ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਵਿਗਿਆਨੀ ਡਾ. ਸੁਖਮਿੰਦਰ ਕੌਰ ਅਤੇ ਮੀਨੂੰ ਗੁਪਤਾ ਨੇ ਆਪਣੇ ਇਕ ਖੋਜ ਪੱਤਰ ਵਿਚ ਨਤੀਜਾ ਕੱਢਿਆ ਹੈ ਕਿ ਹੇਠਲੇ ਵਰਗ ਦੇ ਮਾਪੇ ਬੱਚਿਆਂ ਨੂੰ ਅਕਸਰ ਗਾਲਾਂ ਕੱਢਦੇ ਹਨ ਅਤੇ ਇਹੀ ਗਾਲਾਂ ਬੱਚਿਆਂ ਨੂੰ ਵਿਗਾੜਨ ਵਿਚ ਹਿੱਸਾ ਪਾਉਦੀਆਂ ਹਨ। ਇਹਨਾਂ ਦੋਹਾਂ ਵਿਗਿਆਨੀਆਂ ਨੇ ਨਤੀਜਾ ਕੱਢਿਆ ਹੈ ਕਿ ਬੱਚਿਆਂ ਨੂੰ ਨਿੰਦਣਾ, ਉਹਨਾਂ ਦੇ ਦੋਸਤਾਂ ਨਾਲ ਮੁਕਾਬਲੇ ਬਾਜੀ ਕਰਨਾ, ਸ਼ਲਾਘਾ ਨਾ ਕਰਨਾ, ਉਹਨਾਂ ਦੇ ਕੰਨ ਮਰੋੜਨੇ, ਵਾਲ ਪੁਟਣੇ, ਸੋਟੀ ਨਾਲ ਕੁੱਟਣਾ, ਧੱਕੇ ਮਾਰਨਾ, ਆਮ ਜਿਹੀ ਗੱਲ ਹੈ ਅਤੇ ਇਸ ਨਾਲ ਬਾਲ ਮਾਨਸਿਕਤਾ ਤੇ ਮੰਦਾ ਅਸਰ ਪੈਂਦਾ ਹੈ।
ਡਾ. ਸੁਖਮਿੰਦਰ ਕੌਰ ਅਤੇ ਮੀਨੂੰ ਗੁਪਤਾ ਨੇ ਕਿਹਾ ਕਿ ਦਰਮਿਆਨੇ ਅਤੇ ਉੱਚ ਵਰਗ ਦੇ ਮਾਪੇ ਪੜੇ-ਲਿਖੇ ਹੋਣ ਕਾਰਨ ਆਪਣੇ ਬੱਚਿਆਂ ਨੂੰ ਲੋੜੀਦੇ ਗਿਆਨ ਅਤੇ ਯੋਗਤਾ ਸਹਾਰੇ ਸੰਭਾਲ ਲੈਂਦੇ ਹਨ। ਉਹਨਾਂ ਆਖਿਆ ਕਿ ਮਾਪੇ ਆਪਣੇ ਬੱਚਿਆਂ ਨੁੰ ਵੱਧ ਸਹੂਲਤਾਂ ਅਤੇ ਘੱਟ ਅਗਵਾਈ ਦੇ ਕੇ ਉਹਨਾਂ ਦੇ ਵਿਗਾੜ ਵਿਚ ਹਿੱਸਾ ਪਾਉਂਦੇ ਹਨ। ਇਹਨਾਂ ਮਾਹਰਾਂ ਅਨੁਸਾਰ ਗਰੀਬ ਘਰਾਂ ਵਿਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਵਧੇਰੇ ਦੁਰਗਤ ਹੁੰਦੀ ਹੈ ਅਤੇ ਇਹ ਗੱਲ ਸਮਾਜਕ ਤਾਣੇ-ਬਾਣੇ ਨੂੰ ਵੀ ਪ੍ਰਭਾਵਤ ਕਰਦੀ ਹੈ। ਬਾਲ ਵਿਕਾਸ ਅਤੇ ਪਬਲਿਕ ਕੋਆਪਰੇਸ਼ਨ ਨਾਲ ਸੰਬੰਧਤ ਇੰਸਟੀਚਿਊਟ ਮੁਤਾਬਕ ਬੱਚਿਆਂ ਨਾਲ ਇਹ ਮੰਦਾ ਵਿਹਾਰ ਕੋਈ ਅਚਾਨਕ ਨਹੀਂ ਵਾਪਰਦਾ ਸਗੋਂ ਸੁਚੇਤ ਪੱਧਰ ਤੇ ਵਾਪਰਦਾ ਹੈ ਜਿਸ ਨਾਲ ਬੱਚਿਆਂ ਵਿਚ ਪੱਕੇ ਵਿਕਾਰ ਪੈਦਾ ਹੋ ਜਾਂਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਇਸ ਗੱਲ ਤੇ ਜੋਰ ਦਿੱਤਾ ਹੈ ਕਿ ਬੱਚਿਆਂ ਦੇ ਹੱਕਾਂ ਨੂੰ ਸੁਰਖਿਅਤ ਰੱਖਣ ਲਈ ਉਹਨਾਂ ਨੂੰ ਕੁੱਟ-ਮਾਰ ਕਰਨ ਅਤੇ ਗਾਲਾਂ ਦੇਣ ਦੀ ਥਾਂ ਉਹਨਾਂ ਦੇ ਮਾਨਸਕ ਵਿਕਾਸ ਲਈ ਯਤਨਸ਼ੀਲ ਹੋਇਆ ਜਾਵੇ।