ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਵਰ੍ਹੇ ਪਹਿਲੇ ਦਲਜੀਤ ਸਿੰਘ ਬੇਦੀ ਮੀਤ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੈਰ ਇਖਲਾਕੀ ਕਾਰਵਾਈਆਂ ਦਾ ਚਿੱਠਾ ਪੇਸ਼ ਕਰਦੇ ਹੋਏ ਸਬੂਤਾਂ ਸਮੇਤ ਸਿੱਖ ਕੌਮ ਸਾਹਮਣੇ ਇਸ ਅਤਿ ਗੰਭੀਰ ਮਸਲੇ ਨੂੰ ਰੱਖਦੇ ਹੋਏ ਸਿੱਖ ਕੌਮ ਦੀ ਧਾਰਮਿਕ ਸੰਸਥਾ ਐਸ ਜੀ ਪੀ ਸੀ ਵਿੱਚੋ ਅਜਿਹੇ ਲੋਕਾਂ ਦੀ ਛੁੱਟੀ ਕਰਨ ਦੀ ਮੰਗ ਕੀਤੀ ਸੀ। ਕਿਉਂਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਦੇ ਉੱਚ ਅਹੁਦਿਆਂ ਉੱਤੇ ਬਹੁਗਿਣਤੀ ਉਨ੍ਹਾ ਲੋਕਾਂ ਦੀ ਹੈ, ਜੋ ਗੈਰ ਇਖਲਾਕੀ, ਗੈਰ ਸਮਾਜਿਕ ਕਾਰਵਾਈਆਂ ਅਤੇ ਘਪਲੇ ਕਰਨ ਵਾਲਿਆਂ ਵਿਰੁੱਧ ਐਕਸ਼ਨ ਲੈ ਕੇ ਇਸ ਸੰਸਥਾ ਦੇ ਨਾਮ ਨੂੰ ਰੌਸ਼ਨਾਉਣ ਦੀ ਬਜਾਏ ਅਜਿਹੇ ਲੋਕਾਂ ਦੀ ਸਰਪ੍ਰਸਤੀ ਕਰਨ ਵਾਲੇ ਹਨ। ਇਸ ਲਈ ਸਾਡੇ ਵੱਲੋ ਉਠਾਈ ਮੰਗ ਨੂੰ ਉਸ ਸਮੇ ਦੇ ਪ੍ਰਬੰਧਕਾਂ ਨੇ ਕੋਈ ਵਜ਼ਨ ਨਹੀਂ ਸੀ ਦਿੱਤਾ। ਸਾਨੂੰ ਮਜ਼ਬੂਰਨ ਦਲਜੀਤ ਸਿੰਘ ਬੇਦੀ ਦੀਆਂ ਗੈਰ ਇਖਲਾਕੀ ਕਾਰਵਾਈਆਂ ਦੀ ਸੀ.ਡੀ. ਪ੍ਰੈਸ ਨੂੰ ਜਾਰੀ ਕਰਨੀ ਪਈ, ਜਿਸ ਵਿੱਚ ਸ਼੍ਰੀ ਬੇਦੀ ਦੇ ਨਿਘਾਰ ਵਾਲੇ ਇਖਲਾਕ ਦੀ ਮੂੰਹ ਬੋਲਦੀ ਤਸਵੀਰ ਸਪੱਸ਼ਟ ਤੌਰ ‘ਤੇ ਨਜ਼ਰ ਆਉਦੀ ਹੈ। ਬੇਸ਼ੱਕ ਐਸ. ਜੀ. ਪੀ. ਸੀ ਨੇ ਜਾਣਬੁੱਝ ਕੇ ਸਬੂਤਾਂ ਨੂੰ ਅਦਾਲਤ ਅੱਗੇ ਪੇਸ਼ ਨਾ ਕਰਦੇ ਹੋਏ ਸ਼੍ਰੀ ਬੇਦੀ ਨੂੰ ਬਚਾਉਣ ਅਤੇ ਬਹਾਲ ਕਰਵਾਉਣ ਦੀ ਸਿੱਖ ਸੋਚ ਵਿਰੋਧੀ ਅਮਲ ਕਰਕੇ “ਚੋਰ ਅਤੇ ਕੁੱਤੀ” ਦੇ ਮਿਲੇ ਹੋਣ ਦਾ ਪ੍ਰਤੱਖ ਸਬੂਤ ਦਿੱਤਾ ਹੈ, ਲੇਕਿਨ ਸ਼੍ਰੀ ਬੇਦੀ ਸਿੱਖ ਕੌਮ ਦੀਆਂ ਨਜ਼ਰਾਂ ਵਿੱਚ ਅੱਜ ਵੀ ਆਪਣੀਆਂ ਗੈਰ ਇਖਲਾਕੀ ਕਾਰਵਾਈਆਂ ਕਾਰਨ ਦੋਸ਼ੀ ਹੈ। ਅਜਿਹੇ ਦਾਗੀ ਇਨਸਾਨ ਨੂੰ ਫਿਰ ਤੋ ਸਿੱਖ ਕੌਮ ਦੀ ਧਾਰਮਿਕ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਡਿਊਟੀ ਦੇਣ ਦੀ ਕਾਰਵਾਈ ਸ਼੍ਰੀ ਅਵਤਾਰ ਸਿੰਘ ਮੱਕੜ ਵੱਲੋ ਕੀਤਾ ਗਿਆ ਫੈਸਲਾ ਅਤਿ ਮੰਦਭਾਗਾ ਹੈ।
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਸੰਸਥਾ ਦੀ ਕਾਰਜਕਾਰਨੀ ਕਮੇਟੀ ਵੱਲੋ ਕੀਤੇ ਗਏ ਉਪਰੋਕਤ ਫੈਸਲੇ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਅੱਜ ਸਿੱਖ ਕੌਮ ਦੀ ਮਾਨ ਇਜ਼ਤ ਜੇਕਰ ਕੌਮਾਂਤਰੀ ਪੱਧਰ ‘ਤੇ ਬਰਕਰਾਰ ਹੈ ਤਾਂ ਇਹ ਸਾਡੇ ਉੱਚੇ ਸੁੱਚੇ ਇਖਲਾਕ ਅਤੇ ਹਰ ਤਰ੍ਹਾ ਦੀਆਂ ਸਮਾਜਿਕ ਬੁਰਾਈਆਂ ਵਿਰੁੱਧ ਬੇਖੌਫ ਹੋ ਕੇ ਜੂਝਣ ਦੀ ਬਦੌਲਤ ਹੈ। ਉਨ੍ਹਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਮੌਜੁਦਾ ਐਸ ਜੀ ਪੀ ਸੀ ਦੇ ਮੁੱਖੀ ਅਤੇ ਹੋਰ ਅਧਿਕਾਰੀ ਤੁੱਛ ਜਿਹੇ ਰੁਤਬਿਆਂ ਅਤੇ ਮਾਲੀ ਸਵਾਰਥਾਂ ਦੇ ਅਧੀਨ ਹੋ ਕੇ ਸਿੱਖੀ ਕਦਰਾਂ ਕੀਮਤਾਂ ਨੂੰ ਪਿੱਠ ਦੇ ਕੇ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ, ਜਿਸ ਨਾਲ ਸਿੱਖ ਕੌਮ ਦੀ ਆਨ ਸ਼ਾਨ ਨੂੰ ਡੂੰਘੀ ਠੇਸ ਪਹੂੰਚਦੀ ਹੈ। ਸ: ਮਾਨ ਨੇ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਇਹ ਅਹੁਦੇ ਅਤੇ ਰੁਤਬੇ ਸਦਾ ਹੀ ਕਾਇਮ ਨਹੀਂ ਰਹਿਣੇ, ਇਸ ਲਈ ਉਨ੍ਹਾ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੀ ਧਾਰਮਿਕ ਸੰਸਥਾ ਵਿੱਚ ਬਾਦਲਾਂ ਦੀ ਜੀ ਹਜ਼ੂਰੀ ਕਰਕੇ ਗਲਤ ਪਿਰਤਾਂ ਬਿਲਕੁੱਲ ਨਾ ਪਾਉਣ ਜਿਸ ਨਾਲ ਆਉਣ ਵਾਲੀ ਸਿੱਖ ਪਨੀਰੀ ਨੂੰ ਨਮੋਸ਼ੀ ਝੱਲਣੀ ਪਵੇ। ਉਨ੍ਹਾ ਪੰਥ ਵਿੱਚ ਵਿਚਰ ਰਹੇ ਪੰਥਕ ਦਰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਬਾਦਲਾਂ ਅਤੇ ਮੱਕੜਾਂ ਦੀਆਂ ਤਾਨਾਸ਼ਾਹੀ ਸੋਚ ਨੂੰ ਬਿਲਕੁੱਲ ਵੀ ਪ੍ਰਵਾਨ ਨਾ ਕਰਨ ਬਲਕਿ ਗੁਰੂ ਸਾਹਿਬਾਨ ਵੱਲੋ ਦਿਖਾਏ ਸੱਚ ਦੇ ਰਾਹ ਉਤੇ ਪਹਿਰਾ ਦਿੰਦੇ ਹੋਏ ਆਪਣੀਆਂ ਆਤਮਾਂਵਾਂ ਨੂੰ ਜੀਊਦਾ ਰੱਖਦੇ ਹੋਏ ਹੋਰ ਮਜ਼ਬੂਤ ਕਰਨ ਅਤੇ ਹਰ ਤਰ੍ਹਾ ਦੀ ਬੁਰਾਈ ਵਿਰੁੱਧ ਡੱਟ ਜਾਣ ਦਾ ਨਿਸ਼ਚਾ ਕਰਨ ਤਾਂ ਕਿ ਅਸੀਂ ਇਨ੍ਹਾ ਸਿੱਖੀ ਸੰਸਥਾਵਾਂ ਵਿੱਚ ਆਏ ਨਿਘਾਰ ਨੂੰ ਦੂਰ ਕਰਕੇ ਆਪਣੇ ਕੌਮੀ ਫਰਜ਼ਾਂ ਦੀ ਪੂਰਤੀ ਕਰ ਸਕੀਏ ਅਤੇ ਸਿੱਖ ਕੌਮ ਦੀ ਆਨ ਸ਼ਾਨ ਨੂੰ ਕੌਮਾਂਤਰੀ ਪੱਧਰ ਉੱਤੇ ਹੋਰ ਬੁਲੰਦ ਕਰ ਸਕੀਏ।