ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਰਦਾਰਨੀ ਸੁਰਿੰਦਰ ਕੌਰ ਬਾਦਲ ਜੋ ਪੀ ਜੀ ਆਈ ਵਿਖੇ ਮਿਲੀ ਜਾਣਕਾਰੀ ਅਨੁਸਾਰ ਵੈਟੀਲੇਟਰ ‘ਤੇ ਹਨ, ਦੀ ਅੱਛੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਉਹ ਜਲਦੀ ਤੋ ਜਲਦੀ ਸਿਹਤ ਪੱਖੋ ਨੋ ਬਰ ਨੋ ਹੋ ਕੇ, ਸੰਗਰੂਰ ਵਿਖੇ ਭਵਾਨੀਗੜ੍ਹ-ਸੰਗਰੂਰ ਰੋਡ ਉੱਤੇ ਜੋ ਅੰਗਰੇਜ਼ਾਂ ਨੇ ਵੱਡਾ ਟੀ ਵੀ ਹਸਪਤਾਲ ਸਥਾਪਿਤ ਕੀਤਾ ਸੀ, ਜਿਸਦੀ ਬਹੁਤ ਖੁੱਲ੍ਹੀ ਜਗ੍ਹਾ ਉਸੇ ਤਰ੍ਹਾ ਪਈ ਹੈ, ਉੱਥੇ ਕੈਸਰ ਪੀੜ੍ਹਤਾਂ ਦੇ ਇਲਾਜ ਲਈ ਕੈਸਰ ਇੰਸਟੀਚਿਊਟ ਕਾਇਮ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ। ਤਾਂ ਜੋ ਮਾਲਵੇ ਅਤੇ ਮਾਝੇ ਦੇ ਲੋਕਾਂ ਨੂੰ ਇਸ ਇੰਸਟੀਚਿਊਟ ਵਿੱਚ ਸਸਤਾ ਅਤੇ ਫੌਰੀ ਇਲਾਜ ਪ੍ਰਾਪਤ ਹੋ ਸਕੇ।
ਸ: ਮਾਨ ਨੇ ਕਿਹਾ ਕਿ ਉਸ ਅਕਾਲ ਪੁਰਖ ਦਾ ਇੱਕ ਅਟੱਲ ਨਿਯਮ ਹੈ ਕਿ ਜੋ ਵੀ ਪ੍ਰਾਣੀ ਇਸ ਦੁਨੀਆ ਵਿੱਚ ਆਇਆ ਹੈ, ਉਸਨੇ ਆਪਣੇ ਮਿਲੇ ਸਵਾਸਾਂ ਨੂੰ ਸੰਪੂਰਨ ਕਰਕੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ। ਕਿਉ ਨਾ ਇਨ੍ਹਾ ਸਵਾਸਾਂ ਨੂੰ ਮਨੁੱਖਤਾ, ਸਮਾਜ, ਕੌਮ ਦੀ ਬਹਿਤਰੀ ਅਤੇ ਸੇਵਾ ਕਰਨ ਵਿੱਚ ਲਾਇਆ ਜਾਵੇ ਤਾਂ ਜੋ ਸਾਨੂੰ ਇਸ ਦੁਨੀਆ ਤੋ ਜਾਂਦੇ ਸਮੇ ਕਿਸੇ ਗੱਲ ਦਾ ਹਰਖ ਜਾਂ ਕਮੀ ਨਾ ਰਹੇ ਕਿ ਅਸੀਂ ਕੁਝ ਨਹੀਂ ਕਰ ਸਕੇ। ਸ: ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸਰਦਾਰਨੀ ਬਾਦਲ ਦੀ ਅੱਛੀ ਸਿਹਤਯਾਬੀ ਲਈ ਅਰਦਾਸ ਕਰਨ ਤਾਂ ਜੋ ਸਰਦਾਰਨੀ ਬਾਦਲ ਜੋ ਬੀਤੇ ਸਮੇ ਵਿੱਚ ਅਮਰੀਕਾ ਵਿਖੇ ਵੀ ਆਪਣੇ ਇਲਾਜ ਲਈ ਔਖੇ ਇਮਤਿਹਾਨ ਵਿੱਚੋ ਠੀਕ ਹੋ ਕੇ ਆਏ ਹਨ, ਉਹ ਫਿਰ ਤੋ ਪੰਜਾਬੀਆਂ ਅਤੇ ਸਿੱਖਾਂ ਵਿੱਚ ਵਿਚਰਦੇ ਹੋਏ ਆਪਣੇ ਵੱਲੋ ਰਹਿ ਗਏ ਅਧੂਰੇ ਉੱਦਮਾਂ ਨੂੰ ਪੂਰਨ ਕਰ ਸਕਣ। ਉਹ ਆਪ ਜਿਸ ਪੀੜ੍ਹਾਂ ਵਿੱਚੋ ਗੁਜ਼ਰ ਰਹੇ ਹਨ, ਹਜ਼ਾਰਾਂ ਹੀ ਉਸ ਬਿਮਾਰੀ ਨਾਲ ਪੀੜ੍ਹਤ ਲੋਕਾਂ ਦੇ ਇਲਾਜ ਲਈ ਪੰਜਾਬ ਵਿੱਚ ਉਚੇਚੇ ਤੌਰ ‘ਤੇ ਕੋਈ ਉੱਦਮ ਕਰ ਸਕਣ ਤਾਂ ਇਹ ਉਨ੍ਹਾ ਦੀ ਆਪਣੀ ਆਤਮਾ ਨੂੰ ਸਕੂਨ ਦੇਣ ਲਈ ਅਤੇ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਲਈ ਸਹੀ ਕਦਮ ਹੋਵੇਗਾ। ਉਨ੍ਹਾ ਗੁਰਬਾਣੀ ਦੇ ਉਸ ਸ਼ਬਦ “ਬਿਰਥੀ ਕਦੀ ਨਾ ਹੋਵਈ ਜਨ ਕੀ ਅਰਦਾਸ” ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋ ਅਸੀਂ ਸਮੂਹਿਕ ਤੋਰ ‘ਤੇ ਕੋਈ ਅੱਛੀ ਭਾਵਨਾ ਲੈ ਕੇ ਅਰਦਾਸ ਕਰਦੇ ਹਾਂ ਤਾਂ ਉਹ ਅਰਦਾਸ ਪੂਰਨ ਹੁੰਦੀ ਹੈ। ਉਨ੍ਹਾ ਉਮੀਦ ਪ੍ਰਗਟ ਕੀਤੀ ਕਿ ਬੀਬੀ ਜੀ ਜਲਦੀ ਹੀ ਠੀਕ ਹੋ ਕੇ ਇਸ ਦਿਸ਼ਾ ਵੱਲ ਵਿਸੇਸ਼ ਤੌਰ ‘ਤੇ ਧਿਆਨ ਦੇਣਗੇ ਅਤੇ ਅਮਲ ਕਰਨਗੇ।