ਪੈਰਿਸ,(ਸੁਖਵੀਰ ਸਿੰਘ ਸੰਧੂ)-ਇਥੋਂ ਦੀ ਸੰਘਣੀ ਅਬਾਦੀ ਵਾਲੇ ਓਪੇਰਾ ਨਾਂ ਦੇ ਅਮੀਰ ਇਲਾਕੇ ਵਿੱਚ ਤਿੰਨ ਚੋਰਾਂ ਨੇ ਇੱਕ ਰੈਸਟੋਰੈਂਟ ਅੰਦਰ ਘੁਸ ਕੇ ਮਾਇਆ ਵਾਲੀ ਤਜੌਰੀ ਨੂੰ ਚਰਾਉਣ ਦਾ ਯਤਨ ਕੀਤਾ।ਤਜੌਰੀ ਇਤਨੀ ਭਾਰੀ ਸੀ, ਕਿ ਉਹਨਾਂ ਵਿੱਚੋਂ ਇੱਕ ਜਾਣੇ ਦੀ ਤਜੌਰੀ ਦੇ ਭਾਰ ਥੱਲੇ ਦੱਬ ਕੇ ਹੀ ਮੌਤ ਹੋ ਗਈ।ਹੋਇਆ ਇਸ ਤਰ੍ਹਾਂ ਕਿ ਇਹ ਤਿੰਨ ਜਾਣੇ ਵੱਡੀ ਰਾਤ ਗਈ ਇੱਕ ਰੈਸਟੋਰੈਂਟ ਦੀ ਪਹਿਲੀ ਮੰਜ਼ਲ ਤੇ ਪਈ ਤਜੌਰੀ ਨੂੰ ਚਰਾਉਣ ਦੇ ਇਰਾਦੇ ਨਾਲ ਗਏ।ਜਦੋਂ ਉਹ ਪਾਉੜੀਆਂ ਰਾਹੀ ਉਸ ਨੂੰ ਹੇਠਾਂ ਉਤਾਰ ਰਹੇ ਸਨ,ਤਾਂ ਇਹ 400 ਕਿਲੋ. ਦੇ ਭਾਰ ਦੀ ਤਜੌਰੀ ਉਹਨਾਂ ਕੋਲੋ ਸੰਭਲ ਨਾ ਹੋਈ, ਤੇ ਉਹ ਖਿਸਕ ਕੇ ਇੱਕ ਉਪਰ ਜਾ ਡਿੱਗੀ।ਜਿਸ ਕਾਰਨ ਉਹ ਗੰਭੀਰ ਫੱਟੜ ਤੇ ਬੇਹੋਸ਼ ਹੋ ਗਿਆ।ਇਥੇ ਹੀ ਬੱਸ ਨਹੀ ਚੋਰ ਆਪਣੇ ਸਾਥੀ ਨੂੰ ਬਚਾਉਣ ਲਈ ਤਜੌਰੀ ਨੂੰ ਉਥੇ ਹੀ ਛੱਡ ਕੇ ਨੇੜਲੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲੈ ਗਏ।ਜਿਥੇ ਜਾਕੇ ਉਸ ਦੀ ਮੌਤ ਹੋ ਗਈ।ਜਾਂਚ ਦੌਰਾਨ ਉਹ ਡਾਕਟਰਾਂ ਦੀ ਟੀਮ ਨੂੰ ਉਸ ਦੇ ਗੰਭੀਰ ਫੱਟੜ ਹੋਣ ਦੇ ਕਾਰਨ ਦਾ ਕੋਈ ਤਸੱਲੀ ਬਖਸ਼ ਜਬਾਬ ਨਾ ਦੇ ਸਕੇ।ਇੱਕ ਜਾਣਾ ਕਹਿ ਰਿਹਾ ਸੀ ਕਾਰ ਐਕਸੀਡੈਂਟ ਹੋ ਗਿਆ ਹੈ,ਤੇ ਦੁਸਰਾ ਕਹਿ ਰਿਹਾ ਸੀ ਇਹ ਹਾਦਸਾ ਕੌਫੀ ਸ਼ਾਪ ਵਿੱਚ ਵਾਪਰਿਆ ਹੈ।ਡਾਕਟਰਾਂ ਨੇ ਦਾਲ ਵਿੱਚ ਕੁਝ ਕਾਲਾ ਭਾਂਪਦਿਆ ਪੁਲੀਸ ਬੁਲਾ ਲਈ।ਪਰ ਉਹ ਦੋਵੇਂ ਪੁਲਸ ਆਉਣ ਤੋਂ ਪਹਿਲਾਂ ਹੀ ਰਫੂਚੱਕਰ ਹੋ ਗਏ।ਜਿਹਨਾਂ ਦੀ ਪੁਲੀਸ ਸਰਗਰਮੀ ਨਾਲ ਭਾਲ ਕਰ ਰਹੀ ਹੈ।