ਲੁਧਿਆਣਾ – ਖੇਤੀਬਾੜੀ ਕਾਲਜ ਦੇ ਬੀ ਐਸ ਸੀ (ਖੇਤੀਬਾੜੀ) ਦੇ ਵਿਦਿਆਰਥੀਆਂ ਦੀ ਅਲਵਿਦਾਈ ਪਾਰਟੀ ਮੌਕੇ ਸੰਬੋਧਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਕਿਹਾ ਹੈ ਕਿ ਸਮਾਜਿਕ ਜ਼ਿੰਮੇਂਵਾਰੀ ਸੰਭਾਲੇ ਬਗੈਰ ਜ਼ਿੰਦਗੀ ਦਾ ਕੋਈ ਅਰਥ ਨਹੀਂ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੋਹਰ ਸਮਰਪਿਤ ਭਾਵਨਾ, ਅਣਖ, ਸਵੈ-ਮਾਣ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਹੈ। ਇਸ ਲਈ ਦੇਸ਼ ਜਾਂ ਵਿਦੇਸ਼ ਵਿੱਚ ਹਰ ਥਾਂ ਤੇ ਇਸ ਯੂਨੀਵਰਸਿਟੀ ਦੀ ਮੋਹਰ ਦਾ ਸਤਿਕਾਰ ਹੈ। ਉਨ੍ਹਾ ਆਖਿਆ ਕਿ ਹਰ ਵਿਦਿਆਰਥੀ ਅੰਦਰ ਅਥਾਹ ਸ਼ਕਤੀ ਹੁੰਦੀ ਹੈ ਜਿਸ ਨੂੰ ਉਸ ਦੀ ਸੰਸਥਾ ਨੇ ਸ਼ਿੰਗਾਰਨਾ ਤੇ ਸੰਵਾਰਨਾ ਹੁੰਦਾ ਹੈ। ਹੁਣ ਤੁਹਾਡੀ ਜ਼ਿੰਮੇਂਵਾਰੀ ਹੈ ਕਿ ਤੁਸੀਂ ਇਸ ਸਮਰੱਥਾ ਨੂੰ ਸਮਾਜ ਦੇ ਭਲੇ ਵਾਸਤੇ ਕਿੰਨੀ ਸ਼ਕਤੀ ਨਾਲ ਵਰਤਦੇ ਹੋ। ਇਸ ਮੌਕੇ ਵਿਦਿਆਰਥੀਆਂ ਨੇ ਨਾਚ, ਨਾਟਕ, ਗੀਤ ਅਤੇ ਮਾਡਲਿੰਗ ਰਾਹੀਂ ਆਪਣੇ ਸਖ਼ਸ਼ੀਅਤ ਦੇ ਵੱਖ-ਵੱਖ ਰੰਗ ਪ੍ਰਗਟ ਕੀਤੇ।
ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਆਏ ਮਹਿਮਾਨ ਅਤੇ ਵਿਦਿਆਰਥੀਆਂ ਦਾ ਸੁਆਗਤ ਕੀਤਾ। ਉਨ੍ਹਾਂ ਆਖਿਆ ਕਿ ਸਿੱਖਿਆ ਅਤੇ ਸਮਰਪਿਤ ਭਾਵਨਾ ਨਾਲ ਹੀ ਹਰਾ ਇਨਕਾਲਬ ਆਇਆ ਸੀ ਅਤੇ ਹੁਣ ਸਦਾਬਹਾਰ ਖੁਸ਼ਹਾਲੀ ਵਾਲੇ ਇਨਕਲਾਬ ਲਈ ਮੁੜ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਮਰਕੱਸਾ ਕਰਨਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪੁਸ਼ਪਿੰਦਰ ਸਿੰਘ ਔਲਖ ਤੋਂ ਇਲਾਵਾ ਕਈ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਹਾਜ਼ਰ ਸਨ।