ਲੁਧਿਆਣਾ – ਅਮਰੀਕਾ ਦੇ ਹਾਰਟ ਐਸੋਸੀਏਸ਼ਨ ਦੇ ਫੈਲੋ ਅਤੇ ਖੇਤੀਬਾੜੀ ਵਿਭਾਗ ਦੇ ਰਿਸਰਚ ਕੈਮਿਸਟ ਡਾ: ਤਲਵਿੰਦਰ ਸਿੰਘ ਕਾਹਲੋਂ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇੱਕ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ। ਇਹ ਲੈਕਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਦੇ ਕਮੇਟੀ ਰੂਮ ਵਿੱਚ ਆਯੋਜਿਤ ਕੀਤਾ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਹੋਰ ਉੱਚ ਅਧਿਕਾਰੀਆਂ ਨੇ ਇਸ ਲੈਕਚਰ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਵੱਖ-ਵੱਖ ਹਸਪਤਾਲਾਂ ਦੇ ਮਾਹਿਰ ਡਾਕਟਰਾਂ ਨੇ ਵੀ ਡਾ: ਕਾਹਲੋਂ ਨਾਲ ਦਿਲ ਦੀ ਬੀਮਾਰੀ ਵਿੱਚ ਕੋਲੈਸਟਰੋਲ ਦੇ ਰੋਲ ਬਾਰੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਇਸ ਮੌਕੇ ਡਾ: ਕੁਲਦੀਪ ਸਿੰਘ ਅਤੇ ਡਾ: ਡੀ ਐਸ ਸੰਧੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਡਾ: ਕਾਹਲੋਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੀ ਏ ਯੂ ਦੇ ਵਿਦਿਆਰਥੀ ਰਹੇ ਹਨ ਅਤੇ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਫੈਲੋ ਹਨ ਜਿਨਾਂ ਨੇ ਡੱਬਾਬੰਦ ਭੋਜਨ ਤੇ ਬਹੁਤ ਖੋਜ ਕੀਤੀ ਹੈ। ਖੋਜ ਨਤੀਜਿਆਂ ਨੂੰ ਆਪਣੇ ਲੈਕਚਰਾਂ ਰਾਹੀਂ ਲੋਕਾਂ ਤਕ ਪਹੁੰਚਾ ਕੇ ਭਲੇ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਡਾ: ਕਾਹਲੋਂ ਯੂਨੀਵਰਸਿਟੀ ਵਿੱਚ ਵੱਖ-ਵੱਖ ਸਿਹਤ ਵਿਸ਼ਿਆਂ ਤੇ ਭਾਸ਼ਣ ਦੇ ਚੁੱਕੇ ਹਨ।
ਡਾ: ਕਾਹਲੋਂ ਨੇ ਇਸ ਲੈਕਚਰ ਵਿੱਚ ਰੇਸ਼ੇਦਾਰ ਖੁਰਾਕ ਦਾ ਦਿਲ ਦੀ ਸਿਹਤ ਉੱਤੇ ਅਸਰ ਵਿਸ਼ੇ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕੋਲੈਸਟਰੋਲ ਦਾ ਵਾਧਾ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਨ੍ਹਾਂ ਚੋਂ ਕੁਝ ਨੂੰ ਤਾਂ ਆਦਮੀ ਕੰਟਰੋਲ ਕਰ ਸਕਦਾ ਹੈ ਅਤੇ ਕੁਝ ਨੂੰ ਨਹੀਂ। ਡਾ: ਕਾਹਲੋਂ ਨੇ ਕਿਹਾ ਕਿ ਬਹੁਤੇ ਲੋਕਾਂ ਵਿੱਚ ਸਿਹਤ ਦਾ ਮਿਆਰ ਆਪਣੇ ਭਾਰ ਨੂੰ ਕਾਬੂ ਵਿੱਚ ਰੱਖ ਕੇ, ਸਰੀਰਕ ਤੌਰ ਤੇ ਗਤੀਵਿਧੀਆਂ ਕਰਨ, ਕਸਰਤ ਕਰਨ ਅਤੇ ਸਹੀ ਖੁਰਾਕ ਨਾਲ ਬਰਕਰਾਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੂਣ ਅਤੇ ਚਿਕਨਾਈ ਦੀ ਵਰਤੋਂ ਘੱਟ ਕਰਨ ਅਤੇ ਖਾਣੇ ਵਿੱਚ ਰੇਸ਼ੇਦਾਰ ਪਦਾਰਥਾਂ ਨੂੰ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ। ਡਾ: ਕਾਹਲੋਂ ਨੇ ਕਿਹਾ ਕਿ ਦਿਲ ਦੀ ਬੀਮਾਰੀ ਸਿਰਫ ਪੱਛਮੀ ਦੇਸ਼ਾਂ ਵਿੱਚ ਹੀ ਸੀਮਤ ਨਹੀਂ ਸਗੋਂ ਸਮੁੱਚੇ ਵਿਸ਼ਵ ਵਿੱਚ ਪਾਈ ਜਾਂਦੀ ਹੈ ਅਤੇ ਇਹ ਕਿ ਅੰਕੜਿਆਂ ਮੁਤਾਬਕ ਦੁਨੀਆਂ ਵਿੱਚ ਪਹਿਲੀ ਵਾਰ ਦਿਲ ਦਾ ਦੌਰਾ ਮਰਦਾਂ ਵਿੱਚ 64.5 ਸਾਲ ਦੀ ਉਮਰ ਅਤੇ ਔਰਤਾਂ ਵਿੱਚ 70.4 ਸਾਲ ਦੀ ਉਮਰ ਵਿੱਚ ਔਸਤਨ ਦੇਖਿਆ ਗਿਆ ਹੈ। ਉਨ੍ਹਾਂ ਵੱਖ-ਵੱਖ ਦੇਸ਼ਾਂ ਜਿਵੇਂ ਕਿ ਜਪਾਨ, ਅਮਰੀਕਾ, ਫਿਨਲੈਂਡ, ਨਿਊਜ਼ੀਲੈਂਡ ਆਦਿ ਵੱਲੋਂ ਦਿਲ ਦੇ ਦੌਰਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਵੱਲੋਂ ਕੀਤੀ ਖੋਜ ਦੇ ਨਤੀਜੇ ਵੀ ਦੱਸੇ ਜਿਸ ਮੁਤਾਬਕ ਭੋਜਨ ਵਿੱਚ ਰੇਸ਼ੇਦਾਰ ਅੰਗ ਸ਼ਾਮਿਲ ਕਰਨ ਨਾਲ ਲੈਬਾਰਟਰੀ ਜਾਨਵਰਾਂ ਦੇ ਖੂਨ ਵਿੱਚ ਕੋਲੈਸਟਰੋਲ ਦੀ ਮਾਤਰਾ ਘਟਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਰੀਰ ਦੇ ਭਾਰ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਲੈਸਟਰੋਲ ਦੀ ਮਾਤਰਾ ਜਾਨਵਰਾਂ ਤੋਂ ਪ੍ਰਾਪਤ ਵਸਤਾਂ ਵਿੱਚ ਵਧੇਰੇ ਹੁੰਦੀ ਹੈ ਜਿਵੇਂ ਕਿ ਦੁੱਧ, ਮੀਟ ਅਤ ਆਂਡੇ ਆਦਿ। ਡਾ: ਕਾਹਲੋਂ ਨੇ ਜਿਕਰ ਕੀਤਾ ਕਿ ਸਾਡੇ ਰਵਾਇਤੀ ਪਕਵਾਨ ਜਿਹੜੇ ਸਾਡੇ ਬਜ਼ੁਰਗ ਖਾਂਦੇ ਰਹੇ ਹਨ ਅਤੇ ਨਾਲ ਹੀ ਜ਼ੋਰਦਾਰ ਸਰੀਰਕ ਕੰਮ ਕਰਨ ਨਾਲ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਬਾਈ ਸਾਈਕਲ ਦੀ ਵਰਤੋਂ ਨੂੰ ਸਿਹਤ ਲਈ ਇਕ ਵਧੀਆ ਸਾਧਨ ਦੱਸਿਆ। ਡਾ: ਜਗਤਾਰ ਸਿੰਘ ਧੀਮਾਨ ਅਪਰ ਨਿਰਦੇਸ਼ਕ ਸੰਚਾਰ ਨੇ ਦੱਸਿਆ ਕਿ ਡਾ: ਕਾਹਲੋਂ ਵੱਲੋਂ ਦਿੱਤੇ ਭਾਸ਼ਣ ਦੇ ਅੰਸ਼ਾਂ ਨੂੰ ਯੂਨੀਵਰਸਿਟੀ ਦੇ ਰਸਾਲੇ ਪ੍ਰੋਗਰੈਸਿਵ ਫਾਰਮਿੰਗ ਵਿੱਚ ਵੀ ਛਾਪਿਆ ਜਾਵੇਗਾ। ਅੰਤ ਵਿੱਚ ਡਾ: ਮਿਲਖਾ ਸਿੰਘ ਔਲਖ, ਡੀਨ ਖੇਤੀਬਾੜੀ ਕਾਲਜ ਨੇ ਮਾਹਿਰ ਵਿਗਿਆਨੀ ਦਾ ਲੈਕਚਰ ਦੇਣ ਤੇ ਧੰਨਵਾਦ ਕੀਤਾ।