ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ੍ਰੀ ਗੁਰੁ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੱਖ਼ਾਂ ਤੇ ਹਵਾਈ ਜ਼ਹਾਜ ਦੇ ਨੇੜੇ ਕ੍ਰਿਪਾਨ ਪਹਿਨ ਕੇ ਕੰਮ ਕਰਨ ‘ਤੇ ਲਾਈ ਗ਼ੈਰ ਕਾਨੂੰਨੀ ਪਾਬੰਦੀ ਫੌਰੀ ਹਟਾਉਣ ਦੀ ਮੰਗ ਕੀਤੀ ਹੈ ।ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਭੇਜੀ ਇਕ ਈ ਮੇਲ ਵਿਚ ਮੰਚ ਆਗੂ ਨੇ ਸੀ ਆਈ ਐਸ ਐਫ਼ ਦੇ ਉਸ ਅਧਿਕਾਰੀ ਵਿਰੁਧ ਬਣਦੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ,ਜਿਸ ਨੇ ਕਿ 28 ਅਪ੍ਰੈਲ ਨੂੰ ਅੰਮ੍ਰਿਤਧਾਰੀ ਸਿੰਘ ਸ. ਨਿਰਮਲ ਸਿੰਘ ਨੂੰ ਜ਼ਹਾਜ ਦੇ ਨੇੜੇ ਕ੍ਰਿਪਾਨ ਪਾ ਕੇ ਆਉਣ ਤੋਂ ਰੋਕਿਆ ਕਿਉਂਕਿ ਭਾਰਤੀ ਸਵਿਧਾਨ ਅਨੁਸਾਰ ਹਰੇਕ ਸਿੱਖ਼ 9 ਇੰਚ ਕ੍ਰਿਪਾਨ ਪਹਿਨ ਸਕਦਾ ਹੈ।ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਦੇਸ਼ ਦੀਆਂ ਅੰਦਰੂਨੀ ਉਡਾਣਾਂ ਵਿਚ ਯਾਤਰੂਆਂ ਨੂੰ 9 ਇੰਚ ਦੀ ਕ੍ਰਿਪਾਨ ਪਾ ਕੇ ਸਫ਼ਰ ਕਰਨ ਦੀ ਆਗਿਆ ਹੈ।
ਇਸ ਗ਼ੈਰ ਕਾਨੂੰਨੀ ਪਾਬੰਦੀ ਕਾਰਨ ਹਵਾਈ ਅੱਡੇ ‘ਤੇ ਕੰਮ ਕਰਦੇ 16 ਅੰਮ੍ਰਿਤਧਾਰੀ ਸਿੱਖ਼ ਭਾਰੀ ਮਾਨਸਿਕ ਪ੍ਰੇਸ਼ਾਨੀ ਵਿਚ ਹਨ।ਮੀਡੀਆ ਵਿਚ ਆਈਆਂ ਰਿਪੋਰਟਾਂ ਤੋਂ ਪਤਾ ਚਲਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਮਕੜ ਤੇ ਯੂਨਾਈਟਿਡ ਸਿੱਖ਼ਜ਼ ਵਲੋਂ ਲਿਖਤੀ ਸ਼ਕਾਇਤ ਕਰਨ ਦੇ ਬਾਵਜ਼ੂਦ ਵੀ ਇਹ ਗ਼ੈਰ ਕਾਨੂੰਨੀ ਪਾਬੰਦੀ ਜਾਰੀ ਹੈ। ਇਸ ਲਈ ਇਸ ਗ਼ੈਰ ਕਾਨੂੰਨੀ ਪਾਬੰਦੀ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਦੇ ਨਿੱਜ਼ੀ ਦਖ਼ਲ ਦੀ ਮੰਗ ਕੀਤੀ ਗਈ ਹੈ।
ਕ੍ਰਿਪਾਨ ਪਹਿਨ ਕੇ ਕੰਮ ਕਰਨ ‘ਤੇ ਲਾਈ ਗ਼ੈਰ ਕਾਨੂੰਨੀ ਪਾਬੰਦੀ ਫੌਰੀ ਹਟਾਉਣ ਲਈ ਪ੍ਰਧਾਨ ਮੰਤਰੀ ਦੇ ਦਖ਼ਲ ਦੀ ਮੰਗ
This entry was posted in ਪੰਜਾਬ.