ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਮਾਇਆਵਤੀ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਅਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਉਤਰ ਪ੍ਰਦੇਸ਼ ਸਰਕਾਰ ਦੇ ਜੁਲਮ ਵਿਰੁੱਧ ਲੋਕਾਂ ਦਾ ਸਾਥ ਦੇ ਰਿਹਾ ਸੀ, ਪਰ ਹੁਣ ਸੋਨੀਆ ਗਾਂਧੀ ਨੇ ਵੀ ਬਸਪਾ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਵਾਰਾਣਸੀ ਵਿੱਚ ਸੋਨੀਆ ਗਾਂਧੀ ਨੇ ਮਾਇਆਵਤੀ ਸਰਕਾਰ ਤੇ ਹਲ੍ਹਾ ਬੋਲਦਿਆਂ ਹੋਇਆਂ ਕਿਹਾ, “ਉਤਰ ਪ੍ਰਦੇਸ਼ ਹਨੇਰ ਨਗਰੀ ਬਣ ਗਿਆ ਹੈ। ਇੱਥੇ ਕਨੂੰਨ ਦਾ ਰਾਜ ਖਤਮ ਹੋ ਗਿਆ ਹੈ। ਚਾਰੇ ਪਾਸੇ ਅਰਾਜਕਤਾ ਹੈ। ਕੋਈ ਅਜਿਹੀ ਥਾਂ ਨਹੀਂ ਹੈ, ਜਿੱਥੇ ਭ੍ਰਿਸ਼ਟਾਚਾਰ ਅਤੇ ਅਨਿਆਏ ਨਾਂ ਹੋਵੇ।” ਉਨ੍ਹਾਂ ਕਿਹਾ ਕਿ ਕਿਸੇ ਸਮੇਂ ਉਤਰ ਪ੍ਰਦੇਸ਼ ਸੇਵਾ ਅਤੇ ਤਿਆਗ ਲਈ ਜਾਣਿਆ ਜਾਂਦਾ ਸੀ ਪਰ ਹੁਣ ਇੱਥੇ ਸਿਰਫ਼ ਲੁੱਟ ਹੀ ਹੈ। ਜਨਤਾ ਦੇ ਦੁੱਖ ਦਰਦ ਸੁਣਨ ਵਾਲਾ ਕੋਈ ਨਹੀਂ ਹੈ।
ਪਰਸੌਲ ਪਿੰਡ ਵਿੱਚ ਹੋਈ ਹਿੰਸਾ ਦਾ ਜਿਕਰ ਕਰਦੇ ਹੋਏ ਸੋਨੀਆ ਨੇ ਕਿਹਾ,” ਗੌਤਮ ਬੁੱਧ ਨਗਰ ਜਿਲ੍ਹੇ ਵਿੱਚ ਕਿਸਾਨਾਂ ਨਾਲ ਜੋ ਬਦਸਲੂਕੀ ਹੋਈ ਹੈ, ਉਸ ਤੋਂ ਅਸੀਂ ਬਹੁਤ ਸ਼ਰਮਿੰਦਾ ਹਾਂ। ਉਤਰ ਪ੍ਰਦੇਸ਼ ਸਰਕਾਰ ਸਿਰਫ਼ ਕਿਸਾਨਾਂ ਦੀ ਜਮੀਨ ਹੜਪਣਾ ਚਾਹੁੰਦੀ ਹੈ। ਇਹ ਕਿਸਾਨਾਂ ਦੀ ਲੁੱਟ ਦੀ ਸਾਜਿਸ਼ ਹੈ।” ਕਾਂਗਰਸ ਪਾਰਟੀ ਇਹ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਇਹ ਵੀ ਕਿਹਾ, “ ਰਾਜ ਵਿੱਚ ਉਦਯੋਗ ਬੰਦ ਹੋ ਰਹੇ ਹਨ। ਸਰਕਾਰੀ ਮਿਲਾਂ ਵੇਚ ਦਿੱਤੀਆਂ ਗਈਆਂ ਹਨ। ਹਸਪਤਾਲਾਂ ਦੀ ਹਾਲਤ ਬਹੁਤ ਖਰਾਬ ਹੈ। ਬੁਨਕਰ ਭਾਈਆਂ ਦੀ ਹਾਲਤ ਵੀ ਖਰਾਬ ਹੈ।” ਸੋਨੀਆ ਨੇ ਕਿਹਾ ਕਿ ਯੂਪੀਏ ਸਰਕਾਰ ਨੇ ਉਤਰਪ੍ਰਦੇਸ਼ ਦੇ ਵਿਕਾਸ ਲਈ ਭਾਰੀ ਰਕਮਾਂ ਦਿੱਤੀਆਂ ਹਨ। ਬੁਨਕਰਾਂ ਲਈ ਖਾਸ ਪੈਕੇਜ ਦਿੱਤੇ ਗਏ ਹਨ। ਉਨ੍ਹਾਂ ਨੇ ਰਾਜ ਦੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਏਕਤਾ ਨਾਲ ਲੋਕਾਂ ਦੀਆਂ ਸਮਸਿਆਵਾਂ ਲਈ ਸੰਘਰਸ਼ ਕਰਨ।