ਲੁਧਿਆਣਾ:- ਦਾਲਾਂ ਦੀ ਖੋਜ ਸੰਬੰਧੀ ਸਾਲਾਨਾ ਗਰੁੱਪ ਮੀਟਿੰਗ ਦੇ ਤਿੰਨ ਰੋਜ਼ਾ ਕੌਮੀ ਸੰਮੇਲਨ ਦੇ ਆਖਰੀ ਦਿਨ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਵੱਖ-ਵੱਖ ਖੋਜ ਕੇਂਦਰਾਂ ਵਿੱਚ ਕੀਤੀਆਂ ਜਾ ਰਹੀਆਂ ਖੋਜਾਂ, ਸਿਫਾਰਸ਼ਾਂ ਅਤੇ ਭਵਿੱਖ ਦੇ ਤਜਰਬਿਆਂ ਦੇ ਨਾਲ ਨਾਲ ਸਾਨੂੰ ਸਮਾਂਬੱਧ ਕਾਰਜ ਯੋਜਨਾ ਉਲੀਕਣ ਦੀ ਲੋੜ ਹੈ ਤਾਂ ਜੋ ਦੇਸ਼ ਦੀਆਂ ਦਾਲ ਲੋੜਾਂ ਪੂਰੀਆਂ ਕਰਨ ਵਿੱਚ ਸਾਨੂੰ ਬਾਹਰਲੇ ਮੁਲਕਾਂ ਤੇ ਨਿਰਭਰ ਨਾ ਹੋਣਾ ਪਵੇ। ਉਨ੍ਹਾਂ ਆਖਿਆ ਕਿ ਦਾਲਾਂ ਸੰਬੰਧੀ ਬ੍ਰੀਡਰਨਾਂ ਕੋਲ ਜਰਮ ਪਲਾਜ਼ਮ ਦਾ ਵਾਧਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਖਾਦਾਂ, ਦੇਸੀ ਰੂੜੀ, ਵਰਮੀ ਕੰਪੋਸਟ ਤੋਂ ਇਲਾਵਾ ਰਾਈਜ਼ੋਬੀਅਮ ਨਾਲ ਬੀਜ ਸੋਧ ਨਾਲ ਚੰਗਾ ਨਤੀਜਾ ਮਿਲਦਾ ਹੈ। ਉਨ੍ਹਾਂ ਆਖਿਆ ਕਿ ਮੂੰਗੀ ਨੂੰ ਲੱਗਣ ਵਾਲੇ ਪੀਲੇ ਮੌਜ਼ੇਕ ਵਾਇਰਸ ਦੀ ਗੰਭੀਰਤਾ ਨੂੰ ਵੀ ਵਾਚਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਸਰਵੇਖਣ ਅਤੇ ਬਦਲਦੇ ਮੌਸਮ ਤੇ ਨਜ਼ਰਸਾਨੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਰਮਾ ਅਤੇ ਮੱਕੀ ਦੇ ਖੇਤਰ ਵਿੱਚ ਸਰਵਪੱਖੀ ਕੀਟ ਕੰਟਰੋਲ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ।
ਭਾਰਤੀ ਦਾਲ ਖੋਜ ਕੇਂਦਰ ਕਾਨਪੁਰ ਦੇ ਡਾਇਰੈਕਟਰ ਡਾ: ਐਨ ਨਾਗਾਰਾਜਨ ਨੇ ਇਸ ਸੈਸ਼ਨ ਵਿੱਚ ਡਾ: ਗੋਸਲ ਨਾਲ ਪ੍ਰਧਾਨਗੀ ਕੀਤੀ ਅਤੇ ਮੂੰਗੀ ਤੇ ਮਾਂਹ ਵਰਗੀਆਂ ਮਹੱਤਵਪੂਰਨ ਦਾਲਾਂ ਦੀ ਖੋਜ ਤੇ ਚਾਨਣਾ ਪਾਇਆ। ਉਨ੍ਹਾਂ ਆਖਿਆ ਕਿ ਪਿਛਲੇ ਦੋ ਸਾਲਾਂ ਵਿੱਚ ਇਹ ਦੋਵੇਂ ਫ਼ਸਲਾਂ ਲੋਕਾਂ ਨੇ ਵਧ ਬੀਜੀਆਂ ਹਨ। ਉਨ੍ਹਾਂ ਆਖਿਆ ਕਿ ਰਾਜਸਥਾਨ, ਮਹਾਂਰਾਸ਼ਟਰ ਅਤੇ ਪੰਜਾਬ ਵਿੱਚ ਸੱਠੀ ਮੂੰਗੀ ਦੀ ਕਾਸ਼ਤ ਅਧੀਨ ਰਕਬਾ ਵਧਿਆ ਹੈ। ਉਨ੍ਹਾਂ ਆਖਿਆ ਕਿ ਹੁਣ ਕਿਸਾਨਾਂ ਦੀ ਆਮਦਨ ਵਧਾਉਣ ਵਾਲੀ ਖੋਜ ਵੱਲ ਪਰਤਿਆ ਜਾਵੇ। ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ: ਮਨਜੀਤ ਸਿੰਘ ਗਿੱਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਤਿੰਨ ਰੋਜ਼ਾ ਇਹ ਗੋਸ਼ਟੀ ਭਵਿੱਖ ਨੂੰ ਚੰਗੇ ਨਤੀਜੇ ਦੇਵੇਗੀ। ਇਸ ਮੌਕੇ ਡਾ: ਜੀ ਪੀ ਦੀਕਸ਼ਤ ਕਾਨਪੁਰ, ਡਾ: ਓ ਐਨ ਸਿੰਘ, ਡਾ: ਬੰਸੀ ਧਰ, ਡਾ: ਅਸ਼ਵਨੀ ਕੁਮਾਰ, ਡਾ: ਐਸ ਕੇ ਸਿੰਘ ਨੇ ਤਿੰਨ ਰੋਜ਼ਾ ਗੋਸ਼ਟੀ ਦੇ ਤੱਤ ਨਿਚੋੜ ਪੇਸ਼ ਕੀਤੇ। ਡਾ: ਜਗਮੀਤ ਕੌਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਏ ਵਿਗਿਆਨੀਆਂ ਦਾ ਧੰਨਵਾਦ ਕੀਤਾ।
ਦਾਲਾਂ ਸੰਬੰਧੀ ਖੋਜ ਨੂੰ ਹੁਲਾਰਾ ਦੇਣ ਲਈ ਸਮਾਂਬੱਧ ਕਾਰਜ ਯੋਜਨਾ ਜ਼ਰੂਰੀ-ਡਾ: ਗੋਸਲ
This entry was posted in ਖੇਤੀਬਾੜੀ.