ਤ੍ਰਿਪੋਲੀ-ਨਾਟੋ ਵਲੋਂ ਲੀਬੀਆ ‘ਚ ਕੀਤੇ ਜਾ ਰਹੇ ਹਮਲਿਆਂ ਕਰਕੇ ਗੁੱਸੇ ਵਿਚ ਆਈ ਭੀੜ ਵਲੋਂ ਬ੍ਰਿਟਿਸ਼ ਅਤੇ ਇਟਲੀ ਦੇ ਦੂਤਘਰਾਂ ‘ਤੇ ਹਮਲਾ ਬੋਲਿਆ ਗਿਆ। ਭੀੜ ਵਲੋਂ ਬ੍ਰਿਟੇਨ ਦਾ ਦੂਤਘਰ ਪੂਰੀ ਤਰ੍ਹਾਂ ਸਾੜ ਦਿੱਤਾ ਗਿਆ। ਨਾਟੋ ਵਲੋਂ ਕੀਤੇ ਜਾ ਰਹੇ ਹਮਲਿਆਂ ਵਿਚ ਗੱਦਾਫ਼ੀ ਤਾਂ ਵਾਲ ਵਾਲ ਬਚ ਗਏ ਪਰ ਉਨ੍ਹਾਂ ਦੇ ਛੋਟੇ ਬੇਟੇ ਸੈਫ਼ ਅਲ ਅਰਬ ਅਤੇ ਉਨ੍ਹਾਂ ਦੇ ਤਿੰਨ ਪੋਤਰਿਆਂ ਦੀ ਮੌਤ ਹੋ ਗਈ ਸੀ।
ਭੀੜ ਵਲੋਂ ਕੀਤੇ ਗਏ ਹਮਲਿਆਂ ‘ਤੇ ਆਪਣੀ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਬ੍ਰਿਟੇਨ ਦੀ ਸਰਕਾਰ ਵਲੋਂ ਲੀਬੀਆ ਦੇ ਦੂਤਘਰ ਨੂੰ ਬੰਦ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਵਲੋਂ ਵੀ ਤ੍ਰਿਪੋਲੀ ਚੋਂ ਆਪਣੇ ਮੁਲਾਜ਼ਮਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਗਿਆ ਹੈ। ਲੀਬੀਆ ਉਪਰ ਕੀਤੇ ਗਏ ਇਨ੍ਹਾਂ ਹਮਲਿਆਂ ਨੂੰ ਲੀਬੀਆ ਵਲੋਂ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਦਸਿਆ ਜਾ ਰਿਹਾ ਹੈ। ਰੂਸ ਵਲੋਂ ਵੀ ਨਾਟੋ ਦੇ ਇਸ ਹਵਾਈ ਹਮਲੇ ਦੇ ਆਲੋਚਨਾ ਕੀਤੀ ਗਈ ਹੈ। ਰੂਸ ਵਲੋਂ ਨਾਟੋ ਦੇ ਮਕਸਦ ਦੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ, ਕਿਉਂਕਿ ਨਾਟੋ ਵਲੋਂ ਗੱਦਾਫ਼ੀ ਜਾਂ ਉਸਦੇ ਪ੍ਰਵਾਰਕ ਮੈਂਬਰਾਂ ਨੂੰ ਨਿਸ਼ਾਨਾ ਨਾ ਬਨਾਉਣ ਦੀ ਗੱਲ ਕਹੀ ਗਈ ਸੀ।