ਅਲਬਾਮਾ- ਅਮਰੀਕਾ ਦੇ ਦੱਖਣ-ਪੂਰਬ ਦੇ ਰਾਜਾਂ ਵਿੱਚ ਆਏ ਤੂਫ਼ਾਨ ਨਾਲ 300 ਦੇ ਕਰੀਬ ਲੋਕ ਮਾਰੇ ਗਏ ਹਨ। ਅਲਬਾਮਾ ਵਿੱਚ ਸੱਭ ਤੋਂ ਜਿਆਦਾ ਨੁਕਸਾਨ ਹੋਇਆ ਹੈ। ਅਮਰੀਕਾ ਦੇ 6 ਰਾਜਾਂ ਵਿੱਚ ਤੂਫ਼ਾਨ ਨੇ ਬਹੁਤ ਤਬਾਹੀ ਮਚਾਈ ਹੈ।
ਸਥਾਨਕ ਅਧਿਕਾਰੀਆਂ ਅਨੁਸਾਰ ਇਨ੍ਹਾਂ ਛੇਅ ਰਾਜਾਂ ਵਿੱਚ ਦਰਜਨ ਦੇ ਕਰੀਬ ਆਏ ਤੂਫ਼ਾਨਾਂ ਨੇ ਕਈਆਂ ਸ਼ਹਿਰਾਂ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਸੱਭ ਤੋਂ ਵੱਧ ਨੁਕਸਾਨ ਅਲਬਾਮਾ ਸੂਬੇ ਵਿੱਚ ਹੋਇਆ ਹੈ। ਇੱਥੇ 149 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਅਲਬਾਮਾ,ਕੈਨਟਕੀ, ਆਰਕੰਸਸ, ਮਿਸੀਸਿਪੀ, ਮਿਸੌਰੀ, ਟੈਨਿਸੀ ਅਤੇ ਓਕਲਾਹਾਮਾ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਇਨ੍ਹਾਂ ਰਾਜਾਂ ਦੇ ਗਵਰਨਰਾਂ ਨੇ ਰਾਹਤ ਅਤੇ ਬਚਾਅ ਕੰਮਾਂ ਲਈ ਨੈਸ਼ਨਲ ਗਾਰਡ ਦੀ ਸਹਾਇਤਾ ਦੀ ਮੰਗ ਕੀਤੀ ਹੈ।
ਰਾਸ਼ਟਰੀ ਮੌਸਮ ਸੇਵਾ ਦੀ ਪਹਿਲੀ ਰਿਪੋਰਟ ਵਿੱਚ ਦਸਿਆ ਗਿਆ ਹੈ ਕਿ ਪਿੱਛਲੇ ਸ਼ੁਕਰਵਾਰ ਤੋਂ ਲੈ ਕੇ ਹੁਣ ਤੱਕ 300 ਤੋਂ ਵੱਧ ਤੂਫ਼ਾਨ ਆ ਚੁੱਕੇ ਹਨ। 130 ਤੋਂ ਵੱਧ ਤੂਫ਼ਾਨ ਤਾਂ ਬੁੱਧਵਾਰ ਨੂੰ ਹੀ ਦਰਜ ਕੀਤੇ ਗਏ ਹਨ। ਮੌਸਮ ਵਿਗਿਆਨੀ ਡੇਵ ਐਮੀ ਦਾ ਕਹਿਣਾ ਹੈ ਕਿ 1974 ਵਿੱਚ ਤੂਫ਼ਾਨ ਨਾਲ ਹੋਈਆਂ ਮੌਤਾਂ ਤੋਂ ਬਾਅਦ ਇਹ ਅੰਕੜਾ ਸੱਭ ਤੋਂ ਵੱਧ ਹੈ।
ਅਲਬਾਮਾ ਦੇ ਗਵਰਨਰ ਰਾਬਰਟ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਭਿਆਨਕ ਆਫ਼ਤ ਨਾਲ ਰਾਜ ਵਿੱਚ ਬਹੁਤ ਤਬਾਹੀ ਹੋਈ ਹੈ ਅਤੇ ਇਹ ਸੰਕਟ ਅਜੇ ਖਤਮ ਨਹੀਂ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਖਰਾਬ ਮੌਸਮ ਗਰੇਟ ਲੇਕ ਤੋਂ ਗਲਫ ਕੋਸਟ ਤੱਕ 21 ਰਾਜਾਂ ਨੂੰ ਆਪਣੀ ਲਪੇਟ ਵਿੱਚ ਲੇ ਸਕਦਾ ਹੈ।
ਇਸ ਤੂਫ਼ਾਨ ਨਾਲ ਕਈ ਸ਼ਹਿਰ ਨਕਸ਼ੇ ਤੋਂ ਮਿਟ ਗਏ ਹਨ। ਇਸ ਦੇ ਰਸਤੇ ਵਿੱਚ ਜੋ ਕੁਝ ਵੀ ਆਇਆ ਢਹਿ ਢੇਰੀ ਹੋ ਗਿਆ। ਵੱਡੀਆਂ-ਵੱਡੀਆਂ ਇਮਾਰਤਾਂ ਪਲਾਂ ਵਿੱਚ ਹੀ ਨਸ਼ਟ ਹੋ ਗਈਆਂ।
ਰਾਸ਼ਟਰਪਤੀ ਓਬਾਮਾ ਨੇ ਕਿਹਾ ਹੈ ਕਿ ਇਸ ਦੁਖ ਦੀ ਘੜੀ ਵਿੱਚ ਉਹ ਆਪਣੇ ਲੋਕਾਂ ਦੇ ਨਾਲ ਹਨ। ਇਸ ਕੁਦਰਤੀ ਆਫ਼ਤ ਨਾਲ ਨਿਪਟਣ ਲਈ ਇਨ੍ਹਾਂ ਰਾਜਾਂ ਵਿੱਚ ਰਾਹਤ ਅਤੇ ਬਚਾਅ ਦੇ ਕਾਰਜਾਂ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।