇਵਾਲ ਵਿਚਾਰਾਂ ਦੀ ਖਾਣ ਹੈ ਇਸੇ ਕਰਕੇ ਸਿਮਟ ਵਰਗੇ ਖੋਜ ਅਦਾਰੇ ਵਿਚ ਵਿਗਿਆਨੀਆਂ ਨੂੰ ਸੰਬੋਧਨ ਕਰਕੇ ਵੀ ਉਹ ਨਾਮਣਾ ਖੱਟ ਚੁੱਕੇ ਹਨ। ਡਾ. ਕੰਗ ਨੇ ਆਖਿਆ ਕਿ ਵਿਕਾਸ ਦੀ ਮੁਖ ਲੋੜ ਨਿਰੰਤਰ ਸਾਧਨਾ ਅਤੇ ਨਿਸ਼ਚਤ ਮੰਜਲ ਤੇ ਪਹੁੰਚਣ ਦੀ ਤਾਂਘ ਹੁੰਦੀ ਹੈ ਇਸੇ ਕਰਕੇ ਸ. ਮਹਿੰਦਰ ਸਿੰਘ ਗਰੇਵਾਲ ਹਰ ਮੈਦਾਨ ਫਤਹਿ ਹਾਸਲ ਕਰਦੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ ਨੇ ਸ. ਗਰੇਵਾਲ ਨੂੰ ਜੀ ਆਇਆਂ ਕਿਹਾ ਅਤੇ ਡਾ. ਗੁਰਸ਼ਰਨ ਸਿੰਘ, ਡੀਨ ਪੋਸਟਗਰੈਜੂਏਟ ਸਟੱਡੀਜ ਨੇ ਧੰਨਵਾਦ ਦੇ ਸ਼ਬਦ ਕਹੇ। ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਵਿਗਿਆਨੀਆਂ ਅਤੇ ਅਗਾਂਹਵਧੂ ਕਿਸਾਨਾਂ ਨੇ ਸ. ਮਹਿੰਦਰ ਸਿੰਘ ਗਰੇਵਾਲ ਦੇ ਵੱਡਮੁਲੇ ਵਿਚਾਰ ਸੁਣੇ।
Excellent stories