ਫਤਿਹਗੜ੍ਹ ਸਾਹਿਬ:- “ਜਿਵੇ ਤਾਲਿਬਾਨ ਆਗੂ ਸ੍ਰੀ ਬਿਨ ਲਾਦੇਨ ਦੇ ਮਾਮਲੇ ਉੱਤੇ ਪਾਕਿਸਤਾਨ ਹਕੂਮਤ ਅਮਰੀਕਾ ਨਾਲ ਮਿਲੀ ਹੋਈ ਹੈ ਅਤੇ ਪਾਕਿਸਤਾਨ ਨਿਵਾਸੀਆਂ ਨੂੰ ਗੁੰਮਰਾਹ ਕਰਨ ਲਈ ਅਮਰੀਕਾ ਨੂੰ ਅਖਬਾਰੀ ਧਮਕੀਆਂ ਵੀ ਦੇ ਰਹੀ ਹੈ ਅਤੇ ਜਿਵੇ 1984 ਵਿੱਚ ਰਵਾਇਤੀ ਸਿੱਖ ਲੀਡਰਸਿਪ ਸ: ਬਾਦਲ, ਮਰਹੂਮ ਗੁਰਚਰਨ ਸਿੰਘ ਟੌਹੜਾ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਬਲਿਊ ਸਟਾਰ ਕਰਵਾਉਣ ਲਈ ਗੁਪਤ ਤੌਰ ‘ਤੇ ਪ੍ਰਵਾਨਗੀ ਵੀ ਦੇ ਦਿੱਤੀ ਸੀ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਇਹ ਲੀਡਰਸਿਪ ਉਸ ਸਮੇ ਬਿਆਨਬਾਜ਼ੀ ਕਰ ਰਹੀ ਸੀ ਕਿ ਜੇਕਰ ਹਿੰਦ ਹਕੂਮਤ ਨੇ ਫੌਜੀ ਹਮਲਾ ਕੀਤਾ ਤਾਂ ਫੌਜਾਂ ਸਾਡੀਆਂ ਲਾਸ਼ਾਂ ਉਤੋ ਗੁਜ਼ਰ ਕੇ ਜਾਣਗੀਆਂ, ਠੀਕ ਉਸੇ ਤਰ੍ਹਾ ਹਾਂਸੀ-ਬੁਟਾਣਾ ਨਹਿਰ ਉੱਤੇ ਹਰਿਆਣੇ ਦੀ ਹਕੂਮਤ ਵੱਲੋ ਬਣਾਏ ਜਾ ਰਹੇ ਬੰਨ-ਦੀਵਾਰ ਦੀ ਪ੍ਰਵਾਨਗੀ ਪੰਜਾਬ ਦੀ ਬਾਦਲ ਹਕੂਮਤ ਨੇ ਸੈਟਰ ਦੇ ਜਲ ਯੋਜਨਾ ਵਿਭਾਗ ਨੂੰ ਖੁਦ ਦਿੱਤੀ ਹੈ। ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਹੁਣ ਅਖਬਾਰੀ ਗਿੱਦੜ ਭਬਕੀਆਂ ਵੀ ਮਾਰ ਰਹੀ ਹੈ। ਜਿਸ ਨਾਲ ਪੰਜਾਬ ਦੀ ਬਾਦਲ ਹਕੂਮਤ ਦੀ ਅਸਲ ਬਿੱਲੀ ਪੂਰਨ ਰੂਪ ਵਿੱਚ ਥੈਲਿਓ ਬਾਹਰ ਆ ਚੁੱਕੀ ਹੈ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਬਾਦਲ ਹਕੂਮਤ ਦੀ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਕੀਤੇ ਜਾ ਰਹੇ ਅਮਲਾਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਗੁਰਬਾਣੀ ਦੇ ਸ਼ਬਦ “ਭੇਖ ਦਿਖਾਵੈ ਸੱਚ ਨਾ ਕਮਾਵੈ” ਇਨ੍ਹਾ ਬਾਦਲ ਦਲੀਆਂ ਉੱਤੇ ਪੂਰੇ ਢੁੱਕਦੇ ਹਨ। ਜਿਨ੍ਹਾ ਦੀ ਕਹਿਣੀ ਕੁਝ ਹੈ ਅਤੇ ਅਮਲ ਕੁਝ ਹਨ। ਉਨ੍ਹਾ ਕਿਹਾ ਕਿ ਇਸ ਮਾਲੀ, ਨਿੱਜੀ ਅਤੇ ਪਰਿਵਾਰਿਕ ਸਵਾਰਥਾਂ ਵਿੱਚ ਡੁੱਬੀ ਰਵਾਇਤੀ ਲੀਡਰਸਿ਼ਪ ਦਾ ਇੱਕੋ ਇੱਕ ਮੁੱਖ ਨਿਸ਼ਾਨਾ ਹੈ ਕਿ ਪੰਜਾਬ ਦੀ ਸਿਆਸੀ ਅਤੇ ਐਸ ਜੀ ਪੀ ਸੀ ਦੀ ਧਾਰਮਿਕ ਹਕੂਮਤ ‘ਤੇ ਕਬਜ਼ਾ ਕਾਇਮ ਰੱਖਿਆ ਜਾਵੇ, ਇਸਦੀ ਪ੍ਰਾਪਤੀ ਲਈ ਭਾਵੇ ਪੰਜਾਬ ਦੇ ਕਰੋੜਾਂ-ਅਰਬਾਂ ਰੁਪਏ ਦੇ ਮਾਲੀ ਸਾਧਨਾਂ ਦੀ ਲੁੱਟ ਖਸੁੱਟ ਜਾਂ ਸੂਬੇ ਅਤੇ ਸਿੱਖ ਕੌਮ ਦਾ ਕਿੰਨਾ ਵੀ ਨੁਕਸਾਨ ਕਿਉ ਨਾ ਹੋ ਜਾਵੇ? ਸ: ਮਾਨ ਨੇ ਕਿਹਾ ਕਿ ਸਿੱਖ ਕੌਮ ਦੀ ਹੁਕਮਰਾਨਾਂ ਵੱਲੋ ਮੰਦਭਾਵਨਾ ਅਧੀਨ ਬਣਾਈ ਗਈ ਕਾਲੀ ਸੂਚੀ ਦੇ ਮੁੱਦੇ ਉੱਤੇ ਵੀ ਇਹ ਸੂਚੀ ਬਣਾਉਦੇ ਹੋਏ ਬਾਦਲ ਹਕੂਮਤ ਨੇ ਹਿੰਦੂਤਵ ਹਕੂਮਤ ਨੂੰ ਹਰ ਤਰ੍ਹਾ ਸਹਿਯੋਗ ਕੀਤਾ ਸੀ ਅਤੇ ਅੱਜ ਇਹ ਲੋਕ ਕਾਲੀ ਸੂਚੀ ਵਿੱਚੋ ਸਿੱਖਾਂ ਦੇ ਨਾਮ ਕਢਵਾਉਣ ਦਾ ਅਖਬਾਰੀ ਪ੍ਰਚਾਰ ਕਰਕੇ ਆਪਣੇ ਆਪ ਨੂੰ ਸਿੱਖ ਕੌਮ ਦਾ ਖੈਰ-ਗਵਾਹ ਸਾਬਿਤ ਕਰਨਾ ਲੋਚਦੇ ਹਨ। ਉਨ੍ਹਾ ਪ੍ਰਸ਼ਨ ਕੀਤਾ ਕਿ ਜੇਕਰ ਉਹ ਕਾਲੀ ਸੂਚੀ ਵਿੱਚੋ ਸਿੱਖਾਂ ਦੇ ਨਾਮ ਕਢਵਾਉਣ ਦਾ ਇਵਜ਼ਾਨਾ ਲੈਣਾ ਚਾਹੁੰਦੇ ਹਨ ਤਾਂ 169 ਨਾਵਾਂ ਦੀ ਸੂਚੀ ਵਿੱਚੋ ਫਿਰ 27 ਸਿੱਖਾਂ ਦੇ ਨਾਮ ਕਿਸ ਤਰ੍ਹਾ ਰਹਿ ਗਏ? ਉਨ੍ਹਾ ਕਿਹਾ ਕਿ ਕਾਲੀ ਸੂਚੀ ਵਿੱਚ ਬਾਕੀ ਰਹਿ ਗਏ 27 ਨਾਵਾਂ ਲਈ ਇਹ ਰਵਾਇਤੀ ਲੀਡਰਸਿ਼ਪ ਹੀ ਮੁੱਖ ਜਿ਼ੰਮੇਵਾਰ ਹੈ, ਜੋ ਸਿੱਖ ਕੌਮ ਦੇ ਕਿਸੇ ਵੀ ਮੁੱਦੇ ਨੂੰ ਬਾਦਲੀਲ ਦ੍ਰਿੜਤਾ ਨਾਲ ਪੇਸ਼ ਕਰਨ ਦੇ ਨਾ ਤਾਂ ਸਮਰੱਥ ਹੈ ਅਤੇ ਨਾ ਹੀ ਸੰਜੀਦਾ ਹੁੰਦੀ ਹੈ। ਜੇਕਰ ਅੱਜ 142 ਨਾਮ ਕਾਲੀ ਸੂਚੀ ਵਿੱਚੋ ਕੱਢਣ ਲਈ ਹਿੰਦੂਤਵ ਹਕੂਮਤ ਨੂੰ ਮਜ਼ਬੂਰ ਹੋਣਾ ਪਿਆ ਹੈ ਤਾਂ ਇਹ ਸਿੱਖ ਕੌਮ ਦੀ ਕੌਮਾਂਤਰੀ ਪੱਧਰ ‘ਤੇ ਉੱਠੀ ਆਵਾਜ਼ ਦੀ ਬਦੌਲਤ ਹੋਇਆ ਹੈ ਨਾ ਕਿ “ਮਗਰਮੱਛ ਦੇ ਹੰਝੂ ਵਹਾਉਣ” ਵਾਲੀ ਇਹ ਅਖੌਤੀ ਲੀਡਰਸਿ਼ਪ ਦੀ ਬਦੌਲਤ। ਉਨ੍ਹਾ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਵਚਨ ਕਰਕੇ ਅੱਜ ਸਿੱਖ ਕੌਮ ਦੀ ਇਸ ਮੰਗ ਨੂੰ ਪੂਰਨ ਕਰਨ ਤੋ ਕਿਉਂ ਡਰ ਰਹੀ ਹੈ? ਸ: ਮਾਨ ਨੇ ਪੰਜਾਬ ਦੀ ਮੌਜੂਦਾ ਬਾਦਲ ਹਕੂਮਤ ਦੇ ਆਗੂਆਂ ਨੂੰ ਪ੍ਰਸ਼ਨ ਕਰਦੇ ਹੋਏ ਕਿਹਾ ਕਿ ਉਨ੍ਹਾ ਨੇ ਆਪਣੇ ਪਰਿਵਾਰਿਕ ਅਤੇ ਨਿੱਜੀ ਮੁਫਾਦਾਂ ਦੀ ਪੂਰਤੀ ਕਰਨ ਤੋ ਬਿਨ੍ਹਾ ਸੈਟਰ ਤੋ ਜੇ ਕੋਈ ਪ੍ਰਾਪਤੀ ਕੀਤੀ ਹੈ, ਉਹ ਸਿੱਖ ਕੌਮ ਸਾਹਮਣੇ ਰੱਖਣ।