ਅੰਮ੍ਰਿਤਸਰ:- ਕੁਝ ਨਾਮ ਨਿਹਾਦ ਪੰਥਕ ਜਥੇਬੰਦੀਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਗੇ ਪਾਏ ਜਾਣ ਦਾ ਦੋਸ਼ ਸ਼੍ਰੋਮਣੀ ਕਮੇਟੀ ’ਤੇ ਲਗਾਏ ਜਾਣ ਸਬੰਧੀ ਛਪੀ ਖ਼ਬਰ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਹੈ ਕਿ ਅਜਿਹਾ ਦੋਸ਼ ਲਾਉਣ ਵਾਲੇ ਲੋਕਾਂ ਦਾ ਸੰਗਤਾਂ ’ਚ ਕੋਈ ਅਧਾਰ ਨਹੀਂ ਹੈ ਅਤੇ ਇਨ੍ਹਾਂ ਨੂੰ ਮੋਹਰਾ ਬਣਾ ਕੇ ਕੇਂਦਰ ਦੀ ਸਰਕਾਰ ਖੁਦ ਚੋਣਾਂ ਲੇਟ ਕਰਵਾ ਰਹੀ ਹੈ ਜਦ ਕਿ ਇਲੈਕਸ਼ਨ ਕਮਿਸ਼ਨ ਵਲੋਂ ਇਲੈਕਸ਼ਨ ਕਰਵਾਉਣ ਲਈ ਲੋੜੀਂਦੀ ਪ੍ਰਕ੍ਰਿਆ ਮੁਕੰਮਲ ਕਰਕੇ ਚੋਣਾਂ ਕਰਾਏ ਜਾਣ ਦਾ ਪ੍ਰੋਗਰਾਮ ਦੂਜੀ ਵਾਰ ਕੇਂਦਰ ਸਰਕਾਰ ਭੇਜਿਆ ਜਾ ਚੁੱਕਾ ਹੈ ਪਰ ਸਰਕਾਰ ਵਲੋਂ ਅਜੇ ਤੀਕ ਕੋਈ ਹੁੰਗਾਰਾ ਹੀ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਅਸਲ ਵਿਚ ਆਪੂੰ ਬਣੀਆਂ ਇਨ੍ਹਾਂ ਜਥੇਬੰਦੀਆਂ ਨੂੰ ਚੋਣਾਂ ਦੌਰਾਨ ਕੁਝ ਨਹੀਂ ਲੱਭਣਾ ਅਤੇ ਸਰਕਾਰ ਨੂੰ ਵੀ ਨਿਰਾਸ਼ਾ ਹੀ ਪੱਲੇ ਪੈਣੀ ਹੈ ਇਸ ਲਈ ਸਰਕਾਰ ਖੁਦ ਇਲੈਕਸ਼ਨ ਸਬੰਧੀ ਟਾਲ-ਮਟੋਲ ਕਰ ਰਹੀ ਹੈ ਜਦ ਕਿ ਇਲੈਕਸ਼ਨ ਪਹਿਲਾਂ ਹੀ ਦੋ ਸਾਲ ਲੇਟ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਗੁਰਧਾਮਾਂ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹ ਸੇਵਾ ਕਿਸ ਨੂੰ ਸੌਂਪਣੀ ਹੈ, ਸੰਗਤਾਂ ਇਸ ਪ੍ਰਤੀ ਵੀ ਜਾਗਰੂਕ ਹਨ ਕੇਵਲ ਅਖ਼ਬਾਰੀ ਬਿਆਨਾਂ ਨਾਲ ਚੋਣਾਂ ਨਹੀਂ ਜਿੱਤੀਆਂ ਜਾਣੀਆਂ।