ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਮੰਗਲਵਾਰ ਨੂੰ ਚਾਰ ਦਿਨ ਦੀ ਚੀਨ ਯਾਤਰਾ ਤੇ ਜਾ ਰਹੇ ਹਨ। ਓਸਾਮਾ ਦੇ ਐਬਟਾਬਾਦ ਤੋਂ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ਤੇ ਕਈ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਜਾ ਰਹੇ ਹਨ। ਪੂਰੇ ਵਿਸ਼ਵ ਵਿੱਚ ਉਸ ਦੀ ਸਾਖ ਕਮਜੋਰ ਹੋਈ ਹੈ। ਅਜਿਹੇ ਸਮੇਂ ਗਿਲਾਨੀ ਦੀ ਚੀਨ ਯਾਤਰਾ ਅਹਿਮ ਸਥਾਨ ਰੱਖਦੀ ਹੈ।
ਪਾਕਿਸਤਾਨ ਦੇ ਅਮਰੀਕਾ ਨਾਲ ਸਬੰਧਾਂ ਵਿੱਚ ਆਈ ਕੜਵਾਹਟ ਕਰਕੇ ਗਿਲਾਨੀ ਦੀ ਇਸ ਯਾਤਰਾ ਨੂੰ ਕਾਫ਼ੀ ਮਹੱਤਵਪੂਰਣ ਸਮਝਿਆ ਜਾ ਰਿਹਾ ਹੈ। ਚੀਨ ਦੇ ਅਧਿਕਾਰੀ ਰੋਂਗ ਯਿੰਗ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਹਾਲ ਵਿੱਚ ਹੋਈਆਂ ਘਟਨਾਵਾਂ ਕਰਕੇ ਇਸ ਦੌਰੇ ਦੀ ਅਹਿਮੀਅਤ ਵੱਧ ਜਾਂਦੀ ਹੈ। ਇਸ ਸਮੇਂ ਪਾਕਿਸਤਾਨ ਤੇ ਪੈ ਰਹੇ ਅੰਤਰਰਾਸ਼ਟਰੀ ਦਬਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨਮੰਤਰੀ ਗਿਲਾਨੀ ਚੀਨ ਤੋਂ ਮਜ਼ਬੂਤ ਸਮਰਥਣ ਮੰਗ ਸਕਦੇ ਹਨ। ਆਣੀ ਚਾਰ ਦਿਨ ਦੀ ਯਾਤਰਾ ਦੌਰਾਨ ਗਿਲਾਨੀ ਚੀਨ ਦੇ ਰਾਸ਼ਟਰਪਤੀ ਹੂ ਜਿੰਤਾਓ ਅਤੇ ਪ੍ਰਧਾਨਮੰਤਰੀ ਵੇਨ ਜਿਆਬਾਓ ਨੂੰ ਮਿਲਣ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚਕਾਰ ਰਾਜਨਾਇਕ ਸਬੰਧਾਂ ਦੀ ਬਹਾਲੀ ਦੇ 60 ਸਾਲ ਪੂਰੇ ਹੋਣ ਤੇ ਆਯੋਜਿਤ ਪ੍ਰੋਗਰਾਮ ਵਿੱਚ ਵੀ ਸ਼ਾਮਿਲ ਹੋਣਗੇ।
ਸ਼ੰਘਈ ਪਹੁੰਚਣ ਤੋਂ ਬਾਅਦ ਗਿਲਾਨੀ ਵਰਲਡ ਕਲਚਰਲ ਫੋਰਮ ਦੀ ਪਹਿਲੀ ਕਾਨਫਰੰਸ ਵਿੱਚ ਭਾਗ ਲੈਣ ਲਈ ਸੁਝੋਊ ਜਾਣਗੇ। ਫਿਰ ਉਹ ਆਪਣੇ ਪ੍ਰਤੀਨਿਧੀ ਮੰਡਲ ਨਾਲ ਬੀਜਿੰਗ ਜਾਣਗੇ। ਇਸ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਕਈ ਵਪਾਰਿਕ, ਆਰਥਿਕ ਅਤੇ ਸਮਾਜਿਕ ਸਮਝੌਤੇ ਵੀ ਹੋ ਸਕਦੇ ਹਨ।