ਫਤਿਹਗੜ੍ਹ ਸਾਹਿਬ :- “ਕੈਪਟਨ ਅਮਰਿੰਦਰ ਸਿੰਘ ਵੱਲੋ ਨਿੱਤ ਦਿਹਾੜੇ ਕਦੇ ਬਾਦਲ ਦਲ ਦੇ, ਕਦੇ ਬੀਜੇਪੀ ਦੇ ਆਗੂਆਂ, ਕਦੇ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਸਿਆਸੀ ਆਗੂਆਂ ਉੱਤੇ ਹਮਲੇ ਕਰਦੇ ਹੋਏ ਸਭਨਾ ਨੂੰ ਰਿਸ਼ਵਤਖੋਰ ਕਰਾਰ ਦੇਣ ਦੀ ਕਾਰਵਾਈ ਅਸਲੀਅਤ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ “ਸਿਆਸੀ ਫੋਬੀਆ” ਹੋਣਾ ਸਾਬਿਤ ਕਰਦੀ ਹੈ। ਜੋ ਸਭਨਾ ਨੂੰ ਇੱਕੋ ਰੱਸੇ ਨਾਲ ਬੰਨ੍ਹ ਕੇ ਆਪਣੇ ਆਪ ਨੂੰ ਪੰਜਾਬ ਦੇ ਸਿਆਸੀ ਵਿਹੜੇ ਵਿੱਚ ਆਜ਼ਾਦ, ਸਾਫ਼ ਸੁੱਥਰਾ ਰੱਖਣ ਦਾ ਭਰਮ ਪਾਲੀ ਬੈਠੇ ਹਨ। ਜਦੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੱਡੀਆਂ ਰਿਸ਼ਵਤਾਂ ਅਤੇ ਘਪਲੇ ਕਰਕੇ ਡੁੱਬਈ, ਇਸਲਾਮਾਬਾਦ, ਹਿਮਾਚਲ ਆਦਿ ਵਿੱਚ ਆਪਣੀ ਗੈਰ ਕਾਨੂੰਨੀ ਦੋਸਤ ਅਰੂਸਾ ਆਲਮ ਦੇ ਨਾਮ ਉੱਤੇ ਕਰੋੜਾਂ-ਅਰਬਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਹੋਈਆਂ ਹਨ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਦੀ ਕਥਨੀ ਅਤੇ ਕਰਨੀ ਵਿੱਚ ਢੇਰ ਸਾਰਾ ਅੰਤਰ ਹੋਣ ਦੀ ਗੱਲ ਉੱਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ ਜਿਸ ਇਨਸਾਨ ਦਾ ਆਪਣਾ ਇਖਲਾਕ ਉੱਚਾ-ਸੁੱਚਾ ਅਤੇ ਇਮਾਨਦਾਰੀ ਵਾਲਾ ਹੋਵੇ ਅਜਿਹਾ ਇਨਸਾਨ ਹੀ ਸਮਾਜ ਵਿੱਚ ਹੋਣ ਵਾਲੀਆਂ ਗੈਰ ਸਮਾਜਿਕ ਕਾਰਵਾਈਆਂ ਉੱਤੇ ਬੋਲ ਸਕਦਾ ਹੈ। ਜਿਸਦੇ ਆਪ ਦੇ ਅਮਲ ਹੀ ਸ਼ੱਕੀ ਅਤੇ ਦਾਗੋ-ਦਾਗ ਹੋਣ ਅਜਿਹੇ ਇਨਸਾਨ ਨੂੰ ਕੋਈ ਹੱਕ ਨਹੀਂ ਕਿ ਉਹ ਰਿਸ਼ਵਤਖੋਰੀ ਜਾਂ ਗੈਰ ਇਖਲਾਕੀ ਕਾਰਵਾਈਆਂ ਵਿਰੁੱਧ ਬਿਆਨਬਾਜ਼ੀ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰੇ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਉਹ (ਖੁਦ) ਅਤੇ ਉਨ੍ਹਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਹਰ ਮੁੱਦੇ ਉੱਤੇ ਬਾਦਲੀਲ ਗੱਲ ਕਰਦੀ ਹੋਈ ਸੱਚ ਨੂੰ ਦ੍ਰਿੜਤਾ ਨਾਲ ਉਜਾਗਰ ਕਰਦੀ ਹੈ। ਕੀ ਪੰਜਾਬ ਦੇ ਬਾਕੀ ਸਿਆਸਤਦਾਨ ਜਾਂ ਸਿਆਸੀ ਪਾਰਟੀਆਂ ਆਪਣੀ ਅਜਿਹੀ ਸਮਾਜਿਕ ਜਿ਼ੰਮੇਵਾਰੀ ਤੋ ਭੱਜ ਕੇ ਖੁਦ ਹੀ ਆਪਣੇ ਆਪ ਨੂੰ ਰਿਸ਼ਵਤਖੋਰ, ਗੈਰ ਕਾਨੂੰਨੀ, ਗੈਰ ਸਮਾਜਿਕ ਕਾਰਵਾਈਆਂ ਦੇ ਦੋਸ਼ੀ ਸਾਬਿਤ ਨਹੀਂ ਕਰ ਰਹੇ? ਕੀ ਉਨ੍ਹਾ ਦੀ ਅਜਿਹੀ ਗੁੱਝੀ ਚੁੱਪ ਕਈ ਤਰ੍ਹਾ ਦੇ ਗੰਭੀਰ ਸ਼ੰਕੇ ਖੜੇ ਨਹੀਂ ਕਰਦੀ?