ਅਮਰੀਕਾ ਦੇ ਰੱਖਿਆਮੰਤਰੀ ਰਾਬਰਟ ਗੇਟਸ ਅਤੇ ਸੈਨਾ ਮੁੱਖੀ ਮਾਈਕ ਮੂਲੇਨ ਦਾ ਕਹਿਣਾ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਪਾਕਿਸਤਾਨੀ ਨੇਤਾ ਓਸਾਮਾ ਬਿਨ ਲਾਦਿਨ ਦੇ ਐਬਟਾਬਾਦ ਵਿੱਚ ਲੁਕੇ ਹੋਣ ਬਾਰੇ ਜਾਣਦੇ ਸਨ। ਇਹ ਦੋਵੇਂ ਅਧਿਕਾਰੀ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਵਿੱਚ ਕੋਈ ਵੀ ਕਟੌਤੀ ਕਰਨ ਦੇ ਵਿਰੁੱਧ ਹਨ।
ਪੈਂਟਾਗਨ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਰੱਖਿਆਮੰਤਰੀ ਰਾਬਰਟ ਗੇਟਸ ਅਤੇ ਅਮਰੀਕੀ ਸੈਨਾ ਦੇ ਐਡਮਿਰਲ ਮੂਲੇਨ ਨੇ ਕਿਹਾ ਹੈ ਕਿ ਅਮਰੀਕਾ ਨੂੰ ਪਾਕਿਸਤਾਨ ਨਾਲ ਮਿਲਕੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਸ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਵੀ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਨਾਲ ਲਗਦੀ ਸੀਮਾ ਤੇ ਅਤਵਾਦੀਆਂ ਦੇ ਟਿਕਾਣਿਆਂ ਨੂੰ ਖਤਮ ਕਰਨ ਲਈ ਆਪਣੀ ਕਾਰਵਾਈ ਕਰਨੀ ਚਾਹੀਦੀ ਹੈ।
ਅਮਰੀਕੀ ਰੱਖਿਆਮੰਤਰੀ ਦਾ ਕਹਿਣਾ ਹੈ ਕਿ ਸਾਨੂੰ ਕੋਈ ਵੀ ਇਹੋ ਜਿਹੇ ਸਬੂਤ ਨਹੀਂ ਮਿਲੇ ਜਿਸ ਦੇ ਅਧਾਰ ਤੇ ਇਹ ਕਿਹਾ ਜਾ ਸਕੇ ਕਿ ਉਚਕੋਟੀ ਦੇ ਨੇਤਾ ਇਸ ਬਾਰੇ ਜਾਣਦੇ ਸਨ।ਉਨ੍ਹਾਂ ਕਿਹਾ, “ਸੱਚੀ ਗੱਲ ਤਾਂ ਇਹ ਹੈ ਕਿ ਮੈਂ ਜੋ ਵੀ ਸਬੂਤ ਵੇਖੇ ਹਨ ਉਹ ਇਸ ਦੇ ਬਿਲਕੁਲ ਉਲਟ ਹਨ।” ਮੂਲੇਨ ਨੇ ਕਿਹਾ ਕਿ ਪਾਕਿਸਤਾਨੀ ਸਰਕਾਰ ਨੂੰ ਜਾਣਕਾਰੀ ਦਿੱਤੇ ਬਿਨਾਂ ਲਾਦਿਨ ਨੂੰ ਮਾਰਨ ਦੀ ਜੋ ਕਾਰਵਾਈ ਕੀਤੀ ਗਈ ਹੈ ਉਸ ਨਾਲ ਪਾਕਿਸਤਾਨੀ ਸੈਨਾ ਦੀ ਛਵੀ ਕਾਫ਼ੀ ਖਰਾਬ ਹੋਈ ਹੈ।
ਵਰਨਣਯੋਗ ਹੈ ਕਿ ਅਮਰੀਕਾ ਦੇ ਸੰਸਦ ਮੈਂਬਰਾਂ ਵਲੋਂ ਇਹ ਮੁੱਦਾ ਜੋਰ ਨਾਲ ਉਠਾਇਆ ਜਾ ਰਿਹਾ ਹੈ ਕਿ ਪਾਕਿਸਤਾਨੀ ਲੀਡਰਾਂ ਨੂੰ ਲਾਦਿਨ ਦੇ ਛੁੱਪ ਕੇ ਰਹਿਣ ਦੇ ਟਿਕਾਣੇ ਬਾਰੇ ਜਾਣਕਾਰੀ ਸੀ। ਇਸ ਲਈ ਉਸ ਨੂੰ ਆਰਥਿਕ ਮਦਦ ਬੰਦ ਕਰ ਦੇਣੀ ਚਾਹੀਦੀ ਹੈ।