ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਏਅਰਪੋਰਟ ’ਤੇ ਏਅਰ ਇੰਡੀਆ ’ਚ ਸਕਿਉਰਟੀ ਕਾਂਸਟੇਬਲ ਵਜੋਂ ਡਿਊਟੀ ਨਿਭਾ ਰਹੇ ਸ. ਨਿਰਮਲ ਸਿੰਘ ਨੂੰ ਡਿਊਟੀ ਦੌਰਾਨ ਸੀ.ਆਈ.ਐਸ.ਐਫ. ਦੇ ਅਧਿਕਾਰੀਆਂ ਵਲੋਂ ਕ੍ਰਿਪਾਨ ਪਹਿਨਣ ਤੋਂ ਰੋਕੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਸਿੱਖ ਧਰਮ ’ਚ ਸਿੱਧੀ ਦਖ਼ਲ ਅੰਦਾਜ਼ੀ ਕਰਾਰ ਦਿੰਦਿਆ ਅਜਿਹੇ ਹੁਕਮ ਤੁਰੰਤ ਵਾਪਸ ਲੈਣ ਲਈ ਕਿਹਾ ਹੈ।
ਇਥੋਂ ਜਾਰੀ ਇਕ ਪ੍ਰੈੱਸ ਰੀਲੀਜ ’ਚ ਉਨ੍ਹਾਂ ਦੱਸਿਆ ਕਿ ਭਾਈ ਨਿਰਮਲ ਸਿੰਘ ਪੁਤਰ ਸ. ਅਜੀਤ ਸਿੰਘ ਵਾਸੀ ਫਰੈਂਡਜ਼ ਐਵੀਨਿਊ ਅੰਮ੍ਰਿਤਸਰ ਨੇ ਇਸ ਦਫ਼ਤਰ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ “ਉਹ 1997 ਤੋਂ ਅੰਮ੍ਰਿਤਧਾਰੀ ਹੈ ਅਤੇ ਅਕਤੂਬਰ 2001 ਤੋਂ ਏਅਰ ਪੋਰਟ ’ਤੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ ਇਸ ਦੌਰਾਨ ਮੈਨੂੰ ਕਦੇ ਵੀ ਕਿਸੇ ਅਧਿਕਾਰੀ ਨੇ ਡਿਊਟੀ ਸਮੇਂ ਕ੍ਰਿਪਾਨ ਉਤਾਰਨ ਲਈ ਨਹੀਂ ਕਿਹਾ ਪਰ ਬੀਤੀ 28 ਅਪ੍ਰੈਲ ਨੂੰ ਸੀ.ਆਈ.ਐਸ.ਐਫ. ਦੇ ਸਟਾਫ ਨੇ ਇਹ ਕਹਿ ਕੇ ਜਹਾਜ ਦੇ ਨਜ਼ਦੀਕ ਡਿਊਟੀ ਕਰਨ ਲਈ ਜਾਣ ਤੋਂ ਰੋਕ ਦਿੱਤਾ ਕਿ ਤੁਸੀ ਕ੍ਰਿਪਾਨ ਧਾਰਨ ਕੀਤੀ ਹੈ। ਉਸ ਨੇ ਦੱਸਿਆ ਕਿ ਅਸਿਸਟੈਂਟ ਕਮਾਂਡਰ ਕੇ.ਐਸ. ਮਲਿਕ ਨੇ ਹੁਕਮ ਕੀਤਾ ਹੈ ਕਿ ਕੋਈ ਵੀ ਅੰਮ੍ਰਿਤਧਾਰੀ ਸਿੱਖ ਕ੍ਰਿਪਾਨ ਪਹਿਨਕੇ ਏਅਰਪੋਰਟ ਦੇ ਕੰਪਲੈਕਸ ’ਚ ਡਿਊਟੀ ਨਹੀਂ ਕਰ ਸਕਦਾ।”
ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਭਾਰਤ ਬਹੁ-ਧਰਮੀ ਦੇਸ਼ ਹੈ ਅਤੇ ਹਰ ਧਰਮ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ। ਦੇਸ਼ ਦੇ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ’ਚ ਕ੍ਰਿਪਾਨ ਧਾਰਨ ਕੀਤੇ ਜਾਣ ਦੀ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ 6 ਇੰਚ ਕ੍ਰਿਪਾਨ ਧਾਰਨ ਕਰਕੇ ਯਾਤਰੂ ਜਹਾਜ਼ ਸਫਰ ਕਰ ਸਕਦੇ ਹਨ ਤਾਂ ਏਅਰਪੋਰਟ ’ਤੇ ਅੰਦਰ ਅੰਮ੍ਰਿਤਧਾਰੀ ਸਿੰਘ ਕ੍ਰਿਪਾਨ ਧਾਰਨ ਕਰਕੇ ਡਿਊਟੀ ਕਿਉਂ ਨਹੀਂ ਕਰ ਸਕਦਾ? ਉਨ੍ਹਾਂ ਕਿਹਾ ਕਿ ਜੇ ਸੁਰੱਖਿਆ ਪੱਖੋਂ ਕ੍ਰਿਪਾਨਧਾਰੀ (ਅੰਮ੍ਰਿਤਧਾਰੀ ਸਿੰਘ) ’ਤੇ ਸ਼ੱਕ ਕੀਤਾ ਜਾ ਸਕਦਾ ਹੈ ਤਾਂ ਫਿਰ ਅਜਿਹੇ ਸੁਰੱਖਿਆ ਕਰਮਚਾਰੀ ਜਿਨ੍ਹਾਂ ਪਾਸ ਮਾਰੂ ਹਥਿਆਰ ਹਨ ਉਨ੍ਹਾਂ ਦੇ ਭਰੋਸੇ ਦੇ ਮਾਪਢੰਡ ਕੀ ਹਨ? ਉਨ੍ਹਾਂ ਕਿਹਾ ਕਿ ਕ੍ਰਿਪਾਨ ਧਾਰਨ ਕਰਨ ਤੋਂ ਰੋਕਣ ਦੇ ਅਜਿਹੇ ਅਦੇਸ਼ ਬਹੁਤ ਦੁਖਦਾਈ ਅਤੇ ਸਿੱਖਾਂ ’ਚ ਬੈਗਾਨਗੀ ਪੈਦਾ ਕਰਨ ਵਾਲੇ ਹਨ, ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਇਸ ਮੌਕੇ ਏਅਰਪੋਰਟ ਵਿਖੇ 19 ਦੇ ਕਰੀਬ ਅੰਮ੍ਰਿਤਧਾਰੀ ਸਿੱਖ ਵੱਖ-ਵੱਖ ਸੇਵਾਵਾਂ ਨਿਭਾ ਰਹੇ ਹਨ ਅਜਿਹੇ ਫੁਰਮਾਨਾਂ ਤੋਂ ਉਹ ਮਾਨਸਿਕ ਤਨਾਅ ਵਿਚ ਹਨ।
ਉਨ੍ਹਾਂ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਅਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਅਜ਼ਾਦੀ ਉਪਰੰਤ ਦੇਸ਼ ਦੀ ਤਰੱਕੀ ਤੋਂ ਇਲਾਵਾ ਜੀਵਨ ਦੇ ਹਰ ਖੇਤਰ ’ਚ ਅਹਿਮ ਯੋਗਦਾਨ ਪਾਇਆ। ਦੇਸ਼ ਦਾ ਵਿਸ਼ੇਸ਼ ਕਰਕੇ ਪੰਜਾਬ ਦਾ ਬੱਚਾ-ਬੱਚਾ ਇਸ ਗੱਲ ਤੋਂ ਜਾਣੂੰ ਹੈ ਕਿ ‘ਕ੍ਰਿਪਾਨ’ ਅੰਮ੍ਰਿਤਧਾਰੀ ਸਿੰਘ ਦੀ ਸ਼ਖਸੀਅਤ (ਡਰੈੱਸਕੋਡ) ਦਾ ਅਨਿਖੜਵਾਂ ਅੰਗ ਹੈ ਅਤੇ ਸਰੀਰ ਨਾਲੋਂ ਵੱਖ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸੀ.ਆਈ.ਐਸ.ਐਫ. ਅਧਿਕਾਰੀਆਂ ਦੀ ਇਹ ਅਜਿਹੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕੇਂਦਰ ਸਰਕਾਰ ਨੂੰ ਲਿਖੇ ਪੱਤਰ ’ਚ ਮੰਗ ਕੀਤੀ ਹੈ ਕਿ ਡਿਊਟੀ ਦੌਰਾਨ ਅੰਮ੍ਰਿਤਧਾਰੀ ਸਿੰਘ ਨੂੰ ਕ੍ਰਿਪਾਨ ਧਾਰਨ ਕਰਨ ਤੋਂ ਰੋਕਣ ਵਾਲੇ ਨਾਦਰਸ਼ਾਹੀ ਫੁਰਮਾਨ ਤੁਰੰਤ ਵਾਪਸ ਲਏ ਜਾਣ।
ਅੰਮ੍ਰਿਤਧਾਰੀ ਸਿੰਘ ਨੂੰ ਕ੍ਰਿਪਾਨ ਧਾਰਨ ਕਰਨ ਤੋਂ ਰੋਕਣ ਵਾਲੇ ਨਾਦਰਸ਼ਾਹੀ ਫੁਰਮਾਨ ਤੁਰੰਤ ਵਾਪਸ ਲਏ ਜਾਣ- ਜਥੇ. ਅਵਤਾਰ ਸਿੰਘ
This entry was posted in ਪੰਜਾਬ.