ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਵਲੋਂ ਅਕਵਾਇਰ ਕਰ ਲਏ ਜਾਣ ਸਬੰਧੀ ਗੁਰਦੁਆਰਾ ਪ੍ਰਬੰਧ ਨਾਲ ਸਬੰਧਤ ਜਿੰਮੇਵਾਰ ਵਿਅਕਤੀ ਵਲੋਂ ਦਿਤੇ ਬਿਆਨ ਨੂੰ ਮੂਲੋਂ ਹੀ ਰੱਦ ਕਰਦਿਆਂ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੀ ਇਕ ਇੰਚ ਵੀ ਜ਼ਮੀਨ ’ਤੇ ਕਿਸੇ ਨੂੰ ਕਬਜਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਜਾਇਦਾਦ ਦੀ ਸਾਂਭ-ਸੰਭਾਲ ਲਈ ਸੁਹਿਰਦਤਾ ਨਾਲ ਆਪਣੇ ਫਰਜ ਨਿਭਾ ਰਹੀ ਹੈ।
ਉਨ੍ਹਾਂ ਦੱਸਿਆ ਗਮਾਡਾ ਵਲੋਂ ਅਕਵਾਇਰ ਜ਼ਮੀਨ ਦੇ ਬਦਲੇ ਵਿਚ ਜ਼ਮੀਨ ਪ੍ਰਾਪਤ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ’ਤੇ ਅਧਾਰਤ ਗਠਤ ਸਬ-ਕਮੇਟੀ ਦੀਆਂ ਹੋਈਆਂ ਗਮਾਡਾ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਦੇ ਅਸਰਦਾਰ ਨਤੀਜੇ ਸਾਹਮਣੇ ਆਏ ਹਨ ਅਤੇ ਗਮਾਡਾ ਵਲੋਂ ਅਕਵਾਇਰ ਕੀਤੀ ਜ਼ਮੀਨ ਦੇ ਬਦਲੇ ਵਿਚ ਬਰਾਬਰ ਤੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਨੂੰ ਜ਼ਮੀਨ ਦਿੱਤੇ ਜਾਣ ਦੀ ਪ੍ਰਕਿਰਿਆਂ ਮੁਕੰਮਲ ਹੋਣ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਖ਼ਬਰਾਂ ਛਪਾਉਣ ਵਾਲੇ ਕੇਵਲ ਆਪਣੇ ਨਿੱਜੀ ਮੁਫਾਦ ਦੀ ਖਾਤਰ ਸੰਗਤਾਂ ਨੂੰ ਗੁੰਮਰਾਹ ਰਹੇ ਹਨ ਜਦ ਕਿ ਗੁਰਦੁਆਰਾ ਪ੍ਰਬੰਧ ਸਬੰਧੀ ਆਪਣੀ ਜਿੰਮਵਾਰੀ ਦਾ ਅਹਿਸਾਸ ਕਰਦਿਆਂ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਗਮਾਡਾ ਦੇ ਮੁਖੀ ਵਲੋਂ ਵੀ ਇਸ ਸਬੰਧੀ ਮੀਡੀਆ ’ਚ ਇਹ ਸਪਸ਼ਟ ਕੀਤਾ ਜਾ ਚੁਕਾ ਹੈ ਕਿ ਗੁਰਦੁਆਰਾ ਅੰਬ ਸਾਹਿਬ ਦੀ ਅਕਵਾਇਰ ਕੀਤੀ ਇੰਚ-ਇੰਚ ਜ਼ਮੀਨ ਬਦਲਵੇ ਰੂਪ ਵਿਚ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਵੇਗੀ।
ਪੱਤਰਕਾਰਾਂ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ’ਚ ਦੇਰੀ ਦਾ ਕਾਰਨ ਪੁਛੇ ਜਾਣ ਦੇ ਉਤਰ ’ਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਉਸ ਵਲੋਂ ਨਿਯੁਕਤ ਕੀਤੇ ‘ਇਲੈਕਸ਼ਨ ਕਮਿਸ਼ਨ’, ਜਿਸ ਵਲੋਂ ਚੋਣਾਂ ਕਰਾਉਣ ਲਈ ਬਾਰ-ਬਾਰ ਪ੍ਰੋਗਰਾਮ ਭੇਜੇ ਜਾ ਰਹੇ ਹਨ ’ਤੇ ਵੀ ਵਿਸ਼ਵਾਸ਼ ਨਹੀਂ ਤਾਂ ਇਹ ਸਪੱਸ਼ਟ ਹੈ ਕਿ ਸਰਕਾਰ ਜਾਣ ਬੁਝ ਕੇ ਚੋਣਾਂ ਲੇਟ ਕਰ ਰਹੀ ਹੈ। ਜਦ ਕਿ ਸ਼੍ਰੋਮਣੀ ਕਮੇਟੀ ਵਲੋਂ ਕੇਂਦਰ ਸਰਕਾਰ ਨੂੰ ਚੋਣਾਂ ਜਲਦ ਕਰਾਏ ਜਾਣ ਲਈ ਲਿਖਾ ਪੜ੍ਹੀ ਨਿਰੰਤਰ ਜਾਰੀ ਹੈ ਅਤੇ ਉਹ ਖੁਦ ਵੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਕਈ ਵਾਰ ਮਿਲਕੇ ਬੇਨਤੀ ਕਰ ਚੁੱਕੇ ਹਨ।
ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਜਗਦੀਸ਼ ਸਿੰਘ ਝੀਂਡਾ ਵਲੋਂ ਗੁਰਦੁਆਰਾ ਗਿਆਨ ਗੋਦੜੀ ਸਬੰਧੀ ਦਿੱਤੇ ਗੁੰਮਰਾਹ-ਕੁੰਨ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ ਗਿਆਨ ਗੋਦੜੀ ਨਾਲ ਸਬੰਧਤ ਜਗ੍ਹਾ ਪ੍ਰਾਪਤ ਕਰਨ ਲਈ ਉਹ ਖੁਦ ਇਕ ਡੈਲੀਗੇਸ਼ਨ ਅਤੇ ਉਤਰਾਖੰਡ ਦੀਆਂ ਸੰਗਤਾਂ ਦੇ ਨੁਮਾਇੰਦਿਆਂ ਨਾਲ ਸੂਬੇ ਦੇ ਮੁਖ ਮੰਤਰੀ ਨੂੰ ਮਿਲ ਚੁਕੇ ਹਨ ਉਨ੍ਹਾਂ ਵਲੋਂ ਹਾਂ ਪੱਖੀ ਹੁੰਗਾਰਾ ਮਿਲਿਆ ਹੈ ਅਤੇ ਜਲਦ ਹੀ ਇਸ ਦੇ ਹੱਲ ਹੋ ਜਾਣ ਦੀ ਆਸ ਹੈ।
ਸ੍ਰੀ ਗੁਰੂ ਰਾਮਦਾਸ ਅੰਤਰਾਸ਼ਟਰੀ ਏਅਰਪੋਰਟ ’ਤੇ ਅੰਮ੍ਰਿਤਧਾਰੀ ਸਿੰਘਾਂ ਨੂੰ ਡਿਊਟੀ ਦੌਰਾਨ ਕ੍ਰਿਪਾਨ ਧਾਰਨ ਕਰਨ ਤੋਂ ਰੋਕੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ’ਚ ਦਖ਼ਲ-ਅੰਦਾਜ਼ੀ ਤੁਰੰਤ ਰੋਕਣ ਲਈ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿੰਦਬਰਮ ਨੂੰ ਪੱਤਰ ਲਿਖਿਆ ਗਿਆ ਅਤੇ ਦੱਸਿਆ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਜਸਵਿੰਦਰ ਸਿੰਘ ਐਡਵੋਕੇਟ, ਬੀਬੀ ਕਿਰਨਜੋਤ ਕੌਰ ਅਤੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਦੀ ਏਅਰਪੋਰਟ ਤੇ ਸੀ.ਆਈ.ਐਸ.ਐਫ. ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਇਹ ਮਸਲਾ ਜਲਦ ਹੀ ਹੱਲ ਹੋ ਜਾਣ ਦੀ ਆਸ ਹੈ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਕਚਿਹਰੀ ਗੁਰਦਾਸਪੁਰ ਵਿਖੇ ਇਕ ਸਿੱਖ ਦੀ ਦਸਤਾਰ ਦੀ ਬੇਅਦਬੀ ਕੀਤੇ ਜਾਣ ਦੀ ਘਟਨਾਂ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਨ ਸ. ਗੁਰਿੰਦਰਪਾਲ ਸਿੰਘ ਗੋਰਾ ਅਤੇ ਸ. ਅਮਰੀਕ ਸਿੰਘ ਸ਼ਾਹਪੁਰ ਗੁਰਾਇਆ ਤੇ ਅਧਾਰਤ ਦੋ ਮੈਂਬਰੀ ਸਬ-ਕਮੇਟੀ ਗਠਤ ਕਰ ਦਿੱਤੀ ਗਈ ਹੈ ਜਿਸ ਨੂੰ ਮੀਤ ਸਕੱਤਰ ਸ. ਹਰਭਜਨ ਸਿੰਘ ਮਨਾਵਾਂ ਕੋਆਰਡੀਨੇਟ ਕਰਨਗੇ ਅਤੇ ਰਿਪੋਰਟ ਮਿਲਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ, ਸਕੱਤਰ ਸ. ਦਲਮੇਘ ਸਿੰਘ, ਨਿੱਜੀ ਸਕੱਤਰ ਸ. ਮਨਜੀਤ ਸਿੰਘ, ਮੀਤ ਸਕੱਤਰ ਸ. ਰਾਮ ਸਿੰਘ ਤੇ ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ ਆਦਿ ਵੀ ਮੌਜੂਦ ਸਨ।