ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਗ੍ਰਹਿ ਵਿਗਿਆਨ ਕਾਲਜ ਵਿਖੇ ਲੜਕੀਆਂ ਦੇ ਨਵੇਂ ਹੋਸਟਲ ਦਾ ਨੀਂਹ ਪੱਥਰ ਰਖਦਿਆਂ ਕਿਹਾ ਕਿ ਛੇ ਸਾਲਾ ਬੀ.ਐਸ.ਸੀ. ਪ੍ਰੋਗਰਾਮ ਪੇਂਡੂ ਬੱਚੀਆਂ ਲਈ ਸ਼ੁਰੂ ਕਰਨ ਨਾਲ ਹੁਣ ਯੂਨੀਵਰਸਿਟੀ ਨੂੰ ਵਧੇਰੇ ਹੋਸਟਲ ਸਮਰਥਾ ਚਾਹੀਦੀ ਸੀ। 75 ਕਮਰਿਆਂ ਦੇ ਇਸ ਹੋਸਟਲ ਵਿਚ 225 ਵਿਦਿਆਰਥੀ ਬਿਲਕੁਲ ਆਧੁਨਿਕ ਸਹੂਲਤਾਂ ਵਾਲੀ ਰਿਹਾਇਸ਼ ਹਾਸਲ ਕਰ ਸਕਣਗੇ। ਉਹਨਾਂ ਆਖਿਆ ਕਿ ਇਸ ਹੋਸਟਲ ਵਿਚ ਇੰਟਰਨੈਟ ਸਹੂਲਤ ਵੀ ਮੁਹਈਆ ਕਰਾਈ ਜਾਵੇਗੀ। ਇਸ ਯੂਨੀਵਰਸਿਟੀ ਵਿਚ ਆਪਣੇ ਵਿਦਿਆਰਥੀ ਕਾਲ ਨੂੰ ਚੇਤੇ ਕਰਦਿਆਂ ਡਾ. ਕੰਗ ਨੇ ਆਖਿਆ ਕਿ ਉਦੋਂ ਸਿਰਫ ਇਕੋ ਮੂਨ ਲਾਈਟ ਹੋਸਟਲ ਹੀ ਹੁੰਦਾ ਸੀ। ਪਰ ਅੱਜ ਸਹੂਲਤਾਂ ਲਗਾਤਾਰ ਵਧ ਰਹੀਆਂ ਹਨ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਯੂਨੀਵਰਸਿਟੀ ਦੇ ਚਾਰ ਕਾਲਜਾਂ ਵਿਚ ਹੀ ਲੜਕੀਆਂ ਦੀ ਗਿਣਤੀ ਵਧ ਕੇ ਲੜਕਿਆਂ ਦੇ ਬਰਾਬਰ ਪਹੁੰਚ ਗਈ ਹੈ ਅਤੇ ਉਹਨਾਂ ਦੀਆਂ ਰਿਹਾਇਸ਼ੀ ਲੋੜਾਂ ਪੂਰੀਆਂ ਕਰਨ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਪਾਸੋਂ ਹੋਸਟਲ ਉਸਾਰਨ ਲਈ ਮਿਲੀ ਰਾਸ਼ੀ ਯਕੀਨਨ ਸਾਨੂੰ ਉਤਸ਼ਾਹ ਦੇਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਚੀਫ ਇੰਜਨੀਅਰ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਹ ਹੋਸਟਲ ਇਮਾਰਤ ਢਾਈ ਸਾਲਾਂ ਵਿਚ ਬਣਕੇ ਮੁਕੰਮਲ ਹੋਵੇਗੀ।
ਯੂਨੀਵਰਸਿਟੀ ਦੇ ਡੀਨ ਪੋਸਟਗਰੈਜੂਏਟ ਸਟੱਡੀਜ ਡਾ. ਗੁਰਸ਼ਰਨ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਡੀਨ, ਹੋਮ ਸਾਇੰਸ ਕਾਲਜ ਡਾ. ਨੀਲਮ ਗਰੇਵਾਲ ਤੋਂ ਇਲਾਵਾ ਬਾਕੀ ਸਭ ਕਾਲਜਾਂ ਦੇ ਡੀਨ ਅਤੇ ਡਾਇਰੈਕਟਰ ਸਾਹਿਬਾਨ ਹਾਜ਼ਰ ਸਨ।