ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਬਜ਼ੀ ਉਤਪਾਦਨ ਸੁਧਾਰਾਂ ਤੇ ਚਰਚਾ ਕਰਨ ਲਈ ਸ਼ੁਰੂ ਹੋਈ ਦੋ ਰੋਜ਼ਾ ਵਿਚਾਰ ਗੋਸ਼ਟੀ ਵਿੱਚ ਮਾਹਿਰਾਂ ਨੇ ਕਿਹਾ ਹੈ ਕਿ ਸਬਜ਼ੀਆਂ ਮਨੁੱਖੀ ਸਿਹਤ ਦੇ ਨਾਲ ਨਾਲ ਖੇਤੀ ਆਰਥਿਕਤਾ ਅਤੇ ਵਿਭਿੰਨਤਾ ਵਿੱਚ ਵੀ ਚੰਗੀ ਭੂਮਿਕਾ ਨਿਭਾਅ ਸਕਦੀਆਂ ਹਨ। ਏਸ਼ੀਅਨ ਖੇਤ ਸਬਜ਼ੀ ਖੋਜ ਵਿਕਾਸ ਕੇਂਦਰ ਅਤੇ ਸਰ ਰਤਨ ਟਾਟਾ ਟਰੱਸਟ ਵੱਲੋਂ ਯੂਨੀਵਰਸਿਟੀ ਦੇ ਸਬਜ਼ੀ ਵਿਭਾਗ ਨਾਲ ਮਿਲ ਕੇ ਕੀਤੀ ਜਾ ਰਹੀ ਇਸ ਵਿਚਾਰ ਗੋਸ਼ਟੀ ਦੇ ਉਦਘਾਟਨੀ ਸਮਾਗਮ ਮੌਕੇ ਮੁੱਖ ਮਹਿਮਾਨ ਯੂਨੀਵਰਸਿਟੀਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਕਿਹਾ ਕਿ ਸਬਜ਼ੀਆਂ ਸਾਡੀ ਖੁਰਾਕ ਦਾ ਅਹਿਮ ਹਿੱਸਾ ਹਨ। ਡਾ: ਮਹੇ ਨੇ ਕਿਹਾ ਕਿ ਸਿਹਤ ਅਤੇ ਖੁਰਾਕ ਮਾਹਰਾਂ ਦੀ ਵੀ ਇਹੀ ਰਾਏ ਹੈ ਕਿ ਹਰ ਮਨੁੱਖ ਨੂੰ ਰੋਜ਼ਾਨਾ ਖੁਰਾਕ ਵਿੱਚ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਡਾ: ਮਹੇ ਨੇ ਕਿਹਾ ਕਿ ਭਾਰਤ, ਖਾਸ ਕਰ ਪੰਜਾਬ ਵਿੱਚ ਸਬਜ਼ੀਆ ਦੀ ਕਾਸ਼ਤ ਦੀਆਂ ਕਾਫੀ ਸੰਭਾਵਨਾਵਾਂ ਹਨ। ਏਸ਼ੀਅਨ ਸਬਜ਼ੀ ਖੋਜ ਵਿਕਾਸ ਕੇਂਦਰ ਦੇ ਦੱਖਣੀ ਏਸ਼ੀਆ ਦੇ ਨਿਰਦੇਸ਼ਕ ਡਾ: ਵਾਰਵਿਕ ਈਸਡਾਉਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਬਜ਼ੀ ਉਤਪਾਦਨ ਖੋਜ ਵਿੱਚ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਡਾ: ਵਾਰਵਿਕ ਨੇ ਕਿਹਾ ਕਿ ਸਾਡੇ ਕੇਂਦਰ ਵੱਲੋਂ ਚੱਲ ਰਹੇ ਇਸ ਖੋਜ ਪ੍ਰੋਜੈਕਟ ਦੇ ਅਸਰਦਾਰ ਨਤੀਜੇ ਆ ਰਹੇ ਹਨ।
ਸਰ ਰਤਨ ਟਾਟਾ ਟਰੱਸਟ ਦੇ ਯੂਨੀਵਰਸਿਟੀ ਕੇਂਦਰ ਦੇ ਨਿਰਦੇਸ਼ਕ ਡਾ: ਗੁਲਜ਼ਾਰ ਸਿੰਘ ਚਾਹਲ ਨੇ ਕਿਹਾ ਕਿ ਟਰੱਸਟ ਵੱਲੋਂ ਪੰਜਾਬ ਅਤੇ ਝਾਰਖੰਡ ਵਿੱਚ ਚਲਾਏ ਜਾ ਰਹੇ ਪ੍ਰੋਜੈਕਟਾਂ ਵਿੱਚ ਕਿਸਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋ ਰਹੀ ਹੈ। ਟਰੱਸਟ ਦੇ ਖੇਤੀਬਾੜੀ ਸਲਾਹਕਾਰ ਡਾ: ਏ ਐਸ ਢੱਟ ਨੇ ਪੰਜਾਬ ਤੇ ਝਾਰਖੰਡ ਰਾਜਾਂ ਵਿੱਚ ਸਬਜ਼ੀ ਖੋਜਕਾਰਾਂ ਅਤੇ ਸਬਜ਼ੀ ਕਾਸ਼ਤਕਾਰਾਂ ਦੇ ਉਦਮਾਂ ਦੀ ਸ਼ਲਾਘਾ ਕੀਤੀ। ਡਾ: ਢੱਟ ਨੇ ਕਿਹਾ ਕਿ ਰਸੋਈ ਬਾਗ ਸਕੀਮ ਦਾ ਮੁੱਖ ਮੰਤਵ ਸਾਰਾ ਸਾਲ ਸਬਜ਼ੀਆਂ ਦੀ ਉਪਲੱਬਦਤਾ ਕਰਨਾ ਹੈ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਵੀਰ ਸਿੰਘ ਗੋਸਲ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹੁਣ ਤਕ ਸਬਜ਼ੀਆਂ ਦੀਆਂ ਇੱਕ ਸੌ ਸੱਠ ਕਿਸਮਾਂ ਰਿਲੀਜ਼ ਕੀਤੀਆਂ ਹਨ। ਡਾ: ਗੋਸਲ ਨੇ ਦੱਸਿਆ ਕਿ ਸਬਜ਼ੀਆਂ ਦੀਆਂ 21 ਫ਼ਸਲਾਂ ਤੇ ਲਗਪਗ 30 ਖੇਤੀ ਵਿਗਿਆਨੀ ਕੰਮ ਕਰ ਰਹੇ ਹਨ। ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਸਬਜ਼ੀ ਵਿਭਾਗ ਵੱਲੋਂ ਸਬਜ਼ੀਆਂ ਦੀਆਂ ਕਿਸਮਾਂ ਤੇ ਦੋਗਲੀਆਂ ਕਿਸਮਾਂ ਤੇ ਕੀਤੀਆਂ ਖੋਜਾਂ ਤੇ ਚਾਨਣਾ ਪਾਇਆ। ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ:ਜਗਤਾਰ ਸਿੰਘ ਧੀਮਾਨ ਨੇ ਆਏ ਖੇਤੀ ਵਿਗਿਆਨੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰੀ ਵਸੋਂ ਵਧਣ ਦੇ ਮੱਦੇਨਜ਼ਰ ਸਬਜ਼ੀ ਕਾਸ਼ਤ ਦੀਆਂ ਸੰਭਾਵਨਾਵਾਂ ਦਿਨੋ ਦਿਨ ਵਧ ਰਹੀਆਂ ਹਨ। ਡਾ: ਧੀਮਾਨ ਨੇ ਬਦਲਦੀਆਂ ਤਾਪਮਾਨ ਸਥਿਤੀਆਂ ਅਨੁਸਾਰ ਬੀਮਾਰੀਆਂ ਤੇ ਕੀੜੇ ਮਕੌੜਿਆਂ ਨੂੰ ਕਾਬੂ ਕਰਨ ਲਈ ਵਿਗਿਆਨੀਆਂ ਅਤੇ ਕਿਸਾਨਾਂ ਨੂੰ ਵੱਖਰੇ ਦ੍ਰਿਸ਼ਟੀਕੋਨ ਤੋਂ ਯਤਨ ਜੁਟਾਉਣ ਦਾ ਸੁਝਾਅ ਦਿੱਤਾ।
ਇਸ ਮੌਕੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਖੋਜ ਕੋਆਰਡੀਨੇਟਰ ਡਾ: ਚਰਨਜੀਤ ਸਿੰਘ ਪਨੂੰ, ਸਬਜ਼ੀਆਂ ਵਿਭਾਗ ਦੇ ਮੁਖੀ ਪਰਮਜੀਤ ਸਿੰਘ ਨੇ ਵੀ ਸੰਬੋਧਨ ਕੀਤਾ।