ਜਵਾਨੀ ਇੱਕ ਅਜਿਹਾ ਸ਼ਬਦ ਹੈ ਜਿਸਦੇ ਸੁਣਦੇ ਹੀ ਕਿਸੇ ਸੋਹਣੇ ਸੁਣੱਖੇ ਗੱਭਰੂ ਜਾਂ ਭਰ ਜੋਬਨ ਮੁਟਿਆਰ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ।ਸ਼ਾਇਦ ਅਜਿਹੀ ਮਾਨਸਿਕ ਅਵਸਥਾ ਕਰਕੇ ਹਰ ਕੋਈ ਜਵਾਨ ਹੋਣਾ ਲੋਚਦਾ ਹੈ।ਇਹ ਜਵਾਨੀ ਹੀ ਹੈ ਜਦੋ ਨੌਜਵਾਨਾਂ ਦੇ ਮਨ ਅੰਦਰ ਵਿਚਾਰਾਂ ਦੇ ਸ਼ੂਕਦੇ ਦਰਿਆ ਵਗਦੇ ਹਨ ਤੇ ਇਨਸਾਨ ਦੀ ਹਿੰਮਤ ਤੇ ਹੌਸਲਾ ਸਿਖਰ ਤੇ ਹੁੰਦਾ ਹੈ।ਪਰ ਜਿਵੇਂ ਇੱਕ ਸ਼ੂਕਦੇ ਦਰਿਆ ਨੂੰ ਸਹੀ ਰਸਤਾ ਨਾਂ ਮਿਲੇ ਤਾਂ ਉਹ ਹੜਾਂ ਦੇ ਰੂਪ ਵਿੱਚ ਤਬਾਹੀ ਮਚਾਉਂਦਾ ਹੈ ਉਸੇ ਤਰਾਂ ਜੇ ਜਵਾਨੀ ਰੂਪੀ ਦਰਿਆ ਨੂੰ ਸਹੀ ਦਿਸ਼ਾ ਨਾਂ ਮਿਲੇ ਤਾਂ ਉਹ ਖੁਦ ਲਈ ਅਤੇ ਸਮਾਜ ਲਈ ਤਬਾਹੀ ਦਾ ਕਾਰਣ ਬਣਦਾ ਹੈ।ਵੱਖ ਵੱਖ ਸਰਵੇਖਣ ਇਹੀ ਦਰਸਾਉਂਦੇ ਹਨ ਕਿ ਨੌਜਵਾਨ ਪੀੜੀ ਦੀ ਬਹੁਗਿਣਤੀ ਨਸ਼ਿਆਂ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਦੀ ਮਾਰ ਹੇਠ ਹੈ।ਜੋ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਹਨ ਉਹ ਕਿਸੇ ਤੋਂ ਲੁਕੇ ਹੋਏ ਨਹੀਂ ਤੇ ਅਖਬਾਰਾਂ,ਟੈਲੀਵਿਯਨ ਅਤੇ ਰੇਡੀਓ ਉੱਪਰ ਇਸਦੀ ਚਰਚਾ ਆਮ ਹੀ ਹੁੰਦੀ ਰਹਿੰਦੀ ਹੈ।ਅੱਜ ਜਦੋਂ ਪੰਜਾਬ ਦੇ ਹਲਾਤਾਂ ਤੇ ਨਜਰਸਾਨੀ ਕਰਦੇ ਹਾਂ ਤਾਂ ਹਰ ਪਾਸੇ ਪੰਜਾਬ ਦੀ ਜਵਾਨੀ ਦੇ ਗੰਧਲੇ ਹੋਣ ਦੀਆਂ ਤਸਵੀਰਾਂ ਨਜਰ ਆਉਂਦੀਆਂ ਹਨ।
ਪਰ ਸਿਰਫ ਰੋਣ ਪਿੱਟਣ ਨਾਲ ਕੁੱਝ ਨਹੀਂ ਸੰਵਰਨਾ।ਜਿਵੇਂ ਕਿਸੇ ਬਿਮਾਰੀ ਦਾ ਇਲਾਜ ਕਰਨ ਲਈ ਬਿਮਾਰੀ ਦੀ ਜੜ ਨੂੰ ਫੜਨਾ ਬਹੁਤ ਜਰੂਰੀ ਹੈ ਉਸੇ ਤਰਾਂ ਨੌਜਵਾਨਾਂ ਨੂੰ ਇਹਨਾਂ ਸਮਾਜਿਕ ਕੁਰੀਤੀਆਂ ਚੋ ਕੱਢਣ ਲਈ ਉਹਨਾਂ ਦੀ ਮਨੋਦਸ਼ਾ ਨੂੰ ਸਮਝਣਾ ਬਹੁਤ ਜਰੂਰੀ ਹੈ।ਆਖਰ ਕੀ ਕਾਰਣ ਹੈ ਕਿ ਗੁਰੂਆਂ ਪੀਰਾਂ ਅਤੇ ਅਣਖੀਲੇ ਸੂਰਮਿਆਂ ਦੇ ਵਾਰਸ ਇਸ ਦਲਦਲ ਵਿੱਚ ਧਸਦੇ ਜਾ ਰਹੇ ਹਨ।ਮੁਢਲੇ ਰੂਪ ਵਿੱਚ ਜੋ ਕਾਰਣ ਸਾਹਮਣੇ ਆਉਂਦੇ ਹਨ ਉਹਨਾ ਵਿੱਚ ਅਨਪੜਤਾ,ਬੇਰੁਜਗਾਰੀ,ਰਿਸ਼ਵਤਖੋਰੀ ਆਦਿ ਮੁੱਖ ਹਨ।ਪਰ ਸਭ ਤੋਂ ਅਹਿਮ ਤੇ ਮਹੱਤਵਪੂਰਣ ਕਾਰਣ ਹੈ ਨੈਤਿਕ ਕਦਰਾਂ ਕੀਮਤਾਂ ਦੀ ਅਣਹੋਂਦ।ਕਿਸੇ ਵੀ ਡਿਗਰੀ ,ਪਦਵੀ ਜਾਂ ਨੌਕਰੀ ਹਾਸਲ ਕਰਨ ਤੋਂ ਪਹਿਲਾਂ ਜੋ ਬਹੁਤ ਹੀ ਜਰੂਰੀ ਸਿੱਖਿਆ ਹੈ ਤਾਂ ਉਹ ਹੈ ਨੈਤਿਕ ਸਿੱਖਆ।ਸਾਡੀ ਸਿੱਖਿਆ ਪ੍ਰਣਾਲੀ ਨੇ ਅੱਜ ਦੇ ਮਸ਼ੀਨੀ ਯੁੱਗ ਦੇ ਹਾਣੀ ਬਣਾਉਣ ਲਈ ਨੌਜਵਾਨਾਂ ਲਈ ਵੱਡੇ ਵੱਡੇ ਕਾਲਜ ਅਤੇ ਯੂਨੀਵਰਸਿਟੀਆਂ ਤਾਂ ਖੜੀਆਂ ਕਰ ਦਿੱਤੀਆਂ ਹਨ ਪਰ ਅਫਸੋਸ ਕਿ ਸਿੱਖਿਆ ਦੇ ਇਸ ਵਪਾਰੀਕਰਨ ਨੇ ਵਿੱਦਿਆ ਦੇ ਅਸਲੀ ਮੰਤਵ ਨੂੰ ਰੋਲ ਕੇ ਰੱਖ ਦਿੱਤਾ ਹੈ ਅਤੇ ਨੈਤਿਕ ਸਿੱਖਿਆ ਬਿਲਕੁਲ ਮਨਫੀ ਹੋ ਕੇ ਰਹਿ ਗਈ ਹੈ।ਇਸ ਸਭ ਲਈ ਸਾਡੇ ਸਿਆਸਤਦਾਨ ਅਤੇ ਨੀਤੀਘਾੜੇ ਜੁੰਮੇਵਾਰ ਹਨ ਅਤੇ ਇਸਦਾ ਖਮਿਆਜ਼ਾ ਪੂਰੇ ਨੌਜਵਾਨ ਵਰਗ ਨੂੰ ਭੁਗਤਣਾ ਪੈ ਰਿਹਾ ਹੈ।ਆਪਣੇ ਵਿਦਅਕ ਜੀਵਨ ਦੌਰਾਨ ਅਤੇ ਬਾਅਦ ਵਿੱਚ ਕਾਲਜ ਦੀ ਨੌਕਰੀ ਦੌਰਾਨ ਬਹੁਤ ਹੀ ਘੱਟ ਅਜਿਹੇ ਅਧਿਆਪਕ ਮਿਲੇ ਹਨ ਜੋ ਨੌਜਵਾਨਾਂ ਨੂੰ ਕਿਤਾਬੀ ਸਿੱਖਿਆ ਤੋਂ ਬਿਨਾ ਅਸੂਲੀ ਸਿੱਖਿਆ ਜਾਂ ਨੈਤਿਕ ਸਿੱਖਿਆ ਦਾ ਪਾਠ ਪੜਾਉਂਦੇ ਹੋਣ।ਕਾਗਜ਼ੀ ਡਿਗਰੀਆਂ ਇਕੱਠੇ ਕਰਦੇ ਕਰਦੇ ਨੌਜਵਾਨ ਜੇ ਅਸਲੀ ਜਿੰਦਗੀ ਦੇ ਇਮਤਿਹਾਨ ਵਿੱਚ ਹੀ ਫੇਲ ਹੋ ਗਏ ਤਾਂ ਅਜਿਹੀ ਸਿੱਖਿਆ ਕੀ ਫਾਇਦਾ? ਸੋ ਨੌਜਵਾਨਾਂ ਦੇ ਭਟਕਣ ਵਿੱਚ ਸਮੁੱਚਾ ਦੋਸ਼ ਨੌਜਵਾਨਾਂ ਦਾ ਨਹੀਂ ਬਲਕਿ ਉਸ ਮਾਹੌਲ ਦਾ ਹੈ ਜੋ ਉਹਨਾ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ।
ਦੂਜੀ ਗੱਲ ਆਉਂਦੀ ਹੈ ਬੇਰੁਜ਼ਗਾਰੀ ਦੀ।ਵਾਕਿਆ ਹੀ ਇਹ ਇੱਕ ਗੰਭੀਰ ਮਸਲਾ ਹੈ ਅਤੇ ਉੱਚ ਵਿੱਦਿਆ ਕਰਨ ਉਪਰੰਤ ਵੀ ਜਦੋਂ ਨੌਜਵਾਨਾਂ ਨੂੰ ਉਸਦੀ ਗ੍ਰਹਿਣ ਕੀਤੀ ਵਿੱਦਿਆ ਅਨੁਸਾਰ ਕੰਮ ਨਹੀਂ ਮਿਲਦਾ ਤਾਂ ਉਸਦਾ ਨਿਰਾਸ਼ ਹੋਣਾ ਸੁਭਾਵਕ ਹੈ।ਇਹ ਨਿਰਾਸ਼ਾਵਾਦੀ ਸੋਚ ਅਤੇ ਵਿਹਲਾਪਣ ਹੀ ਨੌਜਵਾਨਾਂ ਵਿੱਚ ਨਸ਼ਿਆਂ ਵਰਗੀਆਂ ਲਾਹਨਤਾਂ ਦਾ ਕਾਰਣ ਬਣਦਾ ਹੈ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਨੌਜਵਾਨ ਦੇ ਸੁਪਨੇ ਹੁੰਦੇ ਹਨ ਕਿ ਉਹ ਪੜ ਲਿਖ ਕੇ ਕਿਸੇ ਵੱਡੀ ਪਦਵੀ ਤੇ ਪਹੁੰਚੇ ਅਤੇ ਆਪਣੀ ਜਿੰਦਗੀ ਕਾਮਯਾਬ ਬਣਾਏ।ਪਰ ਦੁੱਖ ਦੀ ਗੱਲ ਇਹ ਹੈ ਕਿ ਆਪਣੇ ਸੁਪਨਿਆਂ ਦੀ ਪੂਰਤੀ ਲਈ ਅਸੀਂ ਭੇਡਚਾਲ ਵਿੱਚ ਸ਼ਾਮਲ ਹੋ ਗਏ ਹਾਂ।ਜੇ ਗੁਆਢੀਆਂ ਦਾ ਬੱਚਾ ਇੰਜੀਨਿਅਰਿੰਗ ਕਰੇਗਾ ਤਾਂ ਮੈਂ ਵੀ ਉਹੀ ਕਰਾਂਗਾ।ਜੇ ਫਲਾਣਾ ਮੈਡੀਕਲ ਵਿਸ਼ਾ ਚੁਣੇਗਾ ਤਾਂ ਮੈਂ ਵੀ ਉਹੀ ਚੁਣਾਂਗਾ।ਗੱਲ ਕੀ ‘ਤਾਏ ਦੀ ਚੱਲੀ ਮੈਂ ਕਿਉਂ ਰਹਾਂ ਕੱਲੀ‘ ਵਾਲੀ ਕਹਾਵਤ ਅੱਜ ਦੇ ਨੌਜਵਾਨ ਤੇ ਪੂਰੀ ਤਰਾਂ ਲਾਗੂ ਹੁੰਦੀ ਹੈ।ਜਦਕਿ ਸੱਚਾਈ ਇਹ ਹੈ ਕਿ ਬਿਨਾਂ ਸ਼ੌਂਕ ਤੋਂ ਅਤੇ ਲਾਈਲੱਗ ਬਣਕੇ ਕੀਤੀਆਂ ਡਿਗਰੀਆਂ ਨਾਲ ਹੁਨਰਮੰਦ ਨਹੀਂ ਬਣਿਆ ਜਾ ਸਕਦਾ ਅਤੇ ਪੰਜਾਬ ਵਿੱਚ ਖੁੰਭਾਂ ਵਾਂਗੂ ਉੱਗੇ ਅਖੌਤੀ ਪ੍ਰਾਈਵੇਟ ਕਿੱਤਾਮੁਖੀ ਕਾਲਜ ਇਸ ਸੱਚਾਈ ਤੋਂ ਮੁੱਕਰ ਨਹੀਂ ਸਕਦੇ।ਇਹਨਾ ਟੈਕਨੋਕਰੇਟਸ ਦੀ ਭੀੜ ਵਿੱਚ ਸਿਰਫ ਕੁੱਝ ਫੀਸਦੀ ਹੀ ਬਹੁਕੌਮੀ ਜਾਂ ਹੋਰ ਅਦਾਰਿਆਂ ਦੇ ਪੈਮਾਨਿਆ ਤੇ ਖਰੇ ਉਤਰਦੇ ਹਨ ਤੇ ਬਾਕੀ ਮੇਰੇ ਵਰਗਿਆਂ ਉੱਪਰ ਤਾਂ ਪੜੇ ਲਿਖੇ ਅਨਪੜ ਹੋਣ ਦਾ ਲੇਬਲ ਹੀ ਲਗਦਾ ਹੈ ਅਤੇ ਉਹ ਜਿੰਦਗੀ ਦੀਆਂ ਘੁੰਮਣਘੇਰੀਆਂ ਵਿੱਚ ਡਿੱਕ ਡੋਲੇ ਖਾਂਦੇ ਹਨ।
ਇਹ ਤਸਵੀਰ ਪੇਸ਼ ਕਰਕੇ ਮੇਰਾ ਮਕਸਦ ਤਕਨੀਕੀ ਸਿੱਖਿਆ ਨੂੰ ਭੰਡਣਾ ਨਹੀਂ ਬਲਕਿ ਇਸਨੂੰ ਸਹੀ ਤਰੀਕੇ ਨਾਲ ਅਮਲ ਵਿੱਚ ਲਿਆਉਣ ਦੀ ਗੱਲ ਕਰਨਾ ਹੈ।ਇਹ ਜਰੂਰੀ ਨਹੀਂ ਕਿ ਸਿਰਫ ਵੱਡੇ ਨਾਵਾਂ ਵਾਲੀਆਂ ਡਿਗਰੀਆਂ ਹੀ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾ ਸਕਦੀਆਂ ਹਨ ਬਲਕਿ ਸੱਚਾਈ ਤਾਂ ਇਹ ਹੈ ਕਿ ਕਈ ਵਾਰ ਛੋਟੇ ਡਿਪਲੋਮਾ ਕੋਰਸ ਜਿਆਦਾ ਫਾਇਦੇਮੰਦ ਹੁੰਦੇ ਹਨ। ਬੱਸ ਜੇ ਲੋੜ ਹੈ ਤਾਂ ਸਿਰਫ ਆਪਣੀ ਬੌਧਿਕ ਸਮਰੱਥਾ ਨੂੰ ਸਮਝਣ ਦੀ।ਹਰ ਇਨਸਾਨ ਵਿੱਚ ਕੋਈ ਖਾਸ ਗੁਣ ਹੁੰਦਾ ਹੈ ਅਤੇ ਜੇ ਨੌਜਵਾਨ ਆਪਣੇ ਇਸ ਗੁਣ ਦੀ ਪਰਖ ਕਰ ਲੈਣ ਉਸ ਅਨੁਸਾਰ ਆਪਣੀ ਵਿੱਦਿਆ ਹਾਸਲ ਕਰਨ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ।ਇੱਕ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਹੁਨਰ ਹੁਨਰ ਹੰਦਾ ਹੈ ਚਾਹੇ ਉਹ ਕੁੱਝ ਵੀ ਹੋਵੇ।ਇਹ ਗੱਲ ਮੈˆ ਆਪਣੇ ਨਿੱਜੀ ਤਜਰਬਿਆਂ ਤੋਂ ਵਿਦੇਸ਼ ਵਿੱਚ ਰਹਿ ਕੇ ਸਿੱਖੀ ਹੈ ਅਤੇ ਇਹ ਜਰੂਰੀ ਨਹੀਂ ਕਿ ਸਿਰਫ ਡਾਕਟਰ,ਇੰਜੀਨਿਅਰ ਜਾਂ ਸਾਇੰਸਦਾਨ ਹੀ ਹੁਨਰਮੰਦ ਸ਼੍ਰੇਣੀ ਵਿੱਚ ਆਉਂਦੇ ਹਨ ਜਦਕਿ ਮਕੈਨਿਕ,ਪਲੰਬਰ,ਵੈਲਡਰ ਅਤੇ ਪੇਂਟਰ ਆਦਿ ਵੀ ਹੁਨਰਮੰਦ ਲੋਕਾਂ ਵਿੱਚ ਅਹਿਮ ਸਥਾਨ ਰੱਖਦੇ ਹਨ ,ਲੋੜ ਹੈ ਤਾਂ ਸਿਰਫ ਆਪਣਾ ਨਜਰੀਆ ਬਦਲਣ ਦੀ। ਇਹ ਮਾਡਲ ਸਾਨੂੰ ਪੰਜਾਬ ਵਿੱਚ ਵੀ ਅਪਣਾਉਣਾ ਪਵੇਗਾ ਅਤੇ ਆਤਮਨਿਰਭਰ ਹੋਣਾ ਪਵੇਗਾ ਕਿਉਂਕਿ ਭ੍ਰਿਸ਼ਟ ਤੇ ਖਾਲੀ ਖਜਾਨਿਆਂ ਵਾਲੀਆਂ ਸਰਕਾਰਾਂ ਤੋਂ ਨੌਕਰੀ ਦੀ ਆਸ ਨਹੀਂ ਕੀਤੀ ਜਾ ਸਕਦੀ ।ਸਰਕਾਰਾਂ ਨਾਂ ਤਾਂ ਸਭ ਨੂੰ ਨੌਕਰੀ ਦੇ ਸਕਦੀਆਂ ਹਨ ਅਤੇ ਨਾਂ ਹੀ ਸਾਰੇ ਨੌਜਵਾਨ ਲੋੜੀਂਦੀਆ ਪੋਸਟਾਂ ਦੇ ਯੋਗ ਹੋ ਸਕਦੇ ਹਨ।
ਪੰਜਾਬੀ ਨੌਜਵਾਨੋ ਇਤਿਹਾਸ ਗਵਾਹ ਹੈ ਕਿ ਅਸੀਂ ਹਮੇਸ਼ਾ ਅਣਖ਼ ਨਾਲ ਜਿਉਂਦੇ ਆਏ ਹਾਂ ।ਜਿੱਥੇ ਪੰਜਾਬੀ ਆਪਣੀ ਜਿਸਮਾਨੀ ਤਾਕਤ ਲਈ ਜਾਣੇ ਜਾਂਦੇ ਰਹੇ ਹਨ ਅੱਜ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਬੌਧਿਕ ਪੱਧਰ ਨੂੰ ਵੀ ਉੱਚਾ ਚੁੱਕੀਏ ਅਤੇ ਆਪਣੇ ਹੁਨਰ ਦੇ ਏਨੇ ਮਾਹਿਰ ਬਣੀਏ ਕਿ ਅਸੀਂ ਰੁਜਗਾਰ ਕੋਲ ਨਹੀ ਬਲਕਿ ਰੁਜਗਾਰ ਖੁਦ ਚੱਲਕੇ ਸਾਡੇ ਕੋਲ ਆਵੇ। ਪਰ ਇਹ ਸਭ ਕਰਨ ਲਈ ਸਾਨੂੰ ਆਪਣੇ ਆਪ ਵਿੱਚ ਆਤਮਵਿਸ਼ਵਾਸ ਪੈਦਾ ਕਰਨਾ ਹੋਵੇਗਾ।ਹਰ ਨਵੀਂ ਸ਼ੁਰੂਆਤ ਵਿੱਚ ਔਕੜਾਂ ਜਰੂਰ ਆਉਂਦੀਆਂ ਹਨ ਪਰ ਜੇ ਹਿੰਮਤ ਅਤੇ ਦਲੇਰੀ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਔਕੜਾਂ ਹੀ ਸਫਲਤਾ ਦੇ ਪੁਲ ਬਣ ਜਾਂਦੀਆਂ ਹਨ।ਸੋ ਨੌਜਵਾਨ ਦੋਸਤੋ ਆਓ ਅੱਜ ਇਹ ਪ੍ਰਣ ਕਰੀਏ ਕਿ ਅਸੀਂ ਮਾਰੂ ਨਸ਼ਿਆਂ ਦੀ ਥਾਂ ਨੈਤਿਕ ਕਦਰਾਂ ਕੀਮਤਾਂ ਅਤੇ ਇਨਸਾਨੀਅਤ ਦਾ ਨਸ਼ਾ ਕਰਨਾ ਹੈ ਅਤੇ ਮੈਨੂੰ ਇਹ ਪੂਰਨ ਆਸ ਹੈ ਕਿ ਅਸੀਂ ਇਸ ਔਖੀ ਘੜੀ ਵਿੱਚੋਂ ਜੇਤੂ ਹੋ ਕੇ ਨਿਕਲਾਂਗੇ।