ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਕਾਲਜ ਦੀ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਅੱਜ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਕਨਵੋਕੇਸ਼ਨ ਵਿੱਚ ਵਿਸ਼ਵ ਪ੍ਰਸਿੱਧ ਝੋਨਾ ਬਰੀਡਰ ਅਤੇ ਵਰਲਡ ਫੂਡ ਪ੍ਰਾਈਜ਼ ਦੇ ਜੇਤੂ ਡਾ: ਗੁਰਦੇਵ ਸਿੰਘ ਖੁਸ਼ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਉੱਘੇ ਕਣਕ ਵਿਗਿਆਨੀ ਡਾ: ਬਿਕਰਮ ਗਿੱਲ ਅਤੇ ਭੋਜਨ ਵਿਗਿਆਨੀ ਡਾ: ਤਲਵਿੰਦਰ ਸਿੰਘ ਕਾਹਲੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕਨਵੋਕੇਸ਼ਨ ਵਿੱਚ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ: ਜੰਗ ਬਹਾਦਰ ਸਿੰਘ ਸਾਂਘਾ ਅਤੇ ਸ: ਹਰਦਿਆਲ ਸਿੰਘ ਗਜ਼ਨੀਪੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਡਾ: ਖੁਸ਼ ਨੇ ਵਿਦਿਆਰਥੀਆਂ ਨੂੰ ਸਫਲਤਾ ਪੂਰਵਕ ਡਿਗਰੀ ਮੁਕੰਮਲ ਕਰਨ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਆਪਣੇ ਗਿਆਨ ਵਿੱਚ ਵਾਧੇ ਲਈ ਹਮੇਸ਼ਾਂ ਯਤਨਸ਼ੀਲ ਰਹਿਣ ਕਿਉਂਕਿ ਇਨਸਾਨ ਸਾਰੀ ਉਮਰ ਇੱਕ ਸਿਖਿਆਰਥੀ ਹੀ ਰਹਿੰਦਾ ਹੈ। ਉਨ੍ਹਾਂ ਇਸ ਗੱਲ ਤੇ ਮਾਣ ਜਿਤਾਇਆ ਕਿ ਪੂਰੀ ਦੁਨੀਆਂ ਵਿੱਚ ਆਪਣਾ ਨਾਂ ਕਮਾ ਚੁੱਕੇ ਇਸ ਵਿਦਿਅਕ ਅਦਾਰੇ ਤੋਂ ਉਨ੍ਹਾਂ ਨੇ ਆਪਣੀ ਇੱਕ ਵਿਗਿਆਨੀ ਦੇ ਤੌਰ ਤੇ ਜੀਵਨ ਯਾਤਰਾ ਸ਼ੁਰੂ ਕੀਤੀ ਸੀ। ਡਾ: ਖੁਸ਼ ਨੇ ਯੂਨੀਵਰਸਿਟੀ ਵਿੱਚ ਹੋ ਰਹੀ ਖੋਜ ਨੂੰ ਪ੍ਰਫੁੱਲਤ ਕਰਨ ਲਈ ਨਿੱਜੀ ਤੌਰ ਤੇ 3.5 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਪੀ ਏ ਯੁ ਦੀ ਦੇਣ ਕਦੇ ਵੀ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਹਰੀ ਕ੍ਰਾਂਤੀ ਦਾ ਝੰਡਾ ਬਰਦਾਰ ਬਣ ਕੇ ਦੇਸ਼ ਦੀ ਭੁੱਖਮਰੀ ਦੂਰ ਕਰਨ ਵਿੱਚ ਇਕ ਅਹਿਮ ਭੂਮਿਕਾ ਨਿਭਾਈ ਹੈ। ਇਸੇ ਵਜੋਂ ਸਮੁੱਚੇ ਦੇਸ਼ ਵਿੱਚ ਪੀ ਏ ਯੂ ਦਾ ਨਾਂ ਬੜੀ ਇਜ਼ਤ ਨਾਲ ਲਿਆ ਜਾਂਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਥੋਂ ਦੇ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਵਿਗਿਆਨੀ ਬਹੁਤ ਸੂਝ ਰੱਖਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਮੱਦੇ ਨਜ਼ਰ ਪੀ ਏ ਯੂ ਨੂੰ ਵੀ ਆਪਣੇ ਕਾਰਜ ਲੋੜ ਮੁਤਾਬਕ ਢਾਲਣੇ ਪੈਣਗੇ ਜਿਸ ਵਾਸਤੇ ਵਿਗਿਆਨੀਆਂ ਨੂੰ ਉਚੇਰੀ ਖੋਜ ਕਰਨ ਲਈ ਵਧੇਰੇ ਮਾਲੀ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਨੂੰ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਡਾ: ਖੁਸ਼ ਨੇ ਕਿਹਾ ਕਿ ਭਾਰਤ ਜਿਸ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਉਹ ਇਸ ਦੀ ਦੁਨੀਆਂ ਅਹਿਮ ਆਰਥਿਕ ਸ਼ਕਤੀ ਵਜੋਂ ਪਹਿਚਾਣ ਬਣਾਏਗਾ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਤਾਂ ਹੀ ਸਾਰਥਿਕ ਰੂਪ ਵਿੱਚ ਉਭਰਨਗੇ ਜੇਕਰ ਪੇਂਡੂ ਖੇਤਰ ਵਿੱਚ ਵਿੱਦਿਆ ਦੀ ਸਥਿਤੀ ਨੂੰ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੜੀ ਚਿੰਤਾਜਨਕ ਗੱਲ ਹੈ ਕਿ ਕੁਝ ਗਿਣੇ ਚੁਣੇ ਪੇਂਡੂ ਖੇਤਰਾਂ ਦੇ ਹਾਇਰ ਸੈਕੰਡਰੀ ਸਕੂਲਾਂ ਵਿੱਚ ਹੀ ਸਾਇੰਸ ਪੜ੍ਹਾਈ ਜਾਂਦੀ ਹੈ। ਉਥੇ ਵੀ ਸਾਜੋ ਸਮਾਨ ਅਤੇ ਸਹੂਲਤਾਂ ਮਿਆਰੀ ਨਹੀਂ ਹਨ। ਅਧਿਆਪਕ ਉਥੇ ਟਿਕਦੇ ਨਹੀਂ ਅਤੇ ਗੈਰ ਹਾਜ਼ਰੀ ਦੀ ਸ਼ਿਕਾਇਤ ਆਮ ਹੈ । ਉਨ੍ਹਾਂ ਕਿਹਾ ਕਿ ਪੰਜਾਬ ਨੂੰ 2020 ਤਕ ਜਰਮਨੀ ਦੇ ਬਰਾਬਰ ਬਣਾਉਣ ਦਾ ਸੁਪਨਾ ਤਾਂ ਹੀ ਸਹੀ ਸਾਬਤ ਹੋਵੇਗਾ ਜੇਕਰ ਦੂਰਦਰਸ਼ੀ ਅਤੇ ਮਿਆਰੀ ਸੋਚ ਨਾਲ ਕੁਝ ਕਰ ਦਿਖਾਉਣ ਦੇ ਕਾਬਲ ਵਿਅਕਤੀ, ਨਵੇਂ ਨਵੇਂ ਵਿਚਾਰਾਂ ਨਾਲ, ਸਰੋਤਾਂ ਦੀ ਮਦਦ ਨਾਲ, ਇੱਛਾ ਅਤੇ ਕੁਝ ਕਰ ਦੇਣ ਦੇ ਹੱਠ ਨਾਲ ਅੱਗੇ ਆਉਣਗੇ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਖੇਤੀਬਾੜੀ ਕਾਲਜ ਦੀ ਇਸ 12ਵੀਂ ਕਨਵੋਕੇਸ਼ਨ ਦੌਰਾਨ ਸਾਲ 2005-06, 2006-07 ਅਤੇ ਸਾਲ 2007-08 ਦੌਰਾਨ ਡਿਗਰੀ ਮੁਕੰਮਲ ਕਰਨ ਵਾਲੇ 340 ਵਿਦਿਆਰਥੀਆਂ ਨੂੰ ਬੀ ਐਸ ਸੀ ਖੇਤੀਬਾੜੀ ਅਤੇ ਬੀ ਐ¤ਡ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ। ਡਾ: ਗੁਰਦੇਵ ਸਿੰਘ ਖੁਸ਼ ਨੇ 4 ਵਿਦਿਆਰਥੀਆਂ ਨੂੰ ਸੋਨ ਤਗਮੇ ਅਤੇ 12 ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ। ਆਪਣੀ ਡਿਗਰੀ ਦੌਰਾਨ 80 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਆਪਣੇ ਸਵਾਗਤੀ ਭਾਸ਼ਣ ਵਿੱਚ ਖੇਤੀਬਾੜੀ ਕਾਲਜ ਦੇ ਡੀਨ ਡਾ: ਮਿਲਖਾ ਸਿੰਘ ਔਲਖ ਨੇ ਹਾਜ਼ਰ ਵਿਦਿਅਰਾਥੀਆਂ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਖਿਆ ਅਤੇ ਨਾਲ ਹੀ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ। ਉਨ੍ਹਾਂ ਕਿਹਾ ਕਿ ਇਲੈਕਟਰਾਨ ਮਾਈਕਰੋਸਕੋਪ ਅਤੇ ਨੈਨੋ ਤਕਨਾਲੋਜੀ ਲੈਬਾਰਟਰੀ ਅਤੇ ਖੇਤੀ ਬਾਇਓ ਤਕਨਾਲੋਜੀ ਸਕੂਲ ਸਥਾਪਤ ਹੋਣਾ ਯੂਨੀਵਰਸਿਟੀ ਦੀਆਂ ਅਹਿਮ ਪ੍ਰਾਪਤੀਆਂ ਹਨ।