ਘੜੀ ਦੀਆਂ ਸੂਈਆਂ ਕਿਸੇ ਲਈ ਕਦੇ ਨਹੀਂ ਠਹਿਰਦੀਆਂ। ਸਮਾਂ ਆਪਣੀ ਰਫ਼ਤਾਰ ਨਾਲ ਹਮੇਸ਼ਾ ਚੱਲਦਾ ਰਹਿੰਦਾ ਹੈ। ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਸਮੇਂ ਦੇ ਨਾਲ ਚੱਲਣ ਤੋਂ ਹੋਈ ਬੇਪ੍ਰਵਾਹੀ ਕਿਸੇ ਮਨੁੱਖ ਦੇ ਜੀਵਨ ਦੀ ਦਿਸ਼ਾ ਨੂੰ ਪਲਟ ਕੇ ਰੱਖ ਦਿੰਦੀ ਹੈ ਅਤੇ ਫਿਰ ਉਸ ਸਮੇਂ ਮਨੁੱਖ ਕੋਲ ਸਿਵਾਏ ਪਛਤਾਵੇ ਦੇ ਹੋਰ ਕੋਈ ਚਾਰਾ ਨਹੀਂ ਰਹਿੰਦਾ।
ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ਼ ਹੈ ਜਿ ਜਿਹੜਾ ਵਿਅਕਤੀ ਸਮੇਂ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦਾ ਹੈ ਉਹ ਜੀਵਨ ਦੇ ਇਮਤਿਹਾਨ ਵਿਚੋਂ ਪਾਸ ਹੋ ਜਾਂਦਾ ਹੈ ਅਤੇ ਜਿਹੜਾ ਵਿਅਕਤੀ ਆਪਣੇ ਆਪ ਨੂੰ ਸਮੇਂ ਮੁਤਾਬਕ ਨਹੀਂ ਢਾਲ ਪਾਉਂਦਾ ਉਹ ਜੀਵਨ ਵਿਚ ਕਦੇ ਕਾਮਯਾਬ ਨਹੀਂ ਹੋ ਪਾਉਂਦਾ।
‘ਵਖਤੁ ਵਿਚਾਰੇ ਸੁ ਬੰਦਾ ਹੋਇ।।’ (ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ-84)
ਮਨੁੱਖ ਨੂੰ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ;
‘ਰੈਣ ਗਵਾਈ ਸੋਇ ਕੈ ਦਿਨਸੁ ਗਵਾਇਆ ਖਾਇ
ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਇ।।’ (ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ)
ਸੋ ਇਸ ਹੀਰੇ ਵਰਗੇ ਮਨੁੱਖਾ ਜਨਮ ਦਾ ਲਾਹਾ ਤਾਂ ਹੀ ਲਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਜੀਵਨ ਦੇ ਸਮੇਂ ਦਾ ਸਹੀ ਪ੍ਰਯੋਗ ਕਰ ਰਹੇ ਹਾਂ।
ਦੂਜੇ ਪਾਸੇ ਸਮਾਜ ਵਿਚ ਵਿਚਰਦਿਆਂ ਸਿਆਣੇ ਲੋਕ ਕਹਿੰਦੇ ਹਨ ਕਿ, ‘ਸਮੇਂ ਦੀ ਕਦਰ ਉਸ ਵਿਅਕਤੀ ਕੋਲੋਂ ਪੁੱਛੋ ਜਿਸ ਵਿਅਕਤੀ ਦੀ ਜ਼ਰੂਰਤ ਵੇਲੇ ਬੱਸ ਨਿਕਲ ਚੁਕੀ ਹੁੰਦੀ ਹੈ ਅਤੇ ਸਮੇਂ ਸਿਰ ਨਾ ਪਹੁੰਚਣ ਕਾਰਨ ਉਹ ਜਮਾਤ ਵਿਚੋਂ ਫ਼ੇਲ ਹੋ ਗਿਆ ਹੁੰਦਾ ਹੈ।’
ਸਮੇਂ ਸਿਰ ਸਹੀ ਇਲਾਜ ਨਾ ਮਿਲਣ ਕਾਰਨ ਜਿਨ੍ਹਾਂ ਦੇ ਆਪਣੇ ਮੌਤ ਦੇ ਆਗੋਸ਼ ਵਿਚ ਚਲੇ ਗਏ ਸਮੇਂ ਦੀ ਕਦਰ ਉਨ੍ਹਾਂ ਤੋਂ ਪੁੱਛੋ। ਉਹ ਲੋਕ ਜਿਹੜੇ ਸਮਾਂ ਖੁੰਝਾਉਣ ਕਾਰਨ ਵੱਡੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਂਦੇ ਹਨ, ਸਮੇਂ ਦੀ ਕਦਰ ਉਨ੍ਹਾਂ ਤੋਂ ਪੁੱਛੋ।
ਮਨੁੱਖ ਦੇ ਜੀਵਨ ਵਿਚ ਹਰ ਪ੍ਰਕਾਰ ਦਾ ਸਮਾਂ ਆਉਂਦਾ ਹੈ ਸੁੱਖ ਦਾ ਵੀ ਅਤੇ ਦੁੱਖ ਦਾ ਵੀ ਪਰ ਸਾਰੀਆਂ ਗੱਲਾਂ ਮਨੁੱਖ ਦੇ ਵੱਸ ਵਿਚ ਨਹੀਂ ਹੁੰਦੀਆਂ। ਦੂਜੇ ਪਾਸੇ ਅਸੀਂ ਆਪਣੇ ਵੱਲੋਂ ਬਿਹਤਰ ਯਤਨ ਤਾਂ ਕਰ ਸਕਦੇ ਹਾਂ। ਜੇਕਰ ਇਹ ਯਤਨ ਸਹੀ ਸਮੇਂ ਤੇ ਹੋਵੇ ਤਾਂ ਕਾਮਯਾਬੀ ਪ੍ਰਾਪਤੀ ਦੀ ਆਸ ਵੱਧ ਹੁੰਦੀ ਹੈ ਅਤੇ ਜੇਕਰ ਸਮਾਂ ਨਿਕਲ ਜਾਵੇ ਤਾਂ ਅਸਫ਼ਲਤਾ ਤੋਂ ਛੁੱਟ ਕੁੱਝ ਪੱਲੇ ਨਹੀਂ ਪੈਂਦਾ।
ਸਿਆਣਿਆਂ ਨੇ ਕਿਹਾ ਹੈ ਕਿ, ‘ਜਿਸ ਵਿਅਕਤੀ ਨੇ ਸਮੇਂ ਦੀ ਕਦਰ ਨਹੀਂ ਕੀਤੀ, ਸਮਾਂ ਕਦੇ ਉਸ ਦੀ ਕਦਰ ਨਹੀਂ ਕਰਦਾ’ ਭਾਵ ਜਿਸ ਵਿਅਕਤੀ ਨੇ ਸਮੇਂ ਸਿਰ ਉਚਿਤ ਯਤਨ ਨਹੀਂ ਕੀਤੇ ਉਹ ਹਮੇਸ਼ਾ ਅਸਫ਼ਲ ਹੀ ਰਹਿੰਦਾ ਹੈ।
ਵਿਦਿਆਰਥੀ ਜੀਵਨ ਵਿਚ ਪੜਾਈ ਦੀ ਕਦਰ ਅਤੇ ਚੰਗਾ ਟਾਈਮ ਟੇਬਲ ਜ਼ਰੂਰੀ ਹਨ। ਜਿਸ ਵਿਦਿਆਰਥੀ ਨੇ ਆਪਣੇ ਪੜ੍ਹਣ ਦਾ ਸਮਾਂ ਅਜਾਈਂ ਗੁਆ ਲਿਆ ਉਹ ਚੰਗੀ ਪਦਵੀ ਤੇ ਨਹੀਂ ਪਹੁੰਚ ਪਾਉਂਦਾ। ਦੂਜੇ ਪਾਸੇ ਜਿਹੜੇ ਵਿਦਿਆਰਥੀ ਆਪਣੇ ਸਮੇਂ ਦਾ ਚੰਗਾ ਪ੍ਰਯੋਗ ਕਰਦੇ ਹਨ। ਆਪਣੀ ਪ੍ਰੀਖਿਆ ਦੀ ਤਿਆਰੀ ਟਾਈਮ ਟੇਬਲ ਦੇ ਅਨੁਸਾਰ ਕਰਦੇ ਹਨ ਉਹ ਚੰਗੇ ਨੰਬਰਾਂ ਨਾਲ ਇਮਤਿਹਾਨ ਪਾਸ ਕਰ ਜਾਂਦੇ ਹਨ ਅਤੇ ਕਾਮਯਾਬੀ ਉਨ੍ਹਾਂ ਦੇ ਕਦਮ ਚੁੰਮਦੀ ਹੈ। ਇਸ ਲਈ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।
ਭਾਰਤੀ ਲੋਕ ਜੀਵਨ ਵਿਚ ਇਕ ਗੱਲ ਬੜੀ ਪ੍ਰਸਿੱਧ ਹੈ ਕਿ ਜਦੋਂ ਕਿਸੇ ਵਿਅਕਤੀ ਕੋਲੋਂ ਪੁੱਛਿਆ ਜਾਂਦਾ ਹੈ, ‘ਬਾਈ ਜੀ ਕੀ ਕਰ ਰਹੇ ਹੋ ਅੱਜਕਲ੍ਹ?’ ਤਾਂ ਉਹ ਜਵਾਬ ਦਿੰਦਾ ਹੈ, ‘ਕੁੱਝ ਨਹੀਂ ਬੱਸ ਟਾਈਮ ਪਾਸ ਕਰ ਰਿਹਾ ਹਾਂ।’ ਅਜਿਹੀ ਮਾਨਸਿਕਤਾ ਵਾਲੇ ਵਿਅਕਤੀ ਟਾਈਮ ਨੂੰ ਪਾਸ ਕਰਦੇ ਹਨ ਪਰ ਜ਼ਿੰਦਗੀ ਦੇ ਇਮਤਿਹਾਨ ਵਿਚ ਟਾਈਮ ਉਹਨਾਂ ਨੂੰ ਫ਼ੇਲ ਕਰ ਦਿੰਦਾ ਹੈ।
ਸਾਡੇ ਸਮਾਜ ਵਿਚ ਅੱਜ ਦਾ ਕੰਮ ਕੱਲ ਤੇ ਟਾਲਣ ਵਾਲਿਆਂ ਦੀ ਕਮੀ ਨਹੀਂ ਹੈ ਬਲਕਿ ਇਹ ਸਾਡੀ ਮਾਨਸਿਕਤਾ ਵਿਚ ਸ਼ਾਮਿਲ ਹੋ ਗਿਆ ਹੈ। ਵਿਦਿਆਰਥੀਆਂ ਨੇ ਪੇਪਰਾਂ ਦੀ ਤਿਆਰੀ ਕਰਨੀ ਹੋਵੇ ਤਾਂ ਕਹਿੰਦੇ ਨੇ, ‘ਅਜੇ ਬੜਾ ਟਾਈਮ ਪਿਆ ਏ ਪੇਪਰਾਂ’ਚ, ਕੱਲ ਪੜ ਲਵਾਂਗੇ।’ ਇਸ ਤਰ੍ਹਾਂ ਕੱਲ-ਕੱਲ ਕਰਦਿਆਂ ਪੇਪਰ ਸਿਰ ਤੇ ਆ ਜਾਂਦੇ ਹਨ ਤੇ ਪੜਾਈ ਪੂਰੀ ਨਹੀਂ ਹੋ ਪਾਉਂਦੀ। ਨਤੀਜਾ……ਅਜਿਹੇ ਵਿਦਿਆਰਥੀ ਫ਼ੇਲ ਹੋ ਜਾਂਦੇ ਹਨ।
ਜੇਕਰ ਬੱਸ ਜਾਂ ਰੇਲਗੱਡੀ ਤੇ ਸਫ਼ਰ ਕਰਨਾ ਹੋਵੇ ਤਾਂ ਯਾਤਰਾ ਉਹੀ ਵਿਅਕਤੀ ਕਰ ਸਕਦਾ ਹਾਂ ਜੋ ਸਮੇਂ ਸਿਰ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਤੇ ਪਹੁੰਚਿਆ ਹੋਵੇ। ਜਿਹੜਾ ਸਮੇਂ ਸਿਰ ਸਟੇਸ਼ਨ/ਬੱਸ ਸਟੈਂਡ ਤੇ ਹੀ ਨਹੀਂ ਪੁਹੰਚਿਆ ਉਸ ਨੇ ਯਾਤਰਾ ਕਿਸ ਤਰ੍ਹਾਂ ਕਰਨੀ ਹੈ? ਅਜਿਹੇ ਵਿਅਕਤੀ ਆਪਣੀ ਮੰਜ਼ਿਲ ਤੇ ਕਦੇ ਨਹੀਂ ਪਹੁੰਚ ਪਾਉਂਦੇ।
ਜਿਸ ਪ੍ਰਕਾਰ ਅਣਗਹਿਲੀ ਨਾਲ ਕੀਤੇ ਕੰਮ ਦਾ ਨਤੀਜਾ ਕਦੇ ਸੁਖਾਵਾਂ ਨਹੀਂ ਹੁੰਦਾ ਉਸੇ ਪ੍ਰਕਾਰ ਅਜਾਈਂ ਗੁਆਏ ਸਮੇਂ ਦਾ ਨਤੀਜਾ ਵੀ ਕਦੇ ਚੰਗਾ ਨਹੀਂ ਹੁੰਦਾ। ਇਕ ਵਾਰ ਹੱਥ ਵਿਚੋਂ ਨਿਕਲਿਆ ਸਮੇਂ ਫ਼ਿਰ ਮੁੜ ਕਦੇ ਵਾਪਿਸ ਨਹੀਂ ਆਉਂਦਾ।
ਹਿੰਦੀ ਵਿਚ ਇਕ ਬੜਾ ਅਸਰਦਾਰ ਮੁਹਾਵਰਾ ਹੈ, ‘ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ’ ਭਾਵ ਹੁਣ ਹੱਥ ਮੱਲਣ੍ਹ ਨਾਲ ਕੀ ਲਾਭ ਹੁਣ ਤਾਂ ਸਮਾਂ ਹੱਥੋਂ ਨਿਕਲ ਚੁਕਾ ਹੈ। ਉਸ ਵੇਲੇ ਯਤਨ ਕਿਉਂ ਨਹੀਂ ਕੀਤੇ ਜਿਸ ਵੇਲੇ ਸਹੀ ਸਮਾਂ ਸੀ।
ਕਿਸੇ ਆਮ ਜਿਹੀ ਬੀਮਾਰੀ ਦਾ ਜੇਕਰ ਸਹੀ ਸਮੇਂ ਤੇ ਇਲਾਜ ਨਾ ਕਰਵਾਇਆ ਜਾਏ ਤਾਂ ਉਹ ਆਮ ਜਿਹੀ ਬੀਮਾਰੀ ਕਿਸੇ ਭਿਆਨਕ ਰੋਗ ਦਾ ਰੂਪ ਅਖ਼ਤਿਆਰ ਕਰ ਲੈਂਦੀ ਹੈ ਅਤੇ ਕਈ ਵਾਰ ਮਨੁੱਖ ਲਈ ਜਾਨਲੇਵਾ ਵੀ ਸਾਬਤ ਹੁੰਦੀ ਹੈ।
ਜਵਾਨ ਹੋਏ ਮੁੰਡੇ-ਕੁੜੀਆਂ ਦਾ ਜੇਕਰ ਵਿਆਹ ਸਮੇਂ ਸਿਰ ਨਾ ਹੋਵੇ ਤਾਂ ਕਈ ਪ੍ਰਕਾਰ ਦੇ ਮਾਨਸਿਕ ਅਤੇ ਸ਼ਰੀਰਿਕ ਰੋਗ ਪੈਦਾ ਹੋ ਜਾਂਦੇ ਹਨ। ਬੱਚੇ ਨੂੰ ਸਮੇਂ ਸਿਰ ਸਕੂਲ ਵਿਚ ਪੜ੍ਹਣ ਲਈ ਨਾ ਭੇਜਿਆ ਜਾਏ ਤਾਂ ਉਹ ਤਮਾਮ ਉੱਮਰ ਪੜਾਈ ਵਿਚ ਕਮਜ਼ੋਰ ਰਹਿੰਦਾ ਹੈ। ਕਿਸ਼ੋਰ ਉੱਮਰ ਦੇ ਬੱਚਿਆਂ ਦੀ ਸਹੀ ਸਮੇਂ ਦੇ ਸੁਯੋਗ ਅਗੁਵਾਈ ਨਾ ਕੀਤੀ ਜਾਏ ਤਾਂ ਉਹ ਰਸਤਾ ਭਟਕ ਕੇ ਕੁਰਾਹੇ ਪੈ ਸਕਦੇ ਹਨ। ਸਮੇਂ ਸਿਰ ਪੜਾਈ ਨਾ ਕਰਨ ਤੇ ਫ਼ੇਲ ਹੋ ਸਕਦੇ ਹਨ। ਸਮੇਂ ਸਿਰ ਬੱਸ ਸਟੈਂਡ ਤੇ ਨਾ ਪਹੁੰਚਣ ਕਾਰਨ ਤੁਸੀਂ ਬੱਸ ਵਿਚ ਸਫ਼ਰ ਨਹੀਂ ਕਰ ਸਕਦੇ। ਕਿਸੇ ਤੋਂ ਉਧਾਰ ਲਏ ਹੋਏ ਪੈਸੇ ਸਮੇਂ ਸਿਰ ਵਾਪਿਸ ਨਾ ਕਰਨ ਨਾਲ ਤੁਸੀਂ ਆਪਣਾ ਵਿਵਹਾਰ ਗੁਆ ਸਕਦੇ ਹੋ।
ਇਸ ਲਈ ਸਮਾਂ ਬੜਾ ਮੁੱਲਵਾਨ ਹੈ। ਇਸ ਦਾ ਸਹੀ ਪ੍ਰਯੋਗ ਕਰਨਾ ਮਨੁੱਖ ਲਈ ਲਾਭਦਾਇਕ ਹੈ। ਸਮੇਂ ਨੂੰ ਕਦੇ ਵੀ ਵਿਅਰਥ ਨਹੀਂ ਗੁਆਉਣਾ ਚਾਹੀਦਾ ਅਤੇ ਟਾਈਮ ਪਾਸ ਕਰਨ ਵਾਲੀ ਬਿਰਤੀ ਤੋਂ ਵਾਸਾ ਵੱਟਣਾ ਹੀ ਮਨੁੱਖ ਲਈ ਬਿਹਤਰ ਹੈ।