ਮਲੇਰਕੋਟਲਾ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀ ਚੱੜਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਜਥੇਦਾਰ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਮੁੱਖੀ ਧਰਮ ਪ੍ਰਚਾਰ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਦੀ ਅਗਵਾਈ ਹੇਠ 62ਵੇਂ ਗੇੜ ਦੀ ਧਰਮ ਪ੍ਰਚਾਰ ਵਹੀਰ ਦਾ ਅੱਠਾਂ ਪਿੰਡਾਂ ਦਾ ਮੁੱਖ ਸਮਾਗਮ ਪਿੰਡ ਉਪੋਕੀ ਵਿਖੇ ਬੜੇ ਖਾਲਸਾਈ ਜਾਹੋ-ਜਲਾਲ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆਂ।
ਸਮਾਗਮ ਦੌਰਾਨ ਜਥੇਦਾਰ ਬਲਦੇਵ ਸਿੰਘ ਨੇ ਸੰਗਤਾ ਨਾਲ ਗੁਰਮਤਿ ਵਿਚਾਰ ਸਾਂਝੇ ਕਰਦੀਆ ਧਰਮ ਪ੍ਰਚਾਰ ਲਹਿਰ ਦੇ ਮੁੱਖ ਮਿਸ਼ਨ ਸ਼ਾਂਝੇ ਕਰਦਿਆਂ ਕਿਹਾ ਕਿ ਸਿੱਖ ਨੌਜਵਾਨਾਂ ਦੇ ਕੇਸ ਰੱਖਵਾਉਣੇ, ਨਸ਼ਾਂ ਕਰਦੇ ਨੌਜਵਾਨਾਂ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਨਸ਼ਾਂ ਛੁਡਾਉ ਕੇਂਦਰ ‘ਚ ਇਲਾਜ ਕਰਵਾਉਣਾ, ਭਰੂਣ ਹੱਤਿਆ ਅਤੇ ਦਾਜ ਦਹੇਜ ਵਰਗੀਆਂ ਸਮਾਜਕ ਬੁਰਾਈਆਂ ਨੂੰ ਠੱਲ ਪਾਉਣੀ ਅਤੇ ਪਾਖੰਡੀ ਸਾਧਵਾਦ ਨੂੰ ਸਿੱਖੀ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਠੱਲ ਪਾਉਣੀ ਮੁੱਖ ਨਿਸ਼ਾਨੇ ਹਨ। ਉਨ੍ਹਾਂ ਰਾਹੇ ਕੁਰਾਹੇ ਡੇਰਿਆ ਵਲ ਨੂੰ ਚਲੇ ਗਏ ਲੋਕਾ ਨੂੰ ਅਪੀਲ ਕੀਤੀ ਕਿ ਪਾਖੰਡੀ ਬਾਬਿਆ ਨੂੰ ਛੱਡ ਕਿ ਗੁਰੂ ਗ੍ਰੰਥ ਸਾਹਿਬ ਦੇ ਲੱੜ ਲਗੋ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ ਨੇ ਜਿਥ ਜਥੇਦਾਰ ਬਲਦੇਵ ਸਿੰਘ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਉਥੇ ਆਇਆ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਸਤਿਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਪ੍ਰਚਾਰ ਖੇਤਰ ‘ਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।
ਇਨ੍ਹਾਂ ਅੱਠ ਦਿਨਾਂ ਸਮਾਗਮਾਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਰੋਜਾਨਾਂ ਖੰਡੇ-ਬਾਟੇ ਦਾ ਅੰਮ੍ਰਿਤ ਪ੍ਰਾਣੀਆਂ ਨੂੰ ਛਕਾਉਂਦੇ ਰਹੇ। ਸਮਾਗਮਾਂ ਦੌਰਾਨ 575 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ, 2230 ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ , 190 ਸਿੰਘਾਂ ਅਤੇ ਸਿੰਘਣੀਆਂ ਨੂੰ ਮੁੱਖ ਸੇਵਾਦਾਰ ਦੀ ਸੇਵਾ ਸੋਂਪੀ ਗਈ, 40 ਨੌਜਵਾਨਾਂ ਨੂੰ ਨਸ਼ਾ ਛਡਨ ਲਈ ਮੁਫਤ ਇਲਾਜ ਕਰਵਾਉਨ ਦੀਆਂ ਚਿੱਠੀਆਂ ਦਿੱਤੀਆਂ ਗਈਆ। ਜਿਨ੍ਹਾਂ ਦਾ ਇਲਾਜ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਕੀਤਾ ਜਾਵੇਗਾ। ਸਮਾਗਮ ਦੌਰਾਨ ਸ. ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਕਮੇਟੀ, ਸਕੱਤਰ ਸਤਿਬੀਰ ਸਿੰਘ, ਗੁ: ਦੁਖ ਨਿਵਾਰਨ ਸਾਹਿਬ ਪਟਿਆਲਾ ਦੇ ਮੈਨੇਜਰ ਜਗੀਰ ਸਿੰਘ, ਮੀਡੀਆ ਸਲਾਹਕਾਰ ਤਮਿੰਦਰ ਸਿੰਘ, ਯਾਤਰਾ ਵਿਭਾਗ ਦੇ ਇੰਚਾਰਜ ਪਰਮਿੰਦਰ ਸਿੰਘ, ਇੰਚਾਰਜ ਹਰਪਾਲ ਸਿੰਘ, ਗੁ: ਇੰਸਪੈਕਟਰ ਰੇਸ਼ਮ ਸਿੰਘ, ਸੁਬੇਦਾਰ ਜੰਗ ਸਿੰਘ, ਪ੍ਰਧਾਨ ਨਾਜਰ ਸਿੰਘ, ਭਾਈ ਰਾਜਿੰਦਰ ਸਿੰਘ ਉਪੋਕੀ, ਸਰਪੰਚ ਚਮਕੌਰ ਸਿੰਘ, ਸਾਬਕਾ ਸਰਪੰਚ ਜਗੀਰ ਸਿੰਘ, ਸ. ਨਾਜਰ ਸਿੰਘ ਨੰਬਰਦਾਰ, ਹੈਡ ਗ੍ਰੰਥੀ ਭਾਈ ਨਿਰੰਦਰਪਾਲ ਸਿੰਘ, ਧਰਮ ਪ੍ਰਚਾਰ ਲਹਿਰ ਦੇ ਮੁੱਖ ਸੇਵਾਦਾਰ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।