ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਧਰਮਪਤਨੀ ਸ੍ਰੀਮਤੀ ਸੁਰਿੰਦਰ ਕੌਰ ਗੁਰੂ ਮਹਾਰਾਜ ਵਲੋਂ ਬਖਸ਼ੇ ਹੋਏ ਸਵਾਸ ਪੂਰੇ ਕਰਕੇ ਮੰਗਲਵਾਰ ਸਵੇਰੇ ਪੀਜੀ ਆਈ ਵਿੱਚ ਸਵਰਗ ਸਿਧਾਰ ਗਏ ਹਨ। ਉਹ ਪਿੱਛਲੇ ਦਸ ਦਿਨਾਂ ਤੋਂ ਪੀਜੀਆਈ ਆਈ ਵਿੱਚ ਭਰਤੀ ਸਨ। ਮੰਗਲਵਾਰ ਦੁਪਹਿਰ ਦੇ ਦੋ ਵਜੇ ਸ੍ਰੀਮਤੀ ਸੁਰਿੰਦਰ ਕੌਰ ਦੇ ਅੰਤਿਮ ਸਵਾਸ ਪੂਰੇ ਹੋ ਗਏ। ਸੁਰਿੰਦਰ ਕੌਰ ਬਰੇਨ ਟਿਊਮਰ ਨਾਲ ਪੀੜਤ ਸੀ। ਪਿੱਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਅਮਰੀਕਾ ਵਿੱਚ ਵੀ ਇਲਾਜ ਹੋਇਆ ਸੀ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਸੀ। ਫਿਰ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ। ਉਹ ਪਿੱਛਲੇ ਕੁਝ ਦਿਨਾਂ ਤੋਂ ਆਈਸੀਯੂ ਵਿੱਚ ਭਰਤੀ ਸਨ ਅਤੇ ਲਾਈਫ਼ ਸਪੋਰਟਿੰਗ ਸਿਸਟਮ ਤੇ ਸਨ। ਮੁੱਖਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਪਿੱਛਲੇ ਦਸ ਦਿਨਾਂ ਤੋਂ ਸੁਰਿੰਦਰ ਕੌਰ ਦੇ ਨਾਲ ਹੀ ਪੀਜੀਆਈ ਵਿੱਚ ਸਨ। ੳਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਬਾਦਲ ਵਿੱਚ ਕੀਤਾ ਜਾਵੇਗਾ। ਅੰਤਿਮ ਸਮੇਂ ਉਨ੍ਹਾਂ ਕੋਲ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ ਅਤੇ ਪਰੀਵਾਰ ਦੇ ਮੈਂਬਰ ਮੌਜੂਦ ਸਨ।