ਲਖਨਊ- ਉਤਰਪ੍ਰਦੇਸ਼ ਦੇ ਇੱਕ ਪਿੰਡ ਭੱਟਾ ਪਾਰਸੌਲ ਵਿੱਚ ਪਿੰਡ ਵਾਸੀਆਂ ਦਾ ਸਮਰਥਣ ਕਰਨ ਕਰਕੇ ਕਾਂਗਰਸ ਦੇ ਮੁੱਖ ਸਕੱਤਰ ਰਾਹੁਲ ਗਾਂਧੀ ਨੂੰ ਧਾਰਾ 144 ਦਾ ਉਲੰਘਣ ਕਰਨ ਦੇ ਅਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਰਾਹੁਲ ਨੂੰ ਭੱਟਾ ਪਾਰਸੌਲ ਤੋਂ ਗ੍ਰਿਫ਼ਤਾਰ ਕਰਕੇ ਕਾਸਨਾ ਲਿਆਂਦਾ ਗਿਆ ਅਤੇ ਫਿਰ ਕੁਝ ਦੇਰ ਬਾਅਦ ਛੱਡ ਦਿੱਤਾ ਗਿਆ।
ਕਾਸਨਾ ਥਾਣੇ ਵਿੱਚ ਰਾਹੁਲ ਗਾਂਧੀ ਨੇ ਆਪਣੀ ਗ੍ਰਿਫ਼ਤਾਰੀ ਨੂੰ ਲੈ ਕੇ ਕੁਝ ਜਰੂਰੀ ਦਸਤਾਂਵੇਜਾਂ ਦੀ ਮੰਗ ਕੀਤੀ। ਗ੍ਰਿਫ਼ਤਾਰੀ ਸਬੰਧੀ ਜਰੂਰੀ ਦਸਤਾਵੇਜ਼ ਪ੍ਰਸਾਸ਼ਨ ਦੁਆਰਾ ਨਾਂ ਦਿੱਤੇ ਜਾਣ ਕਰਕੇ ਦਿਗਵਿਜੈ ਸਿੰਘ ਅਤੇ ਪੁਲਿਸ ਅਫ਼ਸਰਾਂ ਵਿੱਚ ਤਿੱਖੀ ਤਕਰਾਰ ਹੋਈ। ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਕਿਹਾ ਕਿ ਅਸਾਂ ਜਮਾਨਤ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਰਿਹਾ ਹੋਣ ਤੋਂ ਬਾਅਦ ਰਾਹੁਲ ਗਾਂਧੀ ਆਪਣੀ ਗੱਡੀ ਵਿੱਚ ਐਸਪੀਜੀ ਦੇ ਸੁਰੱਖਿਆ ਘੇਰੇ ਵਿੱਚ ਦਿੱਲੀ ਵੱਲ ਰਵਾਨਾ ਹੋ ਗਏ। ਉਤਰਪ੍ਰਦੇਸ਼ ਪੁਲਿਸ ਦੀ ਇੱਕ ਗੱਡੀ ਵੀ ਉਨ੍ਹਾਂ ਦੇ ਨਾਲ ਚਲ ਰਹੀ ਸੀ।
ਰਾਹੁਲ ਗਾਂਧੀ ਬੁੱਧਵਾਰ ਸਵੇਰ ਤੋਂ ਹੀ ਪਿੰਡਵਾਸੀਆਂ ਦੀਆਂ ਤਿੰਨ ਮੰਗਾਂ ਨੂੰ ਲੈ ਕੇ ਉਨ੍ਹਾਂ ਦੇ ਨਾਲ ਧਰਨੇ ਤੇ ਬੈਠੇ ਹੋਏ ਸਨ। ਉਨ੍ਹਾਂ ਦੇ ਨਾਲ ਪਾਰਟੀ ਦੇ ਕੁਝ ਅਹਿਮ ਨੇਤਾ ਵੀ ਧਰਨੇ ਵਾਲੀ ਥਾਂ ਤੇ ਮੌਜੂਦ ਸਨ। ਸਥਾਨਕ ਪੁਲਿਸ ਵਿਭਾਗ ਨੇ ਭੱਟਾ ਪਾਰਸੌਲ ਪਿੰਡ ਵਿੱਚ ਦਫ਼ਾ 144 ਲਗਾ ਦਿੱਤੀ। ਇਸ ਤੋਂ ਬਾਅਦ ਆਈਜੀ ਰਜਨੀਕਾਂਤ ਮਿਸ਼ਰਾ ਅਤੇ ਹੋਰ ਅਧਿਕਾਰੀਆਂ ਨੇ ਰਾਹੁਲ ਗਾਂਧੀ, ਦਿਗਵਿਜੈ ਸਿੰਘ, ਰੀਤਾ ਬਹੁਗੁਣਾ, ਰਾਜ ਬੱਬਰ ਅਤੇ ਹੋਰ ਨੇਤਾਵਾਂ ਨੂੰ ਧਾਰਾ 144 ਦਾ ਉਲੰਘਣ ਕਰਨ ਦੇ ਅਰੋਪ ਵਿੱਚ ਧਾਰਾ 151 ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਐਕਸਪ੍ਰੈਸਵੇਅ ਦੇ ਰਸਤੇ ਦਿੱਲੀ ਵੱਲ ਲਿਜਾਇਆ ਗਿਆ। ਪਹਿਲਾਂ ਉਨ੍ਹਾਂ ਨੂੰ ਨੋਇਡਾ ਦੇ ਗੈਸਟ ਹਾਊਸ ਵਿੱਚ ਰੱਖਿਆ ਜਾਣਾ ਸੀ ਪਰ ਫਿਰ ਛੱਡ ਦਿੱਤਾ ਗਿਆ।