ਵਾਹ ਮੁਲਕ ਦੀ ਤਰੱਕੀ!
ਚਾਰੇ ਪਾਸੇ ਤੇਰੇ ਚਰਚੇ।
ਉੱਚੇ ਹੋਰ ਉਤਾਂਹ ਨੂੰ ਉੱਠਣ,
ਦੱਬੇ ਹੋਰ ਜਾਂਦੇ ਕੁਚਲੇ।
ਸ਼ੇਅਰਾਂ ਦੀ ਖ਼ੂਬ ਬਜ਼ਾਰੀ,
ਅੰਬਰੀਂ ਪੁਲਾਂਘਾਂ ਪੁੱਟੇ।
ਸੋਨ ਚਾਂਦੀ ਮਨਾਈ ਦਿਵਾਲੀ,
ਪਿੱਛਲੇ ਰਿਕਾਰਡ ਟੁੱਟੇ।
ਭਾਅ ਜ਼ਮੀਨਾਂ ਦੇ ਵਧੇ ਨੇ,
ਭੂ-ਮਾਲਕਾਂ ਭਰੀਆਂ ਜੇਬਾਂ।
ਰੱਜ ਨੋਟ ਕੁੱਟਣ ਕਾਰੋਬਾਰੀ,
ਘਰੀਂ ਛਣਕਣ ਹੁਣ ਪੰਜੇਬਾਂ।
ਮੁਦਰਾ ਸਫ਼ੀਤੀ ਵੀ ਘਟੀ ਏ,
ਦੌੜੇ ਹੁਣ ਘਰੇਲੂ ਉਤਪਾਦਨ।
ਹੋਈ ਰੁਪਏ ਦੀ ਸਿਹਤਯਾਬੀ,
ਵਧਿਐ ਮੁਦਰਾ ਦਾ ਭੰਡਾਰਨ।
ਵਿਸ਼ੇਸ਼ ਆਰਥਿਕ ਖ਼ਿੱਤੇ ਬਣੇ ਨੇ,
ਸਿੱਧਾ ਵਿਦੇਸ਼ੀ ਨਿਵੇਸ਼ ਆਵੇ।
ਮਲਟੀਪਲੈਕਸਾਂ ਦੀ ਚੁੰਧਿਆਹਟ,
ਵਿਕਾਸ ਦੇ ਸੋਹਿਲੇ ਗਾਵੇ।
ਬਸ ਇਹੋ ਹੈ ਸਭ ਤਰੱਕੀ,
ਕੀ ਸਿਰਫ਼ ਇਹੀ ਹੈ ਪੈਮਾਨਾ?
ਨੰਗੀ ਜਨਤਾ ਭੁੱਖੋਂ ਮਰਦੀ,
ਘਰ ਦਿਸਦਾ ਨਹੀਂ ਦਾਣਾ।
ਗਰੀਬਾਂ ਲਈ ਦਾਲ-ਰੋਟੀ,
ਇੱਕ ਹੁਸੀਨ ਯਾਦ ਹੋਈ।
ਫ਼ੋਨ ਕਾਲਾਂ ਦੇ ਮੁੱਲ ਡਿੱਗਦੇ,
ਅਸ਼ਕੇ ਮਾਲਕ! ਤੇਰੀ ਦਿਲਜੋਈ।
ਵਧਦੀ ਜਾਂਦੀ ਏ ਬੇਰੁਜ਼ਗਾਰੀ,
ਨੌਜਵਾਨ ਭੁੱਖੇ ਨੇ ਮਰਦੇ।
ਘਰਾਂ ਦੇ ਘਰ ਉੱਜੜੇ ਪਏ ਨੇ,
ਨਸ਼ਿਆਂ ਦੇ ਦਰਿਆ ਡੁੱਲ੍ਹਦੇ।
ਜੱਗ ਦੀ ਪਾਲਕ ਕਿਰਸਾਣੀ,
ਕਾਲ ਨੇ ਸਿੱਧੀ ਆ ਕੇ ਘੇਰੀ।
ਜਿਣਸਾਂ ਦੇ ਮੁੱਲ ਨਾ ਪੈਂਦੇ,
ਕਰਜ਼ੇ ਵਧਦੇ ਜਾਣ ਚੁਫੇਰੀਂ।
ਸਿਰ ਦੀ ਵੀ ਜਿਹੜੀ ਛੱਤ ਸੀ,
ਨਿੱਤ ਭੰਨੀ-ਤੋੜੀ ਜਾਂਦੀ।
ਦੋ ਡੰਗ ਦੀ ਵੀ ਲੁੱਟੀ ਰੋਜ਼ੀ,
ਖਲਕਤ ਸਾਰੀ ਪਈ ਕੁਰਲਾਂਦੀ।
ਹਰ ਘਰ ਦੇ ਵਿੱਚ ਬਿਜਲੀ,
ਅਜੇ ਵੀ ਹੈ ਇੱਕ ਸੁਫ਼ਨਾ।
ਕੋਹਾਂ ‘ਤੇ ਮਿਲਦਾ ਪਾਣੀ,
ਕਾਗ਼ਜ਼ਾਂ ‘ਚ ਬਣਦੀਆਂ ਸੜਕਾਂ।
ਨਿੱਤ ਨਿੱਤ ਦੇ ਖਿਆਲੀ ਪੈਕਜ,
ਮੂੰਹੋਂ ਮੰਗਿਆ ਬਾਬਾ ਬੋਲੇ।
ਖੀਸੇ ‘ਚ ਨਹੀਂ ਹੈਨ ਦੰਮਾਂ,
ਕਾਰੂੰ ਦੇ ਖ਼ਜ਼ਾਨੇ ਖੋਲ੍ਹੇ।
ਵੱਡਾ ਖੋਜੀ ਵਜ਼ੀਰ ਬੈਠਾ,
ਚੜ੍ਹੇ ਦਿਨ ਨਵੇਂ ਕਰ ਲਗਾਵੇ।
ਵੰਡਦਾ ਫਿਰੇ ਕਿਧਰੇ ਸ਼ੀਰਨੀਆਂ,
ਕਿਤੇ ਧੇਲਾ ਵੀ ਖੋਹਣ ਆਵੇ।
ਕਾਹਦੀ ਹੈ ‘ਕੰਵਲ’ ਤਰੱਕੀ,
ਖੋਖਲੇ ਨੇ ਸੱਭ ਇਹ ਚਰਚੇ।
ਅੰਦਰੋਂ ਢਹਿੰਦਾ ਖੁਰਦਾ ਖੰਡਰ,
ਰੰਗ-ਰੋਗ਼ਨ ‘ਤੇ ਮਨ ਪਰਚੇ।