ਚੰਡੀਗੜ੍ਹ- ਪੰਜਾਬ ਵਿੱਚ ਭਾਜਪਾ ਅੰਦਰ ਲਗੀ ਚੰਗਆਰੀ ਦੀਆਂ ਲਾਟਾਂ ਹੁਣ ਹੋਰ ਤੇਜ਼ ਹੋ ਗਈਆਂ ਹਨ। ਸਾਬਕਾ ਮੰਤਰੀ ਮੋਹਨ ਲਾਲ ਵਲੋਂ ਪੰਜਾਬ ਇਕਾਈ ਦੇ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਜਾਨ ਤੋਂ ਮਾਰ ਦੇਣ ਦੇ ਲਗਾਏ ਗਏ ਅਰੋਪ ਤੋਂ ਬਾਅਦ ਪਾਰਟੀ ਵਿੱਚ ਗਰੁੱਪਬਾਜ਼ੀ ਹੋਰ ਵੱਧ ਗਈ ਹੈ। ਮੰਤਰੀ ਪਦ ਦੇ ਅਹੁਦੇ ਤੋਂ ਹਟਾਏ ਗਏ ਨੇਤਾਵਾਂ ਦੇ ਬਿਆਨਾਂ ਨਾਲ ਹਾਈਕਮਾਨ ਨੂੰ ਵੀ ਫਿਕਰ ਪਏ ਹੋਏ ਹਨ।
ਮਾਸਟ ਮੋਹਨ ਲਾਲ ਦੇ ਸਮਰਥਕਾਂ ਦੁਆਰਾ ਕੀਤੇ ਜਾ ਰਹੇ ਹੰਗਾਮੇ ਦਾ ਸ਼ਾਂਤਾ ਕੁਮਾਰ ਨੇ ਸਖਤ ਨੋਟਿਸ ਲਿਆ ਹੈ ਅਤੇ ਇਸ ਬਾਰੇ ਪੂਰੀ ਰਿਪੋਰਟ ਮੰਗੀ ਹੈ। ਮਨੋਰੰਜਨ ਕਾਲੀਆ ਅਤੇ ਮਾਸਟਰ ਮੋਹਨ ਲਾਲ ਮੰਤਰੀ ਪਦ ਖੁਸਣ ਕਰਕੇ ਬਹੁਤ ਨਰਾਜ਼ ਹਨ। ਉਹ ਪਾਰਟੀ ਦੇ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ। ਉਹ ਇਸ ਗੱਲ ਤੇ ਵੀ ਨਰਾਜ਼ ਹਨ ਕਿ ਜੇ ਸੱਭ ਮੰਤਰੀਆਂ ਨੂੰ ਅਸਤੀਫ਼ੇ ਦੇਣ ਲਈ ਕਿਹਾ ਗਿਆ ਸੀ ਤਾਂ ਉਨ੍ਹਾਂ ਵਿਚੋਂ ਦੋ ਮੰਤਰੀਆਂ ਨੂੰ ਦੁਬਾਰਾ ਮੰਤਰੀਮੰਡਲ ਵਿੱਚ ਕਿਉਂ ਸ਼ਾਮਿਲ ਕੀਤਾ ਗਿਆ ਹੈ। ਇਸ ਨਾਲ ਉਨ੍ਹਾਂ ਦੀ ਛਵੀ ਜਨਤਾ ਵਿੱਚ ਖਰਾਬ ਹੁੰਦੀ ਹੈ।
ਮਾਸਟਰ ਮੋਹਨ ਲਾਲ ਅਤੇ ਕਾਲੀਆ ਜਿਸ ਤਰ੍ਹਾਂ ਪਾਰਟੀ ਦੇ ਮੁੱਖ ਨੇਤਾਵਾਂ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ, ਉਸ ਨਾਲ ਨੇਤਾ ਖੁਸ਼ ਨਹੀਂ ਹਨ। ਸਾਰੀ ਰਿਪੋਰਟ ਪਾਰਟੀ ਹਾਈ ਕਮਾਨ ਨੂੰ ਭੇਜ ਦਿੱਤੀ ਗਈ ਹੈ। ਹਾਈ ਕਮਾਨ ਤੇ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਦੋਵਾਂ ਲੀਡਰਾਂ ਤੇ ਕਾਰਵਾਈ ਕੀਤੀ ਜਾਵੇ। ਅਸ਼ਵਨੀ ਕੁਮਾਰ ਨੇ ਮੋਹਨ ਲਾਲ ਵਲੋਂ ਲਗਾਏ ਗਏ ਅਰੋਪਾਂ ਤੇ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕੀਤਾ ਹੈ।