ਇਸਲਾਮਾਬਾਦ- ਚੀਨ ਨੇ ਅਮਰੀਕਾ ਨੂੰ ਪਾਕਿਸਤਾਨ ਦੀ ਸੰਪ੍ਰਭੁਤਾ ਦਾ ਸਨਮਾਨ ਕਰਨ ਲਈ ਕਿਹਾ ਹੈ। ਚੀਨ ਨੇ ਅਮਰੀਕਾ ਨੂੰ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਉਸ ਵਲੋਂ ਪਾਕਿਸਤਾਨ ਤੇ ਕੀਤਾ ਗਿਆ ਕੋਈ ਵੀ ਹਮਲਾ ਚੀਨ ਤੇ ਹਮਲਾ ਸਮਝਿਆ ਜਾਵੇਗਾ। ਚੀਨ ਪਾਕਿਸਤਾਨ ਨੂੰ ਬਹੁਤ ਜਲਦੀ ਹੀ 50 ਨਵੀਂ ਤਕਨੀਕ ਵਾਲੇ ਲੜਾਕੂ ਜਹਾਜ਼ ਜੇਐਫ਼-17 ਵੀ ਦੇਵੇਗਾ।
ਚੀਨ ਦੇ ਪ੍ਰਧਾਨਮੰਤਰੀ ਵੇਨ ਜਿਆਬਾਓ ਨੇ ਪ੍ਰਧਾਨਮੰਤਰੀ ਗਿਲਾਨੀ ਦੀ ਚੀਨ ਯਾਤਰਾ ਦੌਰਾਨ ਦਸਿਆ ਕਿ ਚੀਨ ਨੇ ਅਮਰੀਕਾ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਪਾਕਿਸਤਾਨ ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਚੀਨ ਤੇ ਹਮਲਾ ਮੰਨਿਆ ਜਾਵੇਗਾ। ਚੀਨ ਦੇ ਵਿਦੇਸ਼ਮੰਤਰੀ ਨੇ ਹਾਲ ਹੀ ਵਿੱਚ ਆਪਣੀ ਅਮਰੀਕਾ ਯਾਤਰਾ ਦੌਰਾਨ ਅਮਰੀਕਾ ਨੂੰ ਇਹ ਚੇਤਾਵਨੀ ਦਿੱਤੀ। ਚੀਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਅਤਵਾਦ ਵਿਰੁੱਧ ਲੜਾਈ ਵਿੱਚ ਬਹੁਤ ਯੋਗਦਾਨ ਪਾਇਆ ਹੈ ਅਤੇ ਅਮਰੀਕਾ ਨੂੰ ਇਹ ਸੁਝਾਅ ਵੀ ਦਿੱਤਾ ਕਿ ਵਰਤਮਾਨ ਹਾਲਾਤ ਵਿੱਚ ਪਾਕਿਸਤਾਨ ਨੂੰ ਹੋਰ ਮਦਦ ਦੀ ਜਰੂਰਤ ਹੈ। ਜਿਆਬਾਓ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਤਾਈਵਾਨ ਅਤੇ ਤਿੱਬਤ ਦੇ ਮੁੱਦਿਆਂ ਤੇ ਸਦਾ ਪਾਕਿਸਤਾਨ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਇਹ ਭਰੋਸਾ ਦਿਵਾਇਆ ਕਿ ਪਾਕਿਸਤਾਨੀ ਸੈਨਾ ਨੂੰ ਹੋਰ ਕੁਸ਼ਲ ਕਰਨ ਵਿੱਚ ਮਦਦ ਕੀਤੀ ਜਾਵੇਗੀ। ਦੋਵਾਂ ਦੇਸ਼ਾਂ ਵਿਚਕਾਰ ਪਾਕਿਸਤਾਨ ਨੂੰ ਜੇ-20 ਸਟੀਲਥ ਅਤੇ ਜਿਓਲਾਂਗ ਐਫ਼ਸੀ-1 ਲੜਾਕੂ ਜਹਾਜ ਦੇਣ ਬਾਰੇ ਵੀ ਗੱਲਬਾਤ ਚਲ ਰਹੀ ਹੈ। ਚੀਨ ਵਿੱਚ ਬਣਾਏ ਜਾ ਰਹੇ ਪਾਕਿਸਤਾਨੀ ਉਪਗ੍ਰਹਿ ਦਾ ਕੰਮ ਵੀ ਤੇਜ਼ ਕੀਤਾ ਜਾਵੇਗਾ । ਇਹ ਉਪਗ੍ਰਹਿ 14 ਅਗੱਸਤ ਨੂੰ ਛੱਡਿਆ ਜਾਣਾ ਹੈ।