ਡਰਬੀ – ਇਥੇ ਪਿਛਲੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਪੰਜਾਹਵੀਂ ਬਰਸੀ ਦੇ ਸਮਾਗਮਾਂ ਮੌਕੇ ਉਹਨਾਂ ਨੂੰ ਸਮਰਪਿਤ ਖਾਲਸਾ ਪੰਥ ਦੇ ਸਮੂਹ ਸ਼ਹੀਦਾਂ ਦੀ ਇਕ ਅਨੋਖੀ ਯਾਦਗਾਰ ਬਨਾਉਣ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਨੀਂਹ ਪੱਥਰ ਰੱਖਿਆ ਗਿਆ । ਇਹ ਯਾਦਗਾਰ ਅਨੋਖੀ ਇਸ ਲਈ ਹੈ ਕਿ ਅਜੇ ਤੱਕ ਦੁਨੀਆ ਵਿਚ ਕਿਧਰੇ ਵੀ ਅਜਿਹੀ ਯਾਦਗਾਰ ਨਹੀਂ ਹੈ, ਜੋ ਸਿੱਖ ਕੌਮ ਉਤੇ ਹੋਏ ਸਾਰੇ ਘੱਲੂਘਾਰਿਆਂ ਦੇ ਸ਼ਹੀਦਾਂ, ਉਸ ਤੋਂ ਬਾਅਦ ਹੁਣ ਤੱਕ ਹੋਏ ਸਮੂਹ ਸ਼ਹੀਦਾਂ ਅਤੇ ਸਿੱਖ ਮਰਿਯਾਦਾ, ਪੰਜ ਕਕਾਰਾਂ ਦੇ ਸਿਧਾਂਤ ਅਤੇ ਅੰਮ੍ਰਿਤ ਦੀ ਮਹਾਨਤਾ ਨੂੰ ਇਕੋ ਸਥਾਨ ਤੇ ਪ੍ਰਗਟ ਕਰਦੀ ਹੋਵੇ । ਇਸ ਯਾਦਗਾਰ ਲਈ ਕੌਂਸਲ ਵੱਲੋਂ ਪਲੈਨਿੰਗ ਪ੍ਰਮਿਸ਼ਨ ਪਾਸ ਹੋ ਗਈ ਹੈ । ਸਥਾਨਕ ਕੌਂਸਲ ਵੱਲੋਂ ਯਾਦਗਾਰ ਦੀ ਸਥਾਪਨਾ ਲਈ ਬਹੁਤ ਸਹਿਯੋਗ ਦਿੱਤਾ ਗਿਆ ।
24 ਅਪ੍ਰੈਲ 2011 ਨੂੰ ਤਿਆਰ ਬਰ ਤਿਆਰ ਪੰਜ ਸਿੰਘ ਸਾਹਿਬਾਨ ਵੱਲੋਂ ਨੀਂਹ ਪੱਥਰ ਰੱਖਿਆ ਗਿਆ । ਇਸ ਮੌਕੇ ਸਾਊਥਾਲ ਤੋਂ ਵਿਸ਼ੇਸ਼ ਤੌਰ ਤੇ ਭਾਈ ਪ੍ਰਿਥੀਪਾਲ ਸਿੰਘ ਦੇ ਬਾਬਾ ਅਜੀਤ ਸਿੰਘ ਗਤਕਾ ਅਖਾੜੇ ਦੇ ਸਿੰਘਾਂ ਸਿੰਘਣੀਆਂ ਨੇ ਗਤਕੇ ਦੇ ਜੌਹਰ ਵੀ ਦਿਖਾਏ, ਤੇ ਸ਼ਿਨਕਿਨ ਵਾਲੇ ਨੌਜਵਾਨਾਂ ਨੇ ਵੀ ਕਲਾ ਦਾ ਪ੍ਰਦਰਸ਼ਨ ਕੀਤਾ ।
ਪੰਜ ਸਿੰਘ ਸਾਹਿਬਾਨ ਵਿਚ ਸੇਵਾ ਨਿਭਾਈ ਭਾਈ ਰਘਵੀਰ ਸਿੰਘ ਜੀ (ਜਥੇਦਾਰ ਅਖੰਡ ਕੀਰਤਨੀ ਜਥਾ ਯੂ ਕੇ ਲਮਿੰਗਟਨ), ਭਾਈ ਰਘਵੀਰ ਸਿੰਘ (ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਡਰਬੀ), ਭਾਈ ਮਲਕੀਤ ਸਿੰਘ ਜੀ (ਨੌਟਿੰਘਮ ਵਾਲੇ), ਭਾਈ ਅਵਤਾਰ ਸਿੰਘ ਸੰਘੇੜਾ (ਜਥੇਦਾਰ ਕਾਰ ਸੇਵਾ ਸਿੱਖ ਗੁਰਧਾਮ ਯੂ ਕੇ ਕਵੈਂਟਰੀ) ਅਤੇ ਭਾਈ ਰਮਿੰਦਰ ਸਿੰਘ (ਮੁੱਖ ਸੇਵਾਦਾਰ ਗੁਰੂ ਅਰਜਨ ਦੇਵ ਗੁਰਦੁਆਰਾ ਪ੍ਰਬੰਧਕ ਕਮੇਟੀ ਡਰਬੀ) । ਪੰਜ ਸਿੰਘ ਸਾਹਿਬਾਨ ਵੱਲੋਂ ਟੱਕ ਲਾ ਕੇ ਸੀਮਿੰਟ ਅਤੇ ਇੱਟਾਂ ਰੱਖ ਕੇ ਇਸ ਯਾਦਗਾਰ ਦੀ ਨੀਂਹ ਰੱਖ ਦਿੱਤੀ ਗਈ । ਇਸ ਸਾਲ ਇਸ ਯਾਦਗਾਰ ਦੀ ਸੇਵਾ ਆਰੰਭ ਕਰਕੇ ਅਗਲੇ ਸਾਲ ਵਿਸਾਖੀ ਤੱਕ ਮੁਕੰਮਲ ਕਰਨ ਦਾ ਟੀਚਾ ਹੈ । ਇਸ ਬਾਰੇ ਯੂ ਕੇ ਦੇ ਨੈਸ਼ਨਲ ਅਤੇ ਲੋਕਲ ਮੀਡੀਏ ਨੇ ਕਵਰੇਜ ਨੂੰ ਬਹੁਤ ਮਹੱਤਵ ਦਿੱਤਾ ਹੈ, ਬੀ ਬੀ ਸੀ, ਆਈ ਟੀ ਵੀ ਅਤੇ ਹੋਰ ਵੀ ਟੀਵੀ ਚੈਨਲਾਂ ਨੇ ਇਸ ਨੀਂਹ ਪੱਥਰ ਬਾਰੇ ਅਹਿਮੀਅਤੇ ਨਾਲ ਖ਼ਬਰਾਂ ਦਿੱਤੀਆਂ ਹਨ, ਇਹ ਸਾਰਾ ਪ੍ਰੋਗਰਾਮ ਸੰਗਤ ਟੀ ਵੀ ਵੱਲੋਂ ਲਾਈਵ ਦਿਖਾਇਆ ਗਿਆ ।
ਸਿੱਖ ਸ਼ਹੀਦਾਂ ਦੀ ਯਾਦਗਾਰ ਸਥਾਪਤ ਕਰਨਾ ਸ: ਗੁਰਮੇਲ ਸਿੰਘ ਕੰਦੋਲਾ ਦਾ ਇਕ ਸੁਪਨਾ ਸੀ, ਉਹਨਾਂ ਨੇ ਦੱਸਿਆ ਕਿ ਇਸ ਯਾਦਗਾਰ ‘ਚ ‘ਫਤਹਿ ਦਰਵਾਜਾ’ ਦੀ ਤਾਮੀਰ ਵਾਸਤੇ ਸਿੱਖ ਸੰਗਤਾਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ । ਇਹ ਯਾਦਗਾਰ ਵਿਸ਼ਵ ਪੱਧਰ ਦੀ ਮਹੱਤਤਾ ਵਾਲੀ ਹੋਵੇਗੀ, ਜਿਹੜੀ ਸਿੱਖਾਂ ਦੇ ਇਤਿਹਾਸਕ ਤੱਥਾਂ ਨੂੰ ਪਹਿਲੀ ਨਜ਼ਰੇ ਸਪੱਸ਼ਟ ਕਰੇਗੀ । ਇਸ ਦੀ ਉਚਾਈ 7.2 ਮੀਟਰ ਅਤੇ ਚੌੜਾਈ 13 ਮੀਟਰ ਹੋਵੇਗੀ । ਇਹ ਗ੍ਰੇਨਾਈਟ ਅਤੇ ਸੈਂਡ ਸਟੋਨ ਨਾਲ ਤਿਆਰ ਕੀਤੀ ਜਾਵੇਗੀ । ਇਹ ਯਾਦਗਾਰ ਵਿਸ਼ਵ ਯੁੱਧਾਂ ਵਿਚ ਯੂ ਕੇ ਲਈ ਸ਼ਹੀਦ ਹੋਏ 83,000 ਅਤੇ 109,000 ਜ਼ਖਮੀ ਸਿੱਖਾਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਵੀ ਪਲੇਟ ਲਾਈ ਜਾਵੇਗੀ ।
ਇਸ ਯਾਦਗਾਰ ਵਿਚ ਇਕ ਫਤਹਿ ਦਰਵਾਜ਼ਾ ਜਿਹੜਾ ਕਿ ਸਿੱਖਾਂ ਦੀ ਜਿੱਤ ਨੂੰ ਦਰਸਾਏਗਾ । ਇਥੇ ਇਕ ਪਾਸੇ ਚਿੱਟੀ ਛਤਰੀ ਹੋਵੇਗੀ ਜਿਸ ਦੇ ਪੰਜ ਥਮਲੇ (ਪਿੱਲਰ) ਹੋਣਗੇ, ਇਹ ਚਿੱਟੀ ਛਤਰੀ ਸਿੱਖਾਂ ਦੇ ਪੰਜ ਕਕਾਰਾਂ ਦਾ ਨਿਰੂਪਣ ਕਰੇਗੀ, ਜਿਸ ਦਾ ਮਤਲਬ ਹੈ ਸਿੱਖੀ ਦੇ ਇਹ ਪੰਜ ਥੰਮ ਹਨ ।
ਦੂਜੇ ਪਾਸੇ ਕਾਲੀ ਛਤਰੀ ਹੋਵੇਗੀ ਜਿਸ ਦੇ ਛੇ ਪਿੱਲਰ (ਥਮਲੇ) ਸਿੱਖਾਂ ਉਤੇ ਹੋਏ ਛੇ ਘੱਲੂਘਾਰਿਆਂ ਦੀ ਯਾਦ ਦਿਵਾਉਣਗੇ । ਇਸ ਵਿਚ ਅੱਠ ਪਾਉੜੀਆਂ ਹੋਣਗੀਆਂ, ਅੱਠ ਪਾਉੜੀਆਂ ਸ੍ਰੀ ਹਰਿਮੰਦਰ ਸਾਹਿਬ ਉਤੇ ਹੁਣ ਤੱਕ ਹੋਏ ਅੱਠ ਹਮਲਿਆਂ ਨੂੰ ਪ੍ਰਦਰਸ਼ਿਤ ਕਰਨਗੀਆਂ । ਉਪ੍ਰੰਤ ਆਖਰ ਵਿਚ ਖੰਡਾ ਬਾਟਾ ਹੋਵੇਗਾ, ਜਿੱਥੇ ਤੱਕ ਪਹੁੰਚਣਾ ਮਨੁੱਖ ਦਾ ਮੁੱਖ ਮੰਤਵ ਹੈ ।
ਇਸ ਮੌਕੇ ਯੂ ਕੇ ਅਤੇ ਦੇਸ਼ ਵਿਦੇਸ਼ ਤੋਂ ਉਘੀਆਂ ਸ਼ਖਸੀਅਤਾਂ ਪੁੱਜੀਆਂ ਅਤੇ ਸੰਗਤਾਂ ਨੂੰ ਸੰਬੋਧਨ ਕੀਤਾ, ਸਿੰਘ ਸਭਾ ਸਾਊਥਾਲ ਤੋਂ ਟਰੱਸਟੀ ਸ: ਸੁਰਜੀਤ ਸਿੰਘ ਬਿਲਗਾ, ਭਾਈ ਜੋਗਾ ਸਿੰਘ, ਸਿੰਘ ਸਭਾ ਸਾਊਥਾਲ ਦੇ ਸਾਬਕਾ ਜਨਰਲ ਸਕੱਤਰ ਸ: ਸੁਰਿੰਦਰ ਸਿੰਘ ਪੁਰੇਵਾਲ, ਅਖੰਡ ਕੀਰਤਨੀ ਜਥਾ ਸਵੀਡਨ ਦੇ ਸੇਵਾਦਾਰ ਭਾਈ ਸੱਜਣ ਸਿੰਘ, ਸ: ਹਰਭਜਨ ਸਿੰਘ ਦਈਆ ਸਿੱਖ ਮਿਊਜ਼ੀਅਮ ਡਰਬੀ ਦੇ ਇਲਾਵਾ ਹੋਰ ਵੀ ਪਤਵੰਤਿਆਂ ਨੇ ਇਸ ਕਾਰਜ ਦੀ ਬਹੁਤ ਸ਼ਲਾਘਾ ਕੀਤੀ, ਉਹਨਾਂ ਕਿਹਾ ਅਜਿਹੀ ਯਾਦਗਾਰ ਪੰਜਾਬ ਵਿਚ ਸ੍ਰੀ ਹਰਿੰਮਦਰ ਸਾਹਿਬ (ਅੰਮ੍ਰਿਤਸਰ) ਵਿਖੇ ਬਣਨੀ ਚਾਹੀਦੀ ਸੀ, ਜਿੱਥੇ ਦੁਨੀਆ ਭਰ ਤੋਂ ਲੋਕ ਦਰਸ਼ਨਾਂ ਨੂੰ ਆਉਂਦੇ ਹਨ । ਸ਼੍ਰੋਮਣੀ ਕਮੇਟੀ ਨੂੰ ਸਿੱਖ ਸੰਗਤਾਂ ਹੁਣ ਤੱਕ ਇਸ ਲਈ ਬੇਨਤੀ ਕਰਦੀਆਂ ਆ ਰਹੀਆਂ ਹਨ, ਪਰ ਪਤਾ ਨਹੀਂ ਸ਼੍ਰੋਮਣੀ ਕਮੇਟੀ ਦੀ ਕੀ ਮਜ਼ਬੂਰੀ ਹੈ ਜਾਂ ਕੀ ਕਾਰਨ ਹੈ ਉਹ ਅਜਿਹੀ ਮਹੱਤਵਪੂਰਨ ਯਾਦਗਾਰ ਨਹੀਂ ਬਣਾ ਸਕੀ । ਬੁਲਾਰਿਆਂ ਸ੍ਰੀ ਗੁਰੂ ਸਿੰਘ ਸਭਾ ਦੇ ਸੇਵਾਦਾਰਾਂ ਅਤੇ ਸਿੱਖ ਮਿਊਜ਼ੀਅਮ ਦੀ ਸਮੁੱਚੀ ਕਮੇਟੀ ਦਾ ਧੰਨਵਾਦ ਕੀਤਾ, ਜੋ ਇਹ ਉਪਰਾਲਾ ਕਰ ਰਹੇ ਹਨ । ਇਸ ਮੌਕੇ ਹੋਰ ਪਤਵੰਤਿਆਂ ਵਿਚ, ਭਾਈ ਸੇਵਾ ਸਿੰਘ ਲੱਲੀ, ਭਾਈ ਜਰਨੈਲ ਸਿੰਘ, ਭਾਈ ਜਸਵੰਤ ਸਿੰਘ ਰੰਧਾਵਾ, ਭਾਈ ਪ੍ਰਿਥੀਪਾਲ ਸਿੰਘ, ਭਾਈ ਸੰਤੋਖ ਸਿੰਘ (ਦਿੱਲੀ), ਡਾ: ਦਲਜੀਤ ਸਿੰਘ ਵਿਰਕ, ਮਾਸਟਰ ਕੁਲਵਿੰਦਰ ਸਿੰਘ, ਸ: ਗੁਰਪਾਲ ਸਿੰਘ, ਸ: ਬਲਬੀਰ ਸਿੰਘ ਚੀਮਾ, ਸ: ਦਿਲਬਾਗ ਸਿੰਘ, ਸ: ਬਲਿਹਾਰ ਸਿੰਘ ਚੀਮਾ ਦੇ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸ਼ਾਮਿਲ ਸਨ । ਸਿੰਘ ਸਭਾ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਅਖੰਡ ਕੀਰਤਨੀ ਜਥਾ ਅਤੇ ਸਮੂਹ ਸੰਗਤਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ।