ਨਵੀਂ ਦਿੱਲੀ- ਏਅਰ ਇੰਡੀਆ ਦੇ ਪਾਈਲਟਾਂ ਦੀ ਪਿੱਛਲੇ ਦਸ ਦਿਨਾਂ ਤੋਂ ਚਲੀ ਆ ਰਹੀ ਹੜਤਾਲ ਸ਼ੁਕਰਵਾਰ ਨੂੰ ਸਮਾਪਤ ਹੋ ਗਈ ਹੈ। ਸਰਕਾਰ ਨੇ ਹੜਤਾਲੀ ਪਾਈਲਟਾਂ ਦੀਆਂ ਮੰਗਾਂ ਮੰਨਦੇ ਹੋਏ ਨੌਕਰੀ ਤੋਂ ਕਢੇ ਗਏ ਪਾਈਲਟਾਂ ਦੀਆਂ ਸੇਵਾਵਾਂ ਫਿਰ ਤੋਂ ਬਹਾਲ ਕਰ ਦਿੱਤੀਆਂ ਹਨ। ਵੇਤਨ ਅਤੇ ਭੱਤਿਆਂ ਬਾਰੇ ਵੀ ਕਮੇਟੀ ਆਪਣੀਆਂ ਸਿਫ਼ਾਰਸ਼ਾਂ ਨਵੰਬਰ ਤੱਕ ਦੇ ਦੇਵੇਗੀ।
ਇੰਡੀਅਨ ਕਮਰਸਿਅਲ ਪਾਈਲਟ ਐਸੋਸੀਏਸ਼ਨ ਨੇ ਉਡਾਣ ਮੰਤਰਾਲੇ ਦੇ ਅਧਿਕਾਰੀਆਂ ਨਾਲ ਚਲੀ ਗੱਲਬਾਤ ਦੌਰਾਨ ਰਾਤ ਦੇ 9 ਵਜੇ ਹੜਤਾਲ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਗਿਆ। ਪਾਈਲਟ ਰਾਤ ਦੇ ਸਮੇਂ ਹੀ ਆਪਣੀ ਡਿਊਟੀ ਤੇ ਵਾਪਿਸ ਆ ਗਏ।ਆਈਸੀਪੀਏ ਦੇ ਪ੍ਰਧਾਨ ਕੈਪਟਨ ਭਿੰਡਰ ਨੇ ਕਿਹਾ ਹੈ ਕਿ ਹੜਤਾਲ ਕਰਕੇ ਅਵੈਧ ਘੋਸਿਤ ਕੀਤੇ ਗਏ ਉਨ੍ਹਾਂ ਦੇ ਸੰਗਠਨ ਨੂੰ ਫਿਰ ਤੋਂ ਮਾਨਤਾ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਾਈਲਟ ਐਸੋਸੀਏਸ਼ਨ ਦੀਆਂ ਸਾਰੀਆਂ ਮੰਗਾਂ ਤੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਹੈ, ਜਿਸ ਵਿੱਚ ਏਅਰ ਇੰਡੀਆ ਪ੍ਰਬੰਧ ਵਿੱਚ ਹੋਈਆਂ ਕੁਤਾਹੀਆਂ ਵੀ ਸ਼ਾਮਿਲ ਹਨ। ਵਿਭਾਗ ਨੇ ਇਹ ਸਾਰੇ ਮਾਮਲੇ ਧਰਮਾਧਿਕਾਰੀ ਕਮੇਟੀ ਨੂੰ ਸੌਂਪ ਦਿੱਤੇ ਹਨ। ਇਹ ਕਮੇਟੀ ਪਾਈਲਟਾਂ ਦੇ ਵੇਤਨ ਸਬੰਧੀ ਮੁੱਦਿਆਂ ਤੇ ਪਹਿਲਾਂ ਹੀ ਵਿਚਾਰ ਕਰ ਰਹੀ ਹੈ। ਇਹ ਕਮੇਟੀ ਆਪਣੀ ਰਿਪੋਰਟ ਨਵੰਬਰ ਤੱਕ ਸਰਕਾਰ ਨੂੰ ਸੌਂਪ ਦੇਵੇਗੀ। ਪਾਈਲਟਾਂ ਦੀ ਮੰਗ ਤੇ ਏਅਰ ਇੰਡੀਆ ਪ੍ਰਬੰਧਕਾਂ ਨੂੰ ਇਸ ਕਮੇਟੀ ਤੋਂ ਪਾਸੇ ਰੱਖਿਆ ਗਿਆ। ਏਅਰ ਇੰਡੀਆ ਦੀਆਂ ਸੇਵਾਵਾਂ ਇੱਕ ਦੋ ਦਿਨਾਂ ਵਿੱਚ ਨਾਰਮਲ ਹੋ ਜਾਣਗੀਆਂ।